ਨਵੀਂ ਦਿੱਲੀ - ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ “ਸੀਸ ਦੀਆ ਪਰ ਸਿਰਰੁ ਨ ਦੀਆ” ਸਾਈਕਲ ਯਾਤਰਾ ਦੀ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਸ਼ੁਰੂਆਤ ਹੋਈ। ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 1675 ਈਸਵੀ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅੰਨਿਨ ਸ਼੍ਰਧਾਲੂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਉਸ ਵੇਲੇ ਦੇ ਮੁਗਲ ਹੁਕਮਰਾਨ ਔਰੰਗਜ਼ੇਬ ਦੇ ਹੁਕਮ ਉਤੇ ਧਾਰਮਿਕ ਅਜ਼ਾਦੀ ਦੀ ਰੱਖਿਆ ਕਰਨ ਦੇ ਜੁਰਮ ਤਹਿਤ ਸ਼ਹੀਦ ਕੀਤਾ ਗਿਆ ਸੀ। ਇਹ ਸਾਈਕਲ ਯਾਤਰਾ ਦੀ ਸਮਾਪਤੀ 20 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ, ਅੰਮ੍ਰਿਤਸਰ ਵਿਖੇ ਹੋਵੇਗੀ। ਇਸ ਵਿਲੱਖਣ ਤੇ ਇਤਿਹਾਸਕ ਸਾਈਕਲ ਯਾਤਰਾ ਦਾ ਆਯੋਜਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਵੱਲੋਂ ਕੀਤਾ ਗਿਆ ਹੈ। ਇਸ ਯਾਤਰਾ ਦਾ ਮੁੱਢਲਾ ਉਦੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਦਇਆ, ਨਿਡਰਤਾ ਅਤੇ ਨਿਰਭੈਤਾ ਦੀ ਵਿਰਾਸਤ ਦਾ ਪ੍ਰਚਾਰ ਕਰਨਾ ਹੈ। ਨਾਲ ਹੀ ਅਜੋਕੇ ਸਮੇਂ ਵਿਚ ਸਿੱਖਾਂ ਅੱਗੇ ਧਾਰਮਿਕ ਪਛਾਣ, ਧਰਮ ਪਰਿਵਰਤਨ, ਧਾਰਮਿਕ ਲਿਬਾਸ, ਨਸ਼ਿਆਂ ਅਤੇ ਨਸਲੀ ਸਫ਼ਾਈ ਦੇ ਖੜ੍ਹੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਰੀਰਕ ਕਸਰਤ, ਸਿਹਤ ਸੰਭਾਲ ਅਤੇ ਵਾਤਾਵਰਨ ਸੰਭਾਲ ਪ੍ਰਤੀ ਸਮਾਜ 'ਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ 500 ਕਿਲੋਮੀਟਰ ਦੀ ਯਾਤਰਾ ਦੇ ਸਾਈਕਲ ਸਵਾਰਾਂ ਦਾ ਹੌਸਲਾ ਵਧਾਉਣ ਅਤੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਕਸ਼ਮੀਰੀ ਪੰਡਿਤਾਂ ਦੀ ਜਥੇਬੰਦੀਆਂ ਸਣੇ ਦਿੱਲੀ ਕਮੇਟੀ ਦੇ ਕਈ ਮੈਂਬਰ ਸਾਹਿਬਾਨ ਪੁੱਜੇ ਸਨ। ਇਸ ਯਾਤਰਾ ਦੇ ਮੁੱਖ ਉਦੇਸ਼ ਦੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੂਜਿਆਂ ਦਾ ਧਰਮ ਬਚਾਇਆ ਸੀ। ਪਰ ਅੱਜ ਸਿੱਖਾਂ 'ਚ ਧਰਮ ਬਦਲੀ, ਨਸ਼ਿਆਂ ਤੇ ਫੈਸਨ ਪ੍ਰਸਤੀ ਨੇ ਆਪਣੀ ਥਾਂ ਬਣਾ ਲਈ ਹੈ। ਜਦੋਂਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਸਰੀਰਕ ਤੰਦਰੁਸਤੀ ਲਈ ਨਸ਼ਿਆਂ ਤੋਂ ਦੂਰ ਕਰਕੇ ਮੱਲ ਅਖਾੜੇ ਤੇ ਗਤਕਾ ਅਖਾੜਿਆਂ ਨਾਲ ਜੋੜਿਆ ਸੀ। ਗੁਰੂ ਸਾਹਿਬਾਨਾਂ ਨੇ ਸਾਨੂੰ ਵਾਤਾਵਰਨ ਸੰਭਾਲ ਦਾ ਹੋਕਾ ਦਿੱਤਾ ਸੀ, ਪਰ ਅੱਜ ਦਿੱਲੀ ਦਾ ਵਜ਼ੀਰ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਕਾਰਨ ਦੱਸ ਰਿਹਾ ਹੈ। ਜਦੋਂਕਿ ਇੱਕ ਸਟਡੀ ਅਨੁਸਾਰ ਦਿੱਲੀ ਦੇ ਪ੍ਰਦੂਸ਼ਣ 'ਚ ਪਰਾਲੀ ਦੇ ਧੂੰਏਂ ਦਾ ਹਿੱਸਾ ਸਿਰਫ਼ 1.5 ਫੀਸਦੀ ਹੈ। ਪਰਾਲੀ ਤਾਂ ਹਰਿਆਣਾ, ਹਿਮਾਚਲ, ਹਿਮਾਚਲ ਤੇ ਪਾਕਿਸਤਾਨ ਦਾ ਕਿਸਾਨ ਵੀ ਸਾੜ ਰਿਹਾ ਹੈ, ਪਰ ਬਦਨਾਮ ਸਿਰਫ਼ ਪੰਜਾਬ ਦੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ। ਇੱਕ ਵਿਕਲਾਂਗ ਸਿੱਖ ਨੌਜਵਾਨ ਵੱਲੋਂ ਬੈਟਰੀ ਵਾਲੀ ਵਹਿਲ ਚੇਅਰ ਦੇ ਨਾਲ ਇਸ ਯਾਤਰਾ 'ਚ ਭਾਗ ਲੈਣ ਦੀ ਮਨਜੀਤ ਸਿੰਘ ਜੀ.ਕੇ. ਨੇ ਸ਼ਲਾਘਾ ਕੀਤੀ। ਮਨਜੀਤ ਸਿੰਘ ਜੀ.ਕੇ. ਕਿਹਾ ਕਿ ਹਿੰਦੁਸਤਾਨ ਜਾਂ ਪਾਕਿਸਤਾਨ ਦੇ ਕਿਸਾਨਾਂ ਨੂੰ ਦਿੱਲੀ ਦੇ ਪ੍ਰਦੂਸ਼ਣ ਦੇ ਮਾਮਲੇ 'ਚ ਖਲਨਾਇਕ ਬਣਾਉਣ ਦੀ ਬਜਾਏ ਉਨ੍ਹਾਂ ਦਾ ਅੰਨਦਾਤਾ ਵਜੋਂ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈਂ। ਜੇਕਰ ਹਿੰਮਤ ਹੈ ਤਾਂ ਅੰਬਾਨੀ-ਅਡਾਨੀ ਦੀਆਂ ਪ੍ਰਦੂਸ਼ਣ ਫੈਲਾਉਂਦੇ ਕਾਰਖਾਨਿਆਂ ਵੱਲ ਸਰਕਾਰ ਰੁੱਖ ਕਰੇਂ। ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਸਾਈਕਲ ਯਾਤਰਾ ਲਈ ਜਿੱਥੇ ਮਨਜੀਤ ਸਿੰਘ ਜੀਕੇ ਨੂੰ ਵਧਾਈ ਦਿੱਤੀ, ਉੱਥੇ ਹੀ ਦਿੱਲੀ ਕਮੇਟੀ ਪ੍ਰਬੰਧਕਾਂ ਤੇ ਹੈੱਡ ਗ੍ਰੰਥੀਆਂ ਦੀ ਯਾਤਰਾ ਲਈ ਲੋੜੀਂਦਾ ਸਹਿਯੋਗ ਨਹੀਂ ਕਰਨ ਲਈ ਖਿਂਚਾਈ ਵੀ ਕੀਤੀ। ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ। ਇੱਕ ਸਿਹਰਾ ਪਾਉਣ ਲਈ ਇੱਥੇ ਆਉਣ ਦੀ ਇਨ੍ਹਾਂ ਨੇ ਹਿੰਮਤ ਨਹੀਂ ਵਿਖਾਈ। ਨਾਂ ਹੀ ਹੈਂਡ ਗ੍ਰੰਥੀਆਂ ਨੇ ਅਰਦਾਸ ਕਰਨ ਲਈ ਆਉਣ ਦਾ ਹੌਸਲਾ ਵਿਖਾਇਆ ਹੈਂ। ਜਿਹੜੇ ਗ੍ਰੰਥੀ ਪ੍ਰਧਾਨ ਤੇ ਸਕੱਤਰ ਦੇ ਆਦੇਸ਼ ਬਿਨਾਂ ਅਰਦਾਸ ਕਰਨ ਨਹੀਂ ਆ ਸਕਦੇ ਕੀ ਉਨ੍ਹਾਂ ਕੋਲ ਗ੍ਰੰਥੀ ਕਹਿਲਾਉਣ ਦਾ ਹੱਕ ਹੈਂ ? ਹਰਵਿੰਦਰ ਸਿੰਘ ਫੂਲਕਾ ਨੇ 67 ਸਾਲ ਦੀ ਉਮਰ 'ਚ ਮਨਜੀਤ ਸਿੰਘ ਜੀਕੇ ਵੱਲੋਂ 500 ਕਿਲੋਮੀਟਰ ਦੀ ਸਾਈਕਲ ਯਾਤਰਾ ਦੀ ਅਗਵਾਈ ਕਰਨ ਦੀ ਵਿਖਾਈ ਗਈ ਦ੍ਰਿੜਤਾ ਤੇ ਹਿੰਮਤ ਦੀ ਸ਼ਲਾਘਾ ਕਰਦਿਆਂ ਮੁਬਾਰਕਬਾਦ ਦਿੱਤੀ। ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਸਮਾਜਿਕ ਕਾਰਕੁੰਨ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਇਸ ਮੌਕੇ ਸਟੇਜ ਦੀ ਸੇਵਾ ਸੰਭਾਲੀ। ਇਸ ਮੌਕੇ ਸਾਬਕਾ ਵਿਧਾਇਕ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਕਰਤਾਰ ਸਿੰਘ ਵਿੱਕੀ ਚਾਵਲਾ, ਸਤਨਾਮ ਸਿੰਘ ਖਾਲਸਾ, ਮਹਿੰਦਰ ਸਿੰਘ, ਜਤਿੰਦਰ ਸਿੰਘ ਸੋਨੂੰ ਸਣੇ ਕਈ ਸਾਬਕਾ ਕਮੇਟੀ ਮੈਂਬਰ ਅਤੇ ਮਨਜੀਤ ਸਿੰਘ ਜੀ.ਕੇ. ਦੇ ਪਰਿਵਾਰਿਕ ਮੈਂਬਰ ਤੇ ਸੈਂਕੜੇ ਸ਼ੁਭਚਿੰਤਕ ਮੌਜੂਦ ਸਨ।