ਨਵੀਂ ਦਿੱਲੀ - ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਵਾਲੇ ਪੰਥ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਲਾਲ ਕਿਲਾ ਅਤੇ ਹੋਰ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖ਼ੇ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ । ਬੀਬੀ ਰਣਜੀਤ ਕੌਰ ਸੀਨੀਅਰ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਦਸਿਆ ਕਿ ਇਸ ਮੌਕੇ ਲਾਲ ਕਿਲਾ ਵਿਖ਼ੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ ਜਿਨ੍ਹਾਂ ਵਿਚ ਬੱਚਿਆਂ ਨੇ ਗੁਰਬਾਣੀ ਦਾ ਜਸ ਗਾਇਨ ਕੀਤਾ ਤੇ ਅਖਾੜੇ ਜਥੇਆਂ ਨੇ ਆਪਣੇ ਜੌਹਰ ਦਿਖਾਏ । 25 ਨਵੰਬਰ ਨੂੰ ਮਹਾਨ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸਜਾਇਆ ਜਾਏਗਾ ਜਿਸ ਦੀ ਸਮਾਪਤੀ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਹੋਵੇਗੀ ਉਪਰੰਤ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਖ਼ੇ 26 ਤਰੀਕ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜੱਥੇ ਹਾਜ਼ਿਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ । ਲਾਲ ਕਿੱਲੇ ਉਪਰ 23-24-25 ਨਵੰਬਰ ਨੂੰ ਸ਼ਾਮ ਵੇਲੇ ਵਿਸ਼ੇਸ਼ ਕੀਰਤਨ ਦਰਬਾਰ, ਕਵੀ ਦਰਬਾਰ ਅਤੇ ਗੱਤਕੇ ਦੇ ਅਖਾੜੇ ਸੱਜਣਗੇ ਤੇ ਇੰਨ੍ਹਾ ਪ੍ਰੋਗਰਾਮਾਂ ਵਿਚ ਦੇਸ਼ ਦੇ ਪ੍ਰਧਾਨਮੰਤਰੀ, ਗ੍ਰਿਹਮੰਤਰੀ ਦੇ ਨਾਲ ਹੋਰ ਵੱਖ ਵੱਖ ਨੇਤਾ ਅਤੇ ਪਤਵੰਤੇ ਸੱਜਣ ਹਾਜ਼ਿਰੀਆਂ ਭਰਣਗੇ । ਸੰਗਤਾਂ ਨੂੰ ਸਮੂਹ ਪ੍ਰੋਗਰਾਮਾਂ ਅੰਦਰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ ।