ਤਰਨਤਾਰਨ - ਤਰਨਤਾਰਨ ਜ਼ਿਮਨੀ ਇਲੈਕਸ਼ਨ ਦੇ ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖ਼ਾਲਸਾ ਦੀ ਹਮਾਇਤ ਵਿੱਚ ਪਿੰਡ ਹਰਬੰਸਪੁਰਾ ਵਿਖੇ ਜੋਨ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਪੱਧਰੀ ਦੀ ਅਗਵਾਈ ਵਿੱਚ ਇਕ ਵੱਡੀ ਪੰਥਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਉੱਤੇ ਵਿਸ਼ੇਸ਼ ਤੌਰ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਦਇਆ ਸਿੰਘ ਜੀ, ਭਾਈ ਹਰਪ੍ਰੀਤ ਸਿੰਘ ਸਮਾਧਭਾਈ, ਭਾਈ ਚਰਨਜੀਤ ਸਿੰਘ ਜੀ ਗਾਲਿਬ, ਭਾਈ ਜਗਜੀਤ ਸਿੰਘ ਜੀ, ਬਾਬਾ ਕੁਲਵਿੰਦਰ ਸਿੰਘ ਜੀ, ਭਾਈ ਲਖਬੀਰ ਸਿੰਘ ਜੀ, ਜਥੇਦਾਰ ਹਰਪ੍ਰੀਤ ਸਿੰਘ ਜੀ, ਭਾਈ ਕੁਲਵਿੰਦਰ ਸਿੰਘ ਜੀ ਕਿੰਦਾ, ਭਾਈ ਸੁਖਬੀਰ ਸਿੰਘ ਚੀਮਾਂ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਸਵਿੰਦਰ ਸਿੰਘ ਸਾਂਘਣਾਂ, ਭਾਈ ਜਸਵਿੰਦਰ ਸਿੰਘ ਜੱਸਾ, ਬੂਟਾ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਬਾਬਾ ਦੀਵਾਨ ਸਿੰਘ ਜੀ ਕਾਮਰੇਡ, ਰਣਜੀਤ ਸਿੰਘ ਬਰੈਸਟ, ਭਾਈ ਨਾਨਕ ਸਿੰਘ ਜੀ, ਭਾਈ ਕੰਵਲਜੀਤ ਸਿੰਘ ਜੀ, ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਰਿਹਾ। ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਅੱਜ ਸਿੱਖ ਪੰਥ ਲਈ ਸਭ ਤੋਂ ਵੱਡੀ ਲੋੜ ਏਕਤਾ ਦੀ ਹੈ। ਜਦੋਂ ਪੰਥ ਇਕ ਹੋ ਕੇ ਗੁਰੂ ਦੇ ਮਾਰਗ ਤੇ ਚੱਲਦਾ ਹੈ ਤਾਂ ਕੋਈ ਤਾਕਤ ਉਸਦਾ ਨੁਕਸਾਨ ਨਹੀਂ ਕਰ ਸਕਦੀ।" ਉਹਨਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮਕਸਦ ਸਿਰਫ਼ ਚੋਣਾਂ ਜਿੱਤਣਾ ਨਹੀਂ, ਸਗੋਂ ਪੰਥਕ ਸਿਧਾਂਤਾਂ ਰਾਹੀਂ ਲੋਕਾਂ ਦਾ ਆਤਮ-ਵਿਸ਼ਵਾਸ ਤੇ ਸਨਮਾਨ ਮੁੜ ਕਾਇਮ ਕਰਨਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੋਖੇਬਾਜ਼ ਸਰਕਾਰਾਂ ਦੇ ਜਾਲ ਤੋਂ ਬਾਹਰ ਨਿਕਲ ਕੇ ਗੁਰੂ-ਪੰਥ ਦੇ ਰਾਹ ‘ਤੇ ਚੱਲਣ ਤੇ ਸੱਚੀ ਪੰਥਕ ਤਾਕਤ ਨੂੰ ਮਜ਼ਬੂਤ ਕਰਨ। ਇਸ ਤੋਂ ਬਾਅਦ ਭਾਈ ਮਨਦੀਪ ਸਿੰਘ ਖ਼ਾਲਸਾ ਨੇ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਬੇਨਕਾਬ ਕਰਦਿਆਂ ਕਿਹਾ ਕਿ “ਜਿਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ, ਬੇਰੁਜ਼ਗਾਰੀ ਅਤੇ ਕਰਜ਼ੇ ਵਿੱਚ ਡੋਬਿਆ, ਉਹ ਹੁਣ ਦੁਬਾਰਾ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਭੁਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਹੁਣ ਪੰਜਾਬ ਦਾ ਨੌਜਵਾਨ ਜਾਗ ਚੁੱਕਾ ਹੈ।” ਉਹਨਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਇਕ ਨਵੀਂ ਸੋਚ ਤੇ ਸੱਚੇ ਪੰਥਕ ਆਧਾਰ ਤੇ ਖੜ੍ਹੀ ਤਾਕਤ ਹੈ, ਜਿਸਦਾ ਮਿਸ਼ਨ ਸਿਆਸਤ ਨਹੀਂ ਸੇਵਾ ਹੈ। ਭਾਈ ਮਨਦੀਪ ਸਿੰਘ ਨੇ ਕਿਹਾ ਕਿ ਇਹ ਚੋਣ ਸਿਰਫ਼ ਇਕ ਉਮੀਦਵਾਰ ਦੀ ਨਹੀਂ, ਸਗੋਂ ਸੱਚ ਤੇ ਝੂਠ, ਪੰਥਕ ਵਿਚਾਰਧਾਰਾ ਤੇ ਰਾਜਨੀਤਕ ਲਾਲਚ ਵਿਚਕਾਰ ਦੀ ਲੜਾਈ ਹੈ, ਜਿਸ ਵਿੱਚ ਜਿੱਤ ਸੱਚ ਦੀ ਹੋਣੀ ਹੀ ਹੈ।