ਅੰਮ੍ਰਿਤਸਰ-ਇਤਿਹਾਸਕ ਖ਼ਾਲਸਾ ਕਾਲਜ ਵਿਖੇ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ-2025’ ਦੀ ਸ਼ੁਰੂਆਤ 15 ਨਵੰਬਰ ਨੂੰ ਹੋਵੇਗੀ। 15 ਤੋਂ 19 ਨਵੰਬਰ ਤੱਕ 5 ਦਿਨਾਂ ਤੱਕ ਚੱਲਣ ਵਾਲੇ ਉਕਤ ਮੇਲੇ ਦੀ ਪ੍ਰਧਾਨਗੀ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਕਰਨਗੇ। ਇਸ ਮੇਲੇ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਕਰਮਜੀਤ ਸਿੰਘ ਮੁੱਖ ਮਹਿਮਾਨ ਅਤੇ ਸ: ਨਵਦੀਪ ਸਿੰਘ ਸੂਰੀ, ਆਈ. ਐੱਫ. ਐੱਸ. ਸਾਬਕਾ ਅੰਬੈਸਡਰ ਯੂ. ਏ. ਈ. ਅਤੇ ਹਾਈ ਕਮਿਸ਼ਨਰ ਆਸਟਰੇਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਦਕਿ ਖ਼ਾਲਸਾ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਮੁੱਖ ਵਕਤਾ ਦੇ ਤੌਰ ’ਤੇ ਸ਼ਾਮਿਲ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਉਕਤ ਮੇਲਾ ਸਾਡੇ ਕਾਲਜ ਦਾ ਇਕ ਜਰੂਰੀ, ਮਹੱਤਵਪੂਰਨ ਅਤੇ ਪਛਾਣ ਵਾਲਾ ਈਵੈਂਟ ਬਣ ਗਿਆ ਹੈ। ਦੇਸ਼ ਵਿਦੇਸ਼ ਵਿਚ ਵੱਸਦੇ ਸਾਹਿਤਕਾਰ ਅਤੇ ਪੰਜਾਬੀ ਪਿਆਰੇ ਇਸ ਦੀਆਂ ਤਾਰੀਕਾਂ ਅਨੁਸਾਰ ਆਪਣੀ ਅੰਮ੍ਰਿਤਸਰ/ਭਾਰਤ ਫੇਰੀ ਨੂੰ ਨਿਯੋਜਿਤ ਕਰਦੇ ਹਨ। ਇਸ ਮਹੱਤਵਪੂਰਨ ਈਵੈਂਟ ਦੀ ਤਿਆਰੀ ਅਤੇ ਸਫਲਤਾ ਲਈ ਕਾਲਜ ਦੇ ਲਗਭਗ ਸਾਰੇ ਵਿਭਾਗ ਪੰਜਾਬੀ ਵਿਭਾਗ ਦੀ ਮਦਦ ਕਰ ਰਹੇ ਹਨ।
ਮੇਲੇ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਬਣਾ ਕੇ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਲਾਕਾ ਨਿਵਾਸੀਆਂ ਤੱਕ ਮੇਲੇ ਦੀ ਜਾਣਕਾਰੀ ਦੇਣ ਲਈ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਪੰਜ ਦਿਨ ਚੱਲਣ ਵਾਲੇ ਮੇਲੇ ਦੌਰਾਨ ਹਰ ਦਿਨ ਵੱਖ-ਵੱਖ ਕਿਸਮ ਦੇ ਸਾਹਿਤਕ ਸਮਾਗਮ ਹੋਣਗੇ ਜਿਸ ’ਚ ਪਹਿਲੇ ਦਿਨ 15 ਨਵੰਬਰ ਨੂੰ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਸ: ਛੀਨਾ ਕਰਨਗੇ। ਇਸ ਸੈਸ਼ਨ ਦੇ ਮੁੱਖ ਮਹਿਮਾਨ ਡਾ. ਕਰਮਜੀਤ ਸਿੰਘ, ਜਦਕਿ ਵਿਸ਼ੇਸ਼ ਮਹਿਮਾਨ ਸ: ਸੂਰੀ ਹੋਣਗੇ ਅਤੇ ਇਸ ਸੈਸ਼ਨ ਦੇ ਮੁੱਖ ਵਕਤਾ ਡਾ. ਮਹਿਲ ਸਿੰਘ ਹੋਣਗੇ। ਦੂਸਰਾ ਸੈਸ਼ਨ ‘ਅੰਮ੍ਰਿਤਸਰ ਸਿਫਤੀ ਦਾ ਘਰ’ ਹੋਵੇਗਾ ਜਿਸ ਦਾ ਵਿਸ਼ਾ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਹੋਵੇਗਾ। ਡਾ. ਇੰਦਰਜੀਤ ਕੌਰ ਡਾਇਰੈਕਟਰ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਇਸ ਸੈਸ਼ਨ ਦੀ ਪ੍ਰਧਾਨਗੀ ਕਰਨਗੇ ਜਦਕਿ ਮੁੱਖ ਮਹਿਮਾਨ ਵਜੋਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਸ਼ਾਮਿਲ ਹੋਣਗੇ। ਇਸ ਸੈਸ਼ਨ ਦੇ ਸੰਯੋਜਕ ਰਵਿੰਦਰ ਸਿੰਘ ਰੌਬਿਨ ਬੀ. ਬੀ. ਸੀ. ਹੋਣਗੇ। ਇਸ ਦਿਨ ਬਾਅਦ ਦੁਪਹਿਰ ਪੰਜਾਬੀ ਬਾਲ ਸਾਹਿਤ ਵਿਸ਼ੇ ’ਤੇ ਵਿਚਾਰ ਚਰਚਾ ਹੋਵੇਗੀ ਜਿਸ ’ਚ ਨਾਮਵਰ ਬਾਲ ਗਾਇਕ ਕਮਲਜੀਤ ਨੀਲੋਂ, ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਸਿੰਘ ਅਤੇ ਬਾਲ ਸਾਹਿਤ ਪੁਰਸਕਾਰ ਜੇਤੂ ਡਾ. ਇੰਦਰਪ੍ਰੀਤ ਸਿੰਘ ਧਾਮੀ ਸ਼ਾਮਿਲ ਹੋਣਗੇ।
ਮੇਲੇ ਦੇ ਦੂਸਰੇ ਦਿਨ ਪੰਜਾਬੀਆਂ ਦੀ ਮਾਨਸਿਕਤਾ ਵਿਸ਼ੇ ’ਤੇ ਪੈਨਲ ਚਰਚਾ ਹੋਵੇਗੀ ਜਿਸ ’ਚ ਡਾ. ਕੁਲਵੀਰ ਗੋਜ਼ਰਾ, ਡਾ. ਅਨਿਰੁੱਧ ਕਾਲਾ ਅਤੇ ਸਾਂਵਲ ਧਾਮੀ ਸ਼ਾਮਿਲ ਹੋਣਗੇ। ਦੁਪਹਿਰ ਸਮੇਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਆਯੋਜਿਤ ਕਵੀ ਦਰਬਾਰ ਹੋਵੇਗਾ ਜਿਸ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਅਜਾਇਬ ਹੁੰਦਲ ਕਰਨਗੇ। ਇਸ ਕਵੀ ਦਰਬਾਰ ’ਚ ਪੰਜਾਬੀ ਦੇ ਨਾਮਵਰ ਕਵੀ ਅਤੇ ਕਵਿਤਰੀਆਂ ਸ਼ਾਮਲ ਹੋਣਗੇ। ਬਾਅਦ ਦੁਪਹਿਰ ਲਾਈਵ ਪੇਟਿੰਗ ਦਾ ਸੈਸ਼ਨ ਹੋਵੇਗਾ ਜਿਸ ’ਚ ਗੁਰਪ੍ਰੀਤ ਸਿੰਘ ਬਠਿੰਡਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਸ਼ਾਮ ਸਮੇਂ ਲੋਕ ਧੁਨਾ ਦੀ ਪੇਸ਼ਕਾਰੀ ਹੋਵੇਗੀ।
ਮੇਲੇ ਦੇ ਤੀਸਰੇ ਦਿਨ ਭਾਸ਼ਾ ਵਿਭਾਗ ਪੰਜਾਬ ਦੀ ਸਹਾਇਤਾ ਨਾਲ ਅਜੋਕੇ ਯੁੱਗ ਵਿਚ ਭਾਸ਼ਾ ਅਤੇ ਸਾਹਿਤ : ਚੁਣੌਤੀਆਂ ਅਤੇ ਸੰਭਾਵਨਾਵਾਂ ਵਿਸ਼ੇ ’ਤੇ ਸੈਮੀਨਾਰ ਹੋਵੇਗਾ ਜਿਸ ਵਿਚ ਪੰਜਾਬੀ ਦੇ ਨਾਮਵਰ ਵਿਦਵਾਨ ਭਾਗ ਲੈਣਗੇ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਮੁੱਖ ਮਹਿਮਾਨ ਸ. ਜਸਵੰਤ ਸਿੰਘ ਜਫਰ ਹੋਣਗੇ ਜਦਕਿ ਵਿਸ਼ਾ ਮਾਹਰ ਵਜੋਂ ਪ੍ਰਸਿੱਧ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਅਤੇ ਡਾ. ਰਾਜੇਸ਼ ਸ਼ਰਮਾ ਭਾਗ ਲੈਣਗੇ। ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਰਮਿੰਦਰ ਕੌਰ ਕਰਨਗੇ, ਜਦਕਿ ਵਿਸ਼ਾ ਮਾਹਿਰ ਵਜੋਂ ਡਾ. ਮਨਮੋਹਨ ਸਿੰਘ ਅਤੇ ਡਾ. ਯੋਗਰਾਜ ਅੰਗਰਿਸ਼ ਸ਼ਾਮਲ ਹੋਣਗੇ। ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਹਰਿਭਜਨ ਸਿੰਘ ਭਾਟੀਆ ਕਰਨਗੇ, ਜਦਕਿ ਵਿਸ਼ਾ ਮਾਹਰ ਵਜੋਂ ਡਾ. ਮਨਜਿੰਦਰ ਸਿੰਘ, ਡਾ. ਕੰਵਲਜੀਤ ਸਿੰਘ ਅਤੇ ਡਾ. ਅਮਰਜੀਤ ਸਿੰਘ ਭਾਗ ਲੈਣਗੇ। ਦੁਪਹਿਰ ਸਮੇਂ ਪੰਜਾਬ ਕਲਾ ਪਰਿਸ਼ਦ ਦੇ ਪ੍ਰਧਾਨ ਪ੍ਰਸਿੱਧ ਪੰਜਾਬੀ ਕਵੀ ਸ: ਸਵਰਨਜੀਤ ਸਿੰਘ ਸਵੀ ਦਾ ਰੂ-ਬ-ਰੂ ਹੋਵੇਗਾ। ਬਾਅਦ ਦੁਪਹਿਰ ਸਾਹਿਤ ਸਭਾ ਖ਼ਾਲਸਾ ਕਾਲਜ ਵੱਲੋਂ ਅੰਤਰ-ਕਾਲਜ ਸਾਹਿਤਕ ਮੁਕਾਬਲੇ ਕਰਵਾਏ ਜਾਣਗੇ ਅਤੇ ਸ਼ਾਮ ਸਮੇ ਸੂਫੀ ਗਾਇਣ ਹੋਵੇਗਾ।
ਮੇਲੇ ਦੇ ਚੌਥੇ ਦਿਨ ਵਿਦਵਾਨਾਂ ਦੇ ਵੱਖ-ਵੱਖ ਗਰੁੱਪ ਵੱਖ-ਵੱਖ ਵਿਸ਼ਿਆਂ ’ਤੇ ਪੈਨਲ ਚਰਚਾ ਕਰਨਗੇ ਜਿਸ ’ਚ ਪੰਜਾਬ ਦੇ ਰਾਜਸੀ-ਪ੍ਰਸ਼ਾਸਕੀ ਵਿਹਾਰ ਵਿਸ਼ੇ ਤੇ ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਪੈਨਲ ਚਰਚਾ ਕਰਵਾਈ ਜਾਏਗੀ, ਜਿਸ ਵਿਚ ਸ. ਕਾਹਨ ਸਿੰਘ ਪੰਨੂੰ ਅਤੇ ਡਾ. ਮਹਿਲ ਸਿੰਘ ਸ਼ਿਰਕਤ ਕਰਨਗੇ। ਖ਼ਾਲਸਾ ਯੂਨੀਵਰਸਿਟੀ ਵੱਲੋਂ ਹੀ ਦੂਸਰੀ ਪੈਨਲ ਚਰਚਾ ਪੰਜਾਬ ਦੀ ਸਿਆਸਤ ਦਾ ਇਤਿਹਾਸ-ਪਰਕ ਪਰਿਪੇਖ ਵਿਸ਼ੇ ਵਿਚਾਰ ਚਰਚਾ ਹੋਵੇਗੀ ਜਿਸ ਵਿਚ ਡਾ. ਮਹਿਲ ਸਿੰਘ ਅਤੇ ਡਾ. ਜਗਰੂਪ ਸਿੰਘ ਸੇਖੋਂ ਹਿੱਸਾ ਲੈਣਗੇ। ਤੀਸਰੀ ਪੈਨਲ ਚਰਚਾ ਮਸਲੇ ਪਰਵਾਸ ਦੇ ਵਿਸ਼ੇ ਤੇ ਹੋਵੇਗੀ ਜਿਸ ਵਿਚ ਪਰਵਾਸੀ ਸਾਹਿਤਕਾਰ ਨਕਸ਼ਦੀਪ ਪੰਜਕੋਹਾ, ਰਵਿੰਦਰ ਸਹਿਰਾਅ, ਪ੍ਰਿੰਸੀਪਲ ਸਰਵਣ ਸਿੰਘ ਅਤੇ ਨਵਲਪਰੀਤ ਰੰਗੀ ਸ਼ਾਮਲ ਹੋਣਗੇ।
ਮੇਲੇ ਦਾ ਪੰਜਵਾਂ ਦਿਨ ਵੱਖ ਵੱਖ ਮਸਲਿਆਂ ਅਤੇ ਵਿਦਿਆਰਥੀਆਂ ਦੇ ਸਨਮਾਨ ਨੂੰ ਸਮਰਪਿਤ ਹੋਵੇਗਾ ਜਿਸ ਵਿਚ 20 ਲੋੜਵੰਦ ਵਿਦਿਆਰਥੀਆਂ ਨੂੰ ਚਮਨ ਲਾਲ ਭੱਲਾ ਸ਼ਕਾਲਰਸ਼ਿੱਪ ਦਿੱਤੀ ਜਾਵੇਗੀ ਜਿਸ ਦੇ ਮੁੱਖ ਮਹਿਮਾਨ ਡਾ. ਵਰਿੰਦਰ ਭੱਲਾ ਅਤੇ ਮਿਸ਼ਿਜ ਭੱਲਾ ਯੂ. ਐੱਸ. ਏ. ਹੋਣਗੇ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸ੍ਰੀ ਸੁਰਿੰਦਰਪਾਲ, ਐਡੀਸ਼ਨਲ ਕਮਿਸ਼ਨਰ ਮਿਊਂਸੀਪਲ ਕਾਰੋਪਰੇਸ਼ਨ, ਅੰਮ੍ਰਿਤਸਰ ਹੋਣਗੇ। ਦੁਪਹਿਰ ਸਮੇਂ ਪਰਵਾਸੀ ਸਮਾਜ ਸੇਵਕ ਸੁੱਖੀ ਬਾਠ ਵੱਲੋਂ ਬਾਲ ਕਵੀ ਦਰਬਾਰ ਕਰਵਾਇਆ ਜਾਵੇਗਾ।