ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦੁਰ ਇੰਸਟੀਚਿਊਟ ਆਫ ਟੈਕਨੋਲੋਜੀ, ਗੁਰੂ ਤੇਗ ਬਹਾਦੁਰ ਫੋਰਥ ਸੈਨੇਟਰੀ ਇੰਜੀਨੀਅਰਿੰਗ ਕਾਲਜ, ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਦੇ ਸਾਂਝੇ ਉਪਰਾਲੇ ਨਾਲ “ਰੰਗਰੇਟਾ ਗੁਰੂ ਦਾ ਬੇਟਾ” ਬਾਈਕ/ਸਕੂਟਰ ਰਾਈਡ ਦਾ ਆਯੋਜਨ ਕੀਤਾ ਗਿਆ। ਇਹ ਰਾਈਡ ਸਵੇਰੇ 10:30 ਵਜੇ ਗੁਰੂ ਤੇਗ ਬਹਾਦੁਰ ਇੰਸਟੀਚਿਊਟ ਆਫ ਟੈਕਨੋਲੋਜੀ, ਹਰੀ ਨਗਰ ਤੋਂ ਸ਼ੁਰੂ ਹੋਈ ਅਤੇ ਨੇੜਲੇ ਇਲਾਕਿਆਂ ਤੋਂ ਹੋਂਦੀ ਹੋਈ ਮੁੜ ਉਥੇ ਹੀ ਸਮਾਪਤ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਬਾਈਕ ਰਾਈਡ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰਾਈਡ ਵਿੱਚ ਗੁਰੂ ਤੇਗ ਬਹਾਦੁਰ ਇੰਜੀਨੀਅਰਿੰਗ ਕਾਲਜ ਦੀ ਚੇਅਰਪਰਸਨ ਬੀਬੀ ਰਣਜੀਤ ਕੌਰ, ਕੋ-ਚੇਅਰਮੈਨ ਅਮਰਜੀਤ ਸਿੰਘ (ਫਤਹ ਨਗਰ), ਡਾਇਰੈਕਟਰ ਰਮਿੰਦਰ ਕੌਰ ਰੰਧਾਵਾ, ਫੋਰਥ ਸੈਨੇਟਰੀ ਕਾਲਜ ਦੇ ਚੇਅਰਮੈਨ ਹਰਜੀਤ ਸਿੰਘ ਪੱਪਾ, ਭੁਪਿੰਦਰ ਸਿੰਘ ਗਿੰਨੀ, ਕਮੇਟੀ ਮੈਂਬਰ ਇੰਦਰਪ੍ਰੀਤ ਸਿੰਘ ਕੋਛੜ, ਜਸਪ੍ਰੀਤ ਸਿੰਘ ਵਿਕੀ ਮਾਨ, ਸਮੇਤ ਹੋਰ ਪ੍ਰਸਿੱਧ ਸ਼ਖਸੀਆਤਾਂ, ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਜਿੱਥੇ ਪੂਰਾ ਦੇਸ਼ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਆਪਣੇ-ਆਪਣੇ ਢੰਗ ਨਾਲ ਮਨਾ ਰਿਹਾ ਹੈ, ਉਥੇ ਦਿੱਲੀ ਕਮੇਟੀ ਦੇ ਸਾਰੇ ਕਾਲਜ, ਜੋ ਗੁਰੂ ਤੇਗ ਬਹਾਦੁਰ ਜੀ ਦੇ ਨਾਮ ‘ਤੇ ਚਲਦੇ ਹਨ, ਨੇ ਮਿਲ ਕੇ ਇਸ ਬਾਈਕ ਰਾਈਡ ਦਾ ਆਯੋਜਨ ਕੀਤਾ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਕਈ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਮੌਕੇ ‘ਤੇ ਕਾਲਜ ਪਰਿਸਰ ਵਿੱਚ ਬਣੇ “ਸ਼ਹੀਦੀ ਪਥ” ਦਾ ਉਦਘਾਟਨ ਵੀ ਕੀਤਾ ਗਿਆ, ਜਿਸ ਵਿੱਚ ਗੁਰੂ ਜੀ ਦੇ ਪ੍ਰਕਾਸ਼ ਤੋਂ ਲੈ ਕੇ ਸ਼ਹੀਦੀ ਤੱਕ ਦਾ ਸਫਰ ਤਸਵੀਰੀ ਪ੍ਰਦਰਸ਼ਨੀ ਅਤੇ ਇਤਿਹਾਸਕ ਜਾਣਕਾਰੀ ਰਾਹੀਂ ਦਰਸਾਇਆ ਗਿਆ ਹੈ।