ਤਰਨਤਾਰਨ-ਅਕਾਲੀ ਦਲ ( ਵਾਰਿਸ ਪੰਜਾਬ ਦੇ ) ਸੀਨੀਅਰ ਆਗੂ ਅਤੇ ਉੱਘੇ ਲੇਖਕ ਸ੍ਰ ਬਾਬੂ ਸਿੰਘ ਬਰਾੜ ਨੇ ਸ਼ਮਸ਼ੇਰ ਸਿੰਘ ਪੱਧਰੀ ਦੁਆਰਾ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਕਿਹਾ ਕਿ ਮੌਜੂਦਾ ਸਰਕਾਰ ਆਪਣੀ ਨਾਕਾਮੀ ਦੇ ਰਿਕਾਰਡ ਤੋੜ ਚੁੱਕੀ ਹੈ। ਲੋਕਾਂ ਦੀਆਂ ਵੋਟਾਂ ਨਾਲ ਬਣੀ ਇਹ ਸਰਕਾਰ ਹੁਣ ਲੋਕਾਂ ਦੀ ਦੁਸ਼ਮਣ ਬਣ ਚੁੱਕੀ ਹੈ। ਜਿਨ੍ਹਾਂ ਨੇ ਲੋਕਾਂ ਨੂੰ ਸੁਪਨੇ ਵਿਖਾ ਕੇ ਵੋਟਾਂ ਲੈ ਲਈਆਂ, ਉਹੀ ਅੱਜ ਜਨਤਾ ਦੇ ਦਰਦ ਤੇ ਮੁਸ਼ਕਲਾਂ ਤੋਂ ਬੇਖ਼ਬਰ ਹਨ। ਸ੍ਰ ਬਰਾੜ ਨੇ ਕਿਹਾ ਕਿ ਕਿਸਾਨ ਖੇਤਾਂ ਵਿੱਚ ਤਬਾਹ ਹੋ ਰਿਹਾ ਹੈ, ਨੌਜਵਾਨ ਨਸ਼ੇ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ, ਤੇ ਘਰ-ਘਰ ਚ ਮਹਿੰਗਾਈ ਦੀ ਮਾਰ ਨੇ ਆਮ ਆਦਮੀ ਦਾ ਜੀਵਨ ਔਖਾ ਕਰ ਦਿੱਤਾ ਹੈ। ਜਿਹੜੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸਮੇਂ ’ਤੇ ਤਨਖਾਹ ਨਹੀਂ ਦੇ ਸਕਦੀ, ਹਸਪਤਾਲਾਂ ਵਿੱਚ ਦਵਾਈ ਨਹੀਂ ਦੇ ਸਕਦੀ, ਸਕੂਲਾਂ ਵਿੱਚ ਅਧਿਆਪਕ ਨਹੀਂ ਰੱਖ ਸਕਦੀ ਉਹ ਲੋਕਾਂ ਦੀ ਸਰਕਾਰ ਨਹੀਂ, ਸਿਰਫ਼ ਇਕ ਪ੍ਰਚਾਰਬਾਜ਼ ਮਸ਼ੀਨ ਹੈ। ਉਹਨਾਂ ਕਿਹਾ ਕਿ ਹਰ ਦਿਨ ਨਵੇਂ ਝੂਠੇ ਐਲਾਨ ਹੁੰਦੇ ਹਨ, ਪਰ ਜ਼ਮੀਨੀ ਹਾਲਾਤ ਹਰ ਰੋਜ਼ ਹੋਰ ਮਾੜੇ ਹੋ ਰਹੇ ਹਨ। ਕਿਸਾਨ ਆਪਣੀ ਫਸਲ ਵੇਚਣ ਲਈ ਤੜਫ ਰਿਹਾ ਹੈ, ਨੌਜਵਾਨ ਪਰਵਾਸ ਲਈ ਲਾਈਨ ਵਿੱਚ ਖੜਾ ਹੈ, ਤੇ ਔਰਤਾਂ ਮਹਿੰਗਾਈ ਹੇਠ ਘਰ ਦਾ ਚੁੱਲ੍ਹਾ ਬੁਝਾਉਣ ਲਈ ਮਜਬੂਰ ਹਨ। ਸ੍ਰ ਬਾਬੂ ਸਿੰਘ ਬਰਾੜ ਨੇ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ਼ ਸਰਕਾਰਾਂ ਦੀ ਆਲੋਚਨਾ ਕਰਨ ਵਾਲੀ ਪਾਰਟੀ ਨਹੀਂ, ਸਗੋਂ ਹੱਲ ਪੇਸ਼ ਕਰਨ ਵਾਲੀ ਪੰਥਕ ਤੇ ਲੋਕਤੰਤਰਕ ਤਾਕਤ ਹੈ। ਸਾਡਾ ਮਕਸਦ ਤਖ਼ਤਾਂ ਨੂੰ ਹਿਲਾਉਣਾ ਨਹੀਂ, ਸਿਸਟਮ ਨੂੰ ਜਗਾਉਣਾ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਆਪਣੀ ਤਾਕਤ ਪਛਾਨਣ ਕਿਉਂਕਿ ਜਦੋਂ ਜਨਤਾ ਜਾਗਦੀ ਹੈ, ਤਾਂ ਕੋਈ ਵੀ ਜ਼ਾਲਿਮ ਸਰਕਾਰ ਆਪਣੀ ਕੁਰਸੀ ਨਹੀਂ ਬਚਾ ਸਕਦੀ। ਭਾਈ ਬਰਾੜ ਨੇ ਆਖ਼ਰ ਵਿੱਚ ਕਿਹਾ ਕਿ ਪੰਜਾਬ ਨੂੰ ਹੁਣ ਝੂਠੀਆਂ ਸਿਆਸਤਾਂ ਨਹੀਂ, ਸੱਚ ਤੇ ਸਿੱਖੀ ਅਸੂਲਾਂ ਤੇ ਆਧਾਰਤ ਰਾਜਨੀਤਕ ਇਨਕਲਾਬ ਦੀ ਲੋੜ ਹੈ।