ਅੰਮ੍ਰਿਤਸਰ - ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਇੰਦ ਨੇ ਅੱਜ ਆਪਣੇ ਪੂਰੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਸ੍ਰੀ ਦਰਬਾਰ ਸਾਹਿਬ ਪਹੰੁਚਣ ਤੇ ਸਾਬਕਾ ਰਾਸ਼ਟਰਪਤੀ ਨੂੰ ਸਕੱਤਰ ਸ਼ੋ੍ਰਮਣੀ ਕਮੇਟੀ ਸ੍ਰ ਪ੍ਰਤਾਪ ਸਿੰਘ ਨੇ ਜੀ ਆਇਆ ਨੂੰ ਕਿਹਾ। ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਸਾਬਕਾ ਰਾਸ਼ਟਰਪਤੀ ਤੇ ਉਨਾਂ ਦੇ ਪਰਿਵਾਰ ਨੂੰ ਸ੍ਰੀ ਦਰਬਾਰ ਸਾਹਿਬ ਲੈ ਕੇ ਗਏ। ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਨੇ ਸਾਬਕਾ ਰਾਸ਼ਟਰਪਤੀ ਤੇ ਉਨਾਂ ਦੇ ਪਰਿਵਾਰ ਨੂੰ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਪ੍ਰਪਰਾਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ। ਸਾਬਕਾ ਰਾਸ਼ਟਰਪਤੀ ਨੇ ਸੰਗਤ ਨਾਲ ਲਾਇਨ ਵਿਚ ਲਗ ਕੇ ਮੱਥਾ ਟੇਕਿਆ। ਸ੍ਰੀ ਦਰਬਾਰ ਸਾਹਿਬ ਤੋ ਸਨਮਾਨ ਵਜੋ ਸਾਬਕਾ ਰਾਸ਼ਟਰਪਤੀ ਨੂੰ ਰੁਮਾਲਾ ਸਾਹਿਬ ਦਿੱਤਾ ਗਿਆ।ਉਨਾਂ ਕੁਝ ਪਲ ਕੀਰਤਨ ਵੀ ਸਰਵਨ ਕੀਤਾ। ਪੱਤਰਕਾਰਾਂ ਨਾਲ ਗਲ ਕਰਦਿਆਂ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਨਾਂ ਦੀ ਚਿਰੋਕਣੀ ਇੱਛਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਤੇ ਇਹ ਇੱਛਾ ਅੱਜ ਪ੍ਰਮਾਤਮਾ ਨੇ ਪੂਰੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਤੇ ਸ੍ਰੀ ਦਰਬਾਰ ਸਾਹਿਬ ਪੂਰੀ ਦੁਨੀਆਂ ਵਿਚ ਵਿਸੇ਼ਸ਼ ਤੇ ਵਖਰਾ ਸਥਾਨ ਰਖਦਾ ਹੈ। ਮੈ ਪੂਰੀ ਮਾਨਵਤਾ ਦੇ ਕਲਿਆਣ ਦੀ ਅਰਦਾਸ ਕਰਕੇ ਆਇਆ ਹਾਂ। ਇਸ ਮੌਕੇ ਤੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਸਾਬਕਾ ਰਾਸ਼ਟਰਪਤੀ ਤੇ ਉਨਾਂ ਦੇ ਪਰਿਵਾਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਸੰੁਦਰ ਮਾਡਲ ਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸ੍ਰ ਜ਼ਸਪਾਲ ਸਿੰਘ ਢੱਡੇ, ਸ੍ਰ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਅਤੇ ਗਾਇਡ ਸ੍ਰ ਜਤਿੰਦਰਪਾਲ ਸਿੰਘ ਹਾਜਰ ਸਨ।