ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਸੋਮਵਾਰ ਨੂੰ ਤਰਨਤਾਰਨ, ਮੋਗਾ, ਸ਼ਹੀਦ ਭਗਤ ਸਿੰਘ ਨਗਰ ਅਤੇ ਬਠਿੰਡਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ, ਸੂਬੇ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸਥਾਨਕ ਆਗੂਆਂ ਨੇ ਵੱਡੀ ਗਿਣਤੀ ਸੰਗਤ ਸਮੇਤ ਹਾਜ਼ਰੀ ਭਰੀ।
ਇੱਕ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਦੇ ਪੁਲਿਸ ਸਟੇਡੀਅਮ ਵਿਖੇ ਕਰਵਾਏ ਗਏ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਜੇਲ੍ਹ ਤੇ ਆਵਾਜਾਈ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁਨ ਵੱਲੋਂ ਹਾਜ਼ਰੀ ਭਰੀ ਗਈ। ਇਸੇ ਤਰ੍ਹਾਂ ਨਵੀਂ ਅਨਾਜ ਮੰਡੀ ਮੋਗਾ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਅਤੇ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਹਾਜ਼ਰੀ ਭਰੀ।
ਸ਼ਹੀਦ ਭਗਤ ਸਿੰਘ ਨਗਰ ਦੇ ਆਈ.ਟੀ.ਆਈ. ਗਰਾਊਂਡ ਵਿਖੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੰਗਤ ਸਮੇਤ ਹਾਜ਼ਰੀ ਭਰੀ। ਜਦਕਿ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਸ਼ਾਮਿਲ ਹੋਏ।
ਇਨ੍ਹਾਂ ਲਾਈਟ ਐਡ ਸਾਊਂਡ ਸ਼ੋਅਜ਼ ਵਿੱਚ ਹਾਜ਼ਰੀ ਭਰਨ ਵਾਲੀ ਸੰਗਤ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ। ਲਾਈਟ ਐਂਡ ਸਾਊਂਡ ਸ਼ੋਅਜ਼ ਵਿੱਚ ਆਧੁਨਿਕ ਲੇਜ਼ਰ ਲਾਈਟਾਂ ਅਤੇ 3ਡੀ ਪ੍ਰੋਜੈਕਸ਼ਨ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਸਮੁੱਚੇ ਜੀਵਨ ਕਾਲ, ਫਲਸਫ਼ੇ, ਸਿੱਖਿਆਵਾਂ ਅਤੇ ਧਰਮ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਉੱਤੇ ਚਾਨਣਾ ਪਾਇਆ ਗਿਆ। ਜ਼ਿਕਰਯੋਗ ਹੈ ਕਿ ਅਖੀਰਲੇ ਪੜਾਅ ਦੇ ਲਾਈਟ ਐਂਡ ਸਾਊਂਡ ਸ਼ੋਅ 20 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ, ਮਾਲੇਰਕੋਟਲਾ ਅਤੇ ਮਾਨਸਾ ਵਿਖੇ ਕਰਵਾਏ ਜਾਣਗੇ।