ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਅਕਾਲੀ ਦਲ ਅਤੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਇਤਿਹਾਸ ਹਿੰਸਾ ਅਤੇ ਧਾਂਦਲੀ ਦਾ ਰਿਹਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਅਗਵਾਈ ਵਿੱਚ ਇਸ ਵਾਰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਣ ਜਾ ਰਹੀਆਂ ਹਨ।
ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ 14 ਤਾਰੀਖ਼ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਤਿਆਰੀਆਂ ਪੂਰੀਆਂ ਹਨ। ਅੱਜ ਸ਼ਾਮ ਤੱਕ ਉਮੀਦਵਾਰਾਂ ਦੇ ਨਾਵਾਂ ਦੀ ਅੰਤਿਮ ਸੂਚੀ (ਸਕਰੂਟਨੀ ਤੋਂ ਬਾਅਦ) ਜਾਰੀ ਹੋ ਜਾਵੇਗੀ, ਅਤੇ ਕੱਲ੍ਹ ਤੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਪ੍ਰਚਾਰ ਵਿੱਚ ਜੁੱਟ ਜਾਣਗੇ।
ਧਾਲੀਵਾਲ ਨੇ ਅਕਾਲੀ-ਕਾਂਗਰਸ ਸਰਕਾਰਾਂ ਦੌਰਾਨ ਇਨ੍ਹਾਂ ਚੋਣਾਂ ਵਿੱਚ ਹੋਈ ਗੁੰਡਾਗਰਦੀ ਅਤੇ ਹੁੱਲੜਬਾਜ਼ੀ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੇ ਆਗੂਆਂ ਨੇ ਅਜਿਹੀ ਹੀ ਕੋਸ਼ਿਸ਼ਾਂ ਕੀਤੀਆਂ ਹਨ।
ਉਨ੍ਹਾਂ ਨੇ ਬੀਤੇ ਕੱਲ੍ਹ, ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਪਿੰਡੀ ਸੈਦਾਂ ਵਿੱਚ ਹੋਈ ਸ਼ਰਮਨਾਕ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬੀਤੀ ਰਾਤ, ਸਾਡੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਅਤੇ ਕੁਝ 'ਆਪ' ਵਰਕਰਾਂ 'ਤੇ ਕਾਂਗਰਸੀ ਨੇਤਾਵਾਂ ਨੇ ਗੋਲੀਆਂ ਚਲਾਈਆਂ ਅਤੇ ਹਥਿਆਰਾਂ ਨਾਲ ਹਮਲਾ ਕੀਤਾ। ਇਹ ਅਤਿਅੰਤ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਧੱਕੇ ਨਾਲ ਚੋਣ ਜਿੱਤਣ ਲਈ ਕਾਂਗਰਸ ਗੁੰਡਾਗਰਦੀ 'ਤੇ ਉਤਰ ਆਈ ਹੈ। ਇਹ ਕਾਂਗਰਸ ਦੀ 'ਨਿਚਲੇ ਦਰਜੇ ਦੀ ਸੋਚ' ਨੂੰ ਉਜਾਗਰ ਕਰਦਾ ਹੈ।
ਸਾਬਕਾ ਵਿਧਾਇਕ ਦਲਬੀਰ ਸਿੰਘ ਜ਼ੀਰਾ ਦੇ ਇੱਕ ਵੀਡੀਓ ਦਾ ਜ਼ਿਕਰ ਕਰਦਿਆਂ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਅਸੀਂ ਤਾਂ ਫਾਈਲਾਂ ਹੀ ਆਪਣੇ ਘਰ ਮੰਗਵਾ ਲੈਂਦੇ ਸੀ।ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਅਗਵਾਈ ਵਿੱਚ ਪੂਰੇ ਪੰਜਾਬ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਹੋਈ ਹੈ, ਅਤੇ ਨਾ ਹੀ ਅਸੀਂ ਆਪਣੇ ਫਾਇਦੇ ਲਈ ਕਿਸੇ ਸਰਕਾਰੀ ਫਾਈਲ ਨੂੰ ਕਦੇ ਦਬਾਇਆ ਹੈ। ਸੱਚਾਈ ਇਹ ਹੈ ਕਿ ਅਕਾਲੀ ਅਤੇ ਕਾਂਗਰਸ ਪਾਰਟੀਆਂ ਨੂੰ ਉਮੀਦਵਾਰ ਹੀ ਨਹੀਂ ਮਿਲੇ, ਇਸ ਲਈ ਉਹ 'ਆਪ' ਨੂੰ ਬਦਨਾਮ ਕਰਨ ਲਈ ਝੂਠੇ ਇਲਜ਼ਾਮ ਲਗਾ ਰਹੇ ਹਨ।
ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਦੇ ਹੋਏ ਕਿਹਾ ਕਿ ਉਹ ਆਪਣੀ ਸਰਕਾਰ ਦੌਰਾਨ ਸਰਪੰਚਾਂ ਦੀਆਂ ਚੋਣਾਂ ਵਿੱਚ ਸਿੱਧੇ ਆਪਣੇ ਉਮੀਦਵਾਰਾਂ ਨੂੰ ਜੇਤੂ ਬਣਾ ਕੇ ਲਿਸਟਾਂ ਲਗਾ ਦਿੰਦੇ ਸਨ, ਚੋਣਾਂ ਹੋਣ ਹੀ ਨਹੀਂ ਦਿੰਦੇ ਸਨ। ਪਰ 'ਆਪ' ਸਰਕਾਰ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਆਜ਼ਾਦ ਰੂਪ ਵਿੱਚ ਚੋਣਾਂ ਹੋਈਆਂ ਹਨ।
ਵਿਰੋਧੀਆਂ ਨੂੰ ਚੇਤਾਵਨੀ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ 'ਆਪ' ਨੇ ਪਹਿਲੀ ਵਾਰ ਸਰਪੰਚਾਂ ਦੀਆਂ ਚੋਣਾਂ ਲੜੀਆਂ ਅਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲੜਨ ਜਾ ਰਹੀ ਹੈ। ਇਨ੍ਹਾਂ ਚੋਣਾਂ ਵਿੱਚ ਵੀ 'ਆਪ' ਉਮੀਦਵਾਰਾਂ ਦੀ ਹੀ ਜਿੱਤ ਹੋਵੇਗੀ। ਅਸੀਂ ਆਪਣੇ ਸਾਢੇ ਚਾਰ ਸਾਲਾਂ ਦੇ ਵਿਕਾਸ ਦੇ ਕੰਮਾਂ ਦੇ ਅਧਾਰ 'ਤੇ ਵੋਟ ਮੰਗਾਂਗੇ।
ਉਨ੍ਹਾਂ ਕਿਹਾ ਕਿ ਵਿਰੋਧੀ ਇਸ ਗੱਲ ਤੋਂ ਬੁਖਲਾਏ ਹੋਏ ਹਨ ਕਿ ਆਮ ਪਰਿਵਾਰ ਦੇ ਲੋਕ ਕਿਵੇਂ ਸਿਆਸਤ ਵਿੱਚ ਆ ਗਏ, ਇਸ ਲਈ ਉਹ ਸਾਨੂੰ ਡਰਾਉਣਾ ਚਾਹੁੰਦੇ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ "ਤੁਸੀਂ ਜਿਸ ਗੁੰਡਾਗਰਦੀ ਦੇ ਦਮ 'ਤੇ ਅੱਜ ਤੱਕ ਚੋਣਾਂ ਜਿੱਤਦੇ ਆਏ ਹੋ, ਇਸ ਵਾਰ ਅਜਿਹਾ ਨਹੀਂ ਚੱਲੇਗਾ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇਹ ਚੋਣਾਂ ਵੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਣਗੀਆਂ, ਅਤੇ ਗੁੰਡਾ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।"