ਅੰਮ੍ਰਿਤਸਰ, -10ਵੇਂ ਅੰਮ੍ਰਿਤਸਰ ਸਾਹਿਤ ਅਤੇ ਪੁਸਤਕ ਮੇਲੇ ਦੇ ਦੂਜੇ ਦਿਨ ਦਾ ਆਗ਼ਾਜ਼ ਪੰਜਾਬੀਆਂ ਦੀ ਮਾਨਸਿਕਤਾ ਵਿਸ਼ੇ ’ਤੇ ਵੱਖ-ਵੱਖ ਵਿਦਵਾਨਾਂ ’ਤੇ ਵਿਚਾਰ-ਚਰਚਾ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਉਚੇਚੇ ਤੌਰ ’ਤੇ ਪਹੁੰਚੇ ਕਵੀਆਂ ਦੀ ਮਹਿਫਲ ਨਾਲ ਸਰਗਰਮ ਰਿਹਾ। ਸਮਾਗਮ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਇਸ ਸਮਾਗਮ ਵਿੱਚ ਉਚੇਚੇ ਤੌਰ ’ਤੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਦਾ ਨਿੱਘਾ ਸੁਵਾਗਤ ਕੀਤਾ।
ਇਸ ਉਪਰੰਤ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਸਮਾਗਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਸਵੇਰ ਸਮੇਂ ਪੰਜਾਬ ਦੀ ਵੰਡ ਅਤੇ ਪੰਜਾਬੀਆਂ ਦੀ ਮਾਨਸਿਕਤਾ ਦੀਆਂ ਵਿਭਿੰਨ ਪਰਤਾਂ ਬਾਰੇ ਪ੍ਰਸਿੱਧ ਵਿਦਵਾਨਾਂ ਦੁਆਰਾ ਵਿਚਾਰ ਚਰਚਾ ਉਪਰੰਤ ਦੁਪਹਿਰ ਸਮੇਂ ਵੱਖੑਵੱਖ ਕਵੀਆਂ ਦਾ ਕਲਾਮ ਕਰਵਾਇਆ ਜਾਵੇਗਾ। ਬਾਅਦ ਦੁਪਹਿਰ ਲਾਈਵ ਪੇਂਟਿੰਗ ਪ੍ਰੋਗਰਾਮ ਵਿੱਚ ਗੁਰਪ੍ਰੀਤ ਸਿੰਘ ਬਠਿੰਡਾ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸ਼ਾਮ ਸਮੇਂ ਕਾਲਜ ਦੇ ਵਿਦਿਆਰਥੀਆਂ ਦੁਆਰਾ ਲੋਕੑਧੁਨਾਂ ਵਿਸ਼ੇ ਅਧੀਨ ਲੋਕ ਸਾਜ਼ਾਂ ਦੇ ਪ੍ਰਦਰਸ਼ਨ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ‘ਪੰਜਾਬ ਦੀ ਵੰਡ ਅਤੇ ਪੰਜਾਬੀ ਮਾਨਸਿਕਤਾ’ ਵਿਸ਼ੇ ’ਤੇ ਪੈਨਲ ਚਰਚਾ ਕਰਵਾਈ ਗਈ ਜਿਸਦੀ ਪ੍ਰਧਾਨਗੀ ਖ਼ਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਦੁਆਰਾ ਕੀਤੀ ਗਈ। ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੰਤਾਲੀ ਦੀ ਵੰਡ ਦੇ ਹੰਢਾਏ ਪਲਾਂ ਨੂੰ ਯਾਦ ਕਰਦਿਆਂ ਇਸਦੇ ਮਾਰੂ ਅਤੇ ਭਾਵਕ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਹਨਾਂ ਨੇ ਕਿਹਾ ਕਿ ਸੰਤਾਲੀ ਦੀ ਵੰਡ ਤੋਂ ਪ੍ਰਭਾਵਿਤ ਹਰੇਕ ਬੰਦਾ ਇੱਕ ਕਹਾਣੀ ਹੈ। ਸੰਤਾਲੀ ਦੀ ਵੰਡ ਤੋਂ ਬਾਅਦ ਇਸਦੀ ਰਾਜਨੀਤਕ ਪੱਧਰ ’ਤੇ ਹੋਈ ਵੰਡ ਦੇ ਭੂਗੋਲਿਕ ਅਧਾਰਾਂ ਨੇ ਇਸਦੇ ਸਾਹਿਤਕ ਖੇਤਰ ਨੂੰ ਵੀ ਵੱਡੀ ਢਾਹ ਲਾਈ ਹੈ। ਪੰਜਾਬੀਆਂ ਦੀ ਮਾਨਸਿਕਤਾ ਵਿੱਚ ਢਾਹੂ ਅਤੇ ਉਸਾਰੂ ਦੋਵਾਂ ਤਰ੍ਹਾਂ ਦੀਆਂ ਪ੍ਰਵਿਰਤੀਆਂ ਸ਼ਾਮਿਲ ਹਨ। ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਸਿਧਾਂਤ ਦੀ ਉਦਾਹਰਨ ਪੇਸ਼ ਕਰਦਿਆਂ ਉਹਨਾਂ ਨੇ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਡੇ ਸਭਿਆਚਾਰ ਦਾ ਅਧਾਰ ਜਾਤਾਂੑਪਾਤਾਂ ਤੋਂ ਉੱਪਰ ਉੱਠ ਕੇ ਆਪਸੀ ਸਾਂਝ ਅਤੇ ਮਿਲਵਰਤਨ ਹੋਣਾ ਚਾਹੀਦਾ ਹੈ।
ਇਸ ਉਪਰੰਤ ਪੰਜਾਬ ਯੂਨੀਵਰਸਿਟੀ, ਦਿੱਲੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਵੀਰ ਗੋਜ਼ਰਾ, ਸਾਬਕਾ ਆਈ. ਪੀ. ਐਸ. ਸ. ਗੁਰਪ੍ਰੀਤ ਸਿੰਘ ਤੂਰ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪੰਜਾਬੀ ਵਿਭਾਗ ਦੇ ਮੁਖੀ ਸਾਂਵਲ ਧਾਮੀ ਦੁਆਰਾ ਸੰਤਾਲੀ ਦੀ ਵੰਡ ਦੇ ਪ੍ਰਭਾਵਾਂ ਅਤੇ ਇਸਦੇ ਕਾਰਨਾਂ ਬਾਰੇ ਗਹਿਨ—ਗੰਭੀਰ ਵਿਚਾਰ ਚਰਚਾ ਕਰਦਿਆਂ ਇਸਦੇ ਪਿਛੋਕੜ ਵਿੱਚ ਪਏ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ।
ਸਾਂਵਲ ਧਾਮੀ ਨੇ ਇਸ ਸਮੇਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਤਾਲੀ ਦੀ ਵੰਡ ਦੀ ਘੋਖ ਕਰਦਿਆਂ ਕਈ ਤਰ੍ਹਾਂ ਦੇ ਪਹਿਲੂ ਉੱਭਰ ਕੇ ਸਾਹਮਣੇ ਆਉਂਦੇ ਹਨ। ਵੰਡ ਤੋਂ ਪ੍ਰਭਾਵਿਤ ਕਈ ਲੋਕ ਬੇਬਾਕੀ ਨਾਲ ਵਾਪਰੀਆਂ ਘਟਨਾਵਾਂ ਨੂੰ ਦੱਸਦੇ ਹਨ ਪਰ ਕਈ ਲੋਕ ਕਿਸੇ ਡਰ ਜਾਂ ਹੱਤਕ ਕਾਰਨ ਚੁੱਪ ਰਹਿੰਦੇ ਹਨ।ਵੰਡ ਦੀਆਂ ਘਟਨਾਵਾਂ ਦੇ ਭਾਵੁਕ ਅਹਿਸਾਸ ਅੱਜ ਵੀ ਦਿਲ ਨੂੰ ਦਹਿਲਾਅ ਦਿੰਦੇ ਹਨ।
ਸ. ਗੁਰਪ੍ਰੀਤ ਸਿੰਘ ਨੇ ਵੀ ਆਪਣੇ ਪੇਸ਼ੇ ਦੌਰਾਨ ਵੰਡ ਦੀਆਂ ਘਟਨਾਵਾਂ ਨਾਲ ਦਰਪੇਸ਼ ਸਮੱਸਿਆਵਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਘੋਖਿਆ ਜਾਵੇ ਤਾਂ ਵੰਡ ਦੇ ਕਈ ਤਰ੍ਹਾਂ ਪਹਿਲੂ ਉੱਭਰ ਕੇ ਸਾਡੇ ਸਾਹਮਣੇ ਆਉਂਦੇ ਹਨ। ਪੰਜਾਬੀਆਂ ਦੀ ਸਾਂਝ ਕਈ ਤਰ੍ਹਾਂ ਦੇ ਪੱਖ ਮਿਲਦੇ ਜਿਨਾ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਅਜਿਹੀ ਵੰਡ ਬਾਰੇ ਨਾ ਕਦੇ ਸੋਚਿਆ ਅਤੇ ਨਾ ਹੀ ਕਲਪਿਆ ਹੋਵੇਗਾ। ਵੰਡ ਦੀ ਮਾਰ ਦੇ ਵੱਖੑਵੱਖ ਪਹਿਲੂ ਸਾਡੀ ਮਾਨਸਿਕਤਾ ਨੂੰ ਹਲੂਣਾ ਦਿੰਦੇ ਹਨ।
ਡਾ. ਕੁਲਵੀਰ ਗੋਜ਼ਰਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਅਣਕਿਆਸੀ ਵੰਡ ਕਿਸੇ ਬਾਹਰੀ ਧਾੜਵੀ ਜਾਂ ਕਿਸੇ ਦੁਸ਼ਮਣ ਵਿਚਕਾਰ ਨਹੀਂ ਹੋਈ ਬਲਕਿ ਆਪਣਿਆਂ ਨੇ ਹੀ ਆਪਣਿਆਂ ਨੂੰ ਬੇਰਹਿਮੀ ਨਾਲ ਮਾਰਿਆ ਅਤੇ ਉਜਾੜਿਆ।ਅੱਜ ਵੀ ਪੰਜਾਬੀ ਅਜਿਹੇ ਖ਼ਾਊਫਨਾਖ ਮਾਹੌਲ ਨੂੰ ਯਾਦ ਕਰਕੇ ਕੰਬ ਜਾਂਦੇ ਹਨ। ਪੈਨਲ ਚਰਚਾ ਦੇ ਅਖੀਰ ’ਚ ਗੁਰਪ੍ਰੀਤ ਸਿੰਘ ਤੂਰ ਦੁਆਰਾ ਸੰਪਾਦਤ ਪੁਸਤਕ ‘ਸੰਤਾਲੀ ਦੇ ਕਹਿਰ ਬਾਰੇ ਕੁਝ ਮੁਲਾਕਾਤਾਂ’ ਨੂੰ ਰੀਲੀਜ਼ ਕੀਤਾ ਗਿਆ।
ਦੁਪਹਿਰ ਸਮੇਂ ਭਾਸ਼ਾ ਵਿਭਾਗ ਵੱਲੋਂ ਆਯੋਜਿਤ ਕਵੀ ਦਰਬਾਰ ਦੀ ਪ੍ਰਧਾਨਗੀ ਨਾਮਵਰ ਕਵੀ ਅਜਾਇਬ ਹੁੰਦਲ ਦੁਆਰਾ ਕੀਤੀ ਗਈ ਅਤੇ ਸਮਾਗਮ ਦਾ ਸੰਚਾਲਕ ਭਾਸ਼ਾ ਅਫ਼ਸਰ ਡਾ. ਸੁਖਦਰਸ਼ਨ ਚਾਹਲ ਦੁਆਰਾ ਕੀਤਾ ਗਿਆ।ਸਮਾਗਮ ’ਚ ਸ਼ਾਇਰ ਰਵਿੰਦਰ ਸਹਿਰਾਅ, ਅੰਬਰੀਸ਼, ਦਰਸ਼ਨ ਬੁੱਟਰ, ਡਾ. ਰਵਿੰਦਰ ਬਟਾਲਾ, ਬੀਬਾ ਬਲਵੰਤ, ਪ੍ਰੋ. ਕੁਲਵੰਤ ਔਜਲਾ, ਜਗਵਿੰਦਰ ਜੋਧਾ, ਦਵਿੰਦਰ ਸੈਫੀ, ਸੁਹਿੰਦਰਬੀਰ, ਵਿਸ਼ਾਲ, ਪਿਆਰਾ ਸਿੰਘ ਕੁੱਦੋਵਾਲ, ਅਤਿੰਦਰ ਸੰਧੂ, ਜਸਪ੍ਰੀਤ ਲੁਧਿਆਣਾ, ਰਿਤੂ ਵਾਸੂਦੇਵ, ਸਿਮਰਤ ਗਗਨ ਆਦਿ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ।ਇਸ ਉਪਰੰਤ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਜ਼ਫ਼ਰ ਨੇ ਆਏ ਹੋਏ ਕਵੀਆਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਉਪਰੰਤ ਰਵਿੰਦਰ ਸਹਿਰਾਅ ਦੀ ਪੁਸਤਕ ‘ਲਾਹੌਰ ਨਾਲ ਗੱਲਾਂ’, ਇੱਕਵਾਕ ਸਿੰਘ ਭੱਟੀ ਦੀ ‘ਵਾਹ ਉਸਤਾਦ ਵਾਹ’, ਲਵਪ੍ਰੀਤ ਸਿੰਘ ਵਿਰਕ ਦੀ ‘ਜਾਨੀ ਦੂਰ ਗਏ’ ਪੁਸਤਕਾਂ ਰੀਲੀਜ਼ ਕੀਤੀਆਂ ਗਈਆਂ।ਦੁਪਹਿਰ ਬਾਅਦ ਲਾਈਵ ਪੇਂਟਿੰਗ ਮਹਿਮਾਨ ਕਲਾਕਾਰ ਗੁਰਪ੍ਰੀਤ ਸਿੰਘ ਬਠਿੰਡਾ ਨੂੰ ਕੁਲਦੀਪ ਸਿੰਘ ਢਿੱਲੋਂ ਨੇ ਜੀ ਆਇਆਂ ਆਖਦਿਆਂ ਸਨਮਾਨਿਤ ਕੀਤਾ।ਸਮਾਗਮ ਦੇ ਸਿਖਰ ’ਤੇ ਲੋਕ ਧੁਨਾਂ ਦਾ ਪ੍ਰਦਰਸ਼ਨ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਨੇ ਲੋਕ ਸਾਜ਼ਾਂ ਢੱਡ, ਸਾਰੰਗੀ ਦੀ ਖੂਬਸੂਰਤ ਪੇਸ਼ਕਰੀ ਰਾਹੀਂ ਸਮਾਗਮ ਨੂੰ ਚਾਰ ਚੰਦ ਲਾਏ।