ਅੰਮ੍ਰਿਤਸਰ-ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਏ ਜਥੇ ਨਾਲ ਗਈ ਇਕ ਭਾਰਤੀ ਮਹਿਲਾ ਦੇ ਲਾਪਤਾ ਹੋਣ ਦੀਆਂ ਖ਼ਬਰਾ ਨੇ ਤਰਥਲੀ ਮਚਾ ਦਿੱਤੀ ਹੈ। ਸਰਬਜੀਤ ਕੌਰ ਨਾਮਕ ਇਸ ਮਹਿਲਾ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ ਤੇ ਉਥੋ ਦੇ ਕਿਸੇ ਮੁਸਲਿਮ ਵਿਅਕਤੀ ਨਾਲ ਨਿਕਾਹ ਵੀ ਕਰਵਾ ਲਿਆ ਹੈ। ਸਰਬਜੀਤ ਕੌਰ ਕਪੂਰਥਲਾ ਦੀ ਰਹਿਣ ਵਾਲੀ ਹੈ ਤੇ ਉਸ ਦਾ ਨਾਮ ਪਾਕਿਸਤਾਨ ਜਾਣ ਵਾਲੇ ਜਥੇ ਦੀ ਯਾਤਰੀ ਸੂਚੀ ਵਿਚ ਸ਼ਾਮਲ ਕਰਨ ਲਈ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਸ਼ਿਫਾਰਸ਼ ਕੀਤੀ ਸੀ।ਚਰਚਾ ਹੈ ਕਿ ਸਰਬਜੀਤ ਕੌਰ (49) ਪਤਨੀ ਕਰਨੈਲ ਸਿੰਘ ਜਥੇ ਨਾਲ ਪਾਕਿਸਤਾਨ ਗਈ ਸੀ। ਉਥੇ ਉਸ ਦੀ ਮੁਲਾਕਾਤ ਫੇਸਬੁੱਕ ਦੋਸਤ ਨਾਲ ਹੋਈ ਸੀ। ਜੱਥੇ ਦੇ ਮੈਂਬਰਾਂ ਅਨੁਸਾਰ ਉਹ ਅੱਠ ਦਿਨਾਂ ਤੱਕ ਸਾਰੇ ਸਾਥੀਆਂ ਨਾਲ ਹੀ ਰਹੀ, ਪਰ ਉਸਨੇ ਆਪਣੀਆਂ ਨਿੱਜੀ ਯੋਜਨਾਵਾਂ ਜਾਂ ਕਿਸੇ ਰਿਸ਼ਤੇਦਾਰ ਨਾਲ ਸੰਪਰਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਸਰਕਾਰ ਦੀ ਇਨਕੁਆਇਰੀ ਪ੍ਰਕਿਿਰਆ ‘ਤੇ ਵੱਡੇ ਸਵਾਲ ਖੜ੍ਹੇ ਕੀਤੇ।ਸ੍ਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਜੱਥੇ ਦੀ ਜੋ ਅਧਿਕਾਰਤ ਸੂਚੀ ਆਈ ਸੀ, ਉਸ ਵਿੱਚ ਮਹਿਲਾ ਦਾ ਨਾਮ ਹੀ ਨਹੀਂ ਸੀ। ਸਿਰਫ਼ ਸਰਕਾਰੀ ਸੂਚੀ ਦੇ ਅਧਾਰ ‘ਤੇ ਹੀ ਪ੍ਰਵਾਨਗੀ ਦਿੱਤੀ ਗਈ ਸੀ। ਇਹ ਸਰਕਾਰ ਦੀ ਜਿੰਮੇਵਾਰੀ ਬਣਦੀ ਸੀ ਕਿ ਹਰ ਵਿਅਕਤੀ ਦੇ ਪਿਛੋਕੜ ਦੀ ਜਾਂਚ ਕੀਤੀ ਜਾਵੇ।ਸ੍ਰ ਪ੍ਰਤਾਪ ਸਿੰਘ ਨੇ ਸਾਫ਼ ਕਿਹਾ ਕਿ ਜੇਕਰ ਮਹਿਲਾ ਕਿਸੇ ਨਾਲ ਆਨਲਾਈਨ ਗੱਲਬਾਤ ਕਰ ਰਹੀ ਸੀ ਜਾਂ ਉਸਦੇ ਇਰਾਦੇ ਸ਼ੱਕੀ ਸਨ ਤਾਂ ਇਹ ਪਤਾ ਲਗਾਉਣਾ ਸਰਕਾਰ ਦਾ ਫਰਜ਼ ਸੀ।ਸੁਰੱਖਿਆ ਏਜੰਸੀਆਂ ਨੇ ਜੇ ਸਮੇਂ ਸਿਰ ਇਨਕੁਆਇਰੀ ਕੀਤੀ ਹੁੰਦੀ ਤਾਂ ਉਹ ਮਹਿਲਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਰੋਕ ਲਈ ਜਾਂਦੀ।ਸਕੱਤਰ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀ ਬਦਨਾਮੀ ਦਾ ਕਾਰਨ ਬਣਦੀ ਹੈ, ਕਿਉਂਕਿ ਜੱਥੇ ਵਿੱਚ ਸ਼ਾਮਿਲ ਹਰ ਵਿਅਕਤੀ ਸਿੱਖ ਕੌਮ ਦੀ ਨੁਮਾਇੰਦਗੀ ਕਰਦਾ ਹੈ।