ਨਵੀਂ ਦਿੱਲੀ- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੋ ਕੇ ਦਿੱਲੀ ਪਹੁੰਚੀ ਧਰਮ ਰੱਖਿਅਕ ਯਾਤਰਾ ਨਗਰ ਕੀਰਤਨ ਦੇ ਰੂਪ ਵਿਚ ਅੱਜ ਗੁਰੂ ਹਰਿਕ੍ਰਿਸ਼ਨ ਨਗਰ ਤੋਂ ਆਰੰਭ ਹੋ ਕੇ ਦੇਰ ਸ਼ਾਮ ਗੁਰਦੁਆਰਾ ਨਾਨਕ ਪਿਆਊ ਵਿਖੇ ਪਹੁੰਚੀ। ਇਥੇ ਹੀ ਯਾਤਰਾ ਦਾ ਰਾਤਰੀ ਵਿਸ਼ਰਾਮ ਹੋਵੇਗਾ। ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁੰਦਰ ਪਾਲਕੀ ਵਿਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਅਗਵਾਈ ਹੇਠ ਇਹ ਯਾਤਰਾ ਗੁਰੂ ਹਰਿਕ੍ਰਿਸ਼ਨ ਨਗਰ ਤੋਂ ਆਰੰਭ ਹੋ ਕੇ ਬਹਿਰਾ ਐਨਕਲੇਵ, ਜਵਾਲਾਹੇੜੀ, ਪੰਜਾਬੀ ਬਾਗ ਕਲੱਬ ਰੋਡ, ਜਨਰਲ ਸਟੋਰ, ਬਿਰਤਾਨੀਆ ਚੌਂਕ ਤੋਂ ਖੱਬੇ, ਰਾਣੀ ਬਾਗ, ਗੁਰਦੁਆਰਾ ਭਾਈ ਲਾਲੋ ਜੀ, ਗੁਰਦੁਆਰਾ ਸਾਹਿਬ ਸਰਸਵਤੀ ਵਿਹਾ, ਕੋਹਾਟ ਐਨਕਲੇਵ, ਆਸ਼ਿਆਨਾ ਚੌਂਕ ਤੋਂ ਖੱਬੇ ਮਧੂਬਨ ਚੌਂਕ, ਸਾਂਈ ਬਾਬਾ ਚੌਂਕ ਸੱਜੇ ਤੋਂ ਫਾਰਮਰ ਸੁਸਾਇਟੀ, ਨੀਲ ਕੰਠ ਚੌਂਕ ਤੋਂ ਸੱਜੇ ਆਊਟਰ ਰਿੰਗ ਰੋਡ, ਇਨਕਮ ਟੈਕਸ ਕਲੌਨੀ ਪ੍ਰੀਤਮਪੁਰਾ, ਡਿਸਟ੍ਰਿਕ ਪਾਰਕ ਪ੍ਰੀਤਮਪੁਰਾ, ਸਿਟੀ ਪਾਰਕ ਹੋਟਲ, ਗੋਪਾਲਮੰਦਰ, ਮੁਨੀ ਮਾਇਆ ਰਾਮ ਮਾਰਗ, ਪ੍ਰੇਮ ਬਾੜੀ, ਕੇਸ਼ਵਪੁਰਮ, ਤ੍ਰੀ ਨਗਰ ਰੋਡ, ਇੰਦਰਲੋਕ, ਸ਼ਾਸਤਰੀ ਨਗਰ, ਗੁਲਾਬੀ ਬਾਗ ਤੋਂ ਅਸ਼ੋਕ ਵਿਹਾਰ, ਸਤਿਆਵਤੀ ਕਾਲਜ, ਜੀ ਟੀ ਕਰਨਾਲ ਰੋਡ ਤੋਂ ਸੱਜ ਡੇਰਾਵਾਲ ਨਗਰ ਤੋਂ ਹੁੰਦੀ ਹੋਈ ਗੁਰਦੁਆਰਾ ਨਾਨਕ ਪਿਆਊ ਸਾਹਿਬ ਪਹੁੰਚੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਸਮੇਤ ਕਮੇਟੀ ਦੇ ਵੱਖ-ਵੱਖ ਅਹੁਦੇਦਾਰ ਤੇ ਮੈਂਬਰ, ਵੱਖ-ਵੱਖ ਸਿੰਘ ਸਭਾਵਾਂ ਦੇ ਅਹੁਦੇਦਾਰ ਤੇ ਮੈਂਬਰ ਤੇ ਵੱਡੀ ਗਿਣਤੀ ਵਿਚ ਸੰਗਤਾਂ ਇਸ ਨਗਰ ਕੀਰਤਨ ਰੂਪੀ ਯਾਤਰਾ ਦੇ ਨਾਲ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਯਾਤਰਾ ਨੂੰ ਲੈ ਕੇ ਸੰਗਤਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਸੰਗਤਾਂ ਨੇ ਸਾਰੇ ਰਸਤੇ ਫੁੱਲਾਂ ਦੀ ਵਰਖਾ ਨਾਲ ਪੰਜ ਪਿਆਰਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਸੰਗਤਾਂ ਦਾ ਸਵਾਗਤ ਕੀਤਾ। ਥਾਂ-ਥਾਂ ਸੰਗਤਾਂ ਨੇ ਵੱਖ-ਵੱਖ ਖਾਣ ਪੀਣ ਦੀਆਂ ਚੀਜ਼ਾਂ ਦੇ ਲੰਗਰ ਲਗਾਏ ਹੋਏ ਸਨ।