ਲੁਧਿਆਣਾ-ਪਿਛਲੇ ਦਿਨੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਭਾਜਪਾ ਸਰਕਾਰ ਨਾਲ ਮਿਲ ਕੇ ਨੌਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਵਸ ਮੁੰਬਈ ਵਿੱਚ ਮਨਾਉਣ ਦੀ ਸ਼ਲਾਘਾ ਕਰਦੇ ਹੋਏ ਨਾਮਧਾਰੀ ਆਗੂ ਸੂਬਾ ਅਮਰੀਕ ਸਿੰਘ ਨੇ ਕਿਹਾ ਕਿ ਨਾਮਧਾਰੀ ਸੰਗਤ, ਸੰਤ ਹਰਨਾਮ ਸਿੰਘ ਖਾਲਸਾ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕਰਦੀ ਹੈ।
ਸੰਤ ਹਰਨਾਮ ਸਿੰਘ ਨੇ ਦਮਦਮੀ ਟਕਸਾਲ ਵੱਲੋਂ, ਭਾਜਪਾ ਸਰਕਾਰ ਨਾਲ ਮਿਲ ਕੇ, ਮਹਾਰਾਸ਼ਟਰ ਵਿੱਚ ਜੋ ਸਤਿਗੁਰੂ ਤੇਗ ਬਹਾਦਰ ਜੀ ਦੀ 350 ਸਾਲਾ (ਅਰਧਸ਼ਤਾਬਦੀ) ਸ਼ਹੀਦੀ ਯਾਦ ਮਨਾਈ ਹੈ, ਉਸ ਦੀ ਅਸੀਂ ਨਾਮਧਾਰੀ ਸਿੱਖ ਮੁਕਤ ਕੰਠ ਨਾਲ ਸ਼ਲਾਘਾ ਕਰਦੇ ਹਾਂ। ਐਸੇ ਉੱਤਮ ਕਾਰਜਾਂ ਵਾਸਤੇ, ਆਪਣੇ ਵਰਤਮਾਨ ਗੁਰੂ ਠਾਕੁਰ ਦਲੀਪ ਸਿੰਘ ਦੀ ਆਗਿਆ ਅਨੁਸਾਰ, ਨਾਮਧਾਰੀ ਸਿੱਖ: ਪੂਰੀ ਤਰ੍ਹਾਂ ਸੰਤ ਹਰਨਾਮ ਸਿੰਘ ਖਾਲਸਾ ਦੇ ਨਾਲ ਹਨ।
ਬਾਬਾ ਜੀ ਵੱਲੋਂ ਐਸਾ ਸ਼ੁਭ ਕਾਰਜ ਕਰਨ ਕਰਕੇ, ਜਿੱਥੇ ਭਾਜਪਾ ਸਰਕਾਰ ਵਿੱਚ ਅਤੇ ਸਾਰੇ ਭਾਰਤ ਵਿੱਚ ਇੱਕ ਸੰਦੇਸ਼ ਗਿਆ ਹੈ। ਉਥੇ ਸਰਕਾਰੀ ਪੱਧਰ ਉੱਪਰ ਇਸ ਸ਼ਹੀਦੀ ਦਿਵਸ ਨੂੰ ਮਨਾਉਣ ਕਾਰਨ, ਮਹਾਰਾਸ਼ਟਰ ਵਿੱਚ ਵੀ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਪਹੁੰਚੀ ਹੈ, ਗੁਰੂ-ਜਸ ਪਹੁੰਚਿਆ ਹੈ। ਇਸ ਸ਼ੁਭ ਕਾਰਜ ਨਾਲ ਜਿੱਥੇ ਗੁਰੂ-ਜਸ ਹੋਇਆ ਹੈ: ਉਥੇ ਹਿੰਦੂ-ਸਿੱਖ ਏਕਤਾ ਵੀ ਹੋਈ ਹੈ। ਜਿਹੜੇ ਮੋਨੇ ਵੀਰ, ਗੁਰੂ ਕੇ ਸ਼ਰਧਾਲੂ ਹਨ, (ਜਿਨਾਂ ਨੂੰ ਹਿੰਦੂ ਕਿਹਾ ਜਾਂਦਾ ਹੈ) ਉਹ ਹੋਰ ਵੀ ਦ੍ਰਿੜ ਸ਼ਰਧਾਲੂ ਬਣੇ ਹਨ। ਇਸ ਤਰ੍ਹਾਂ ਹਿੰਦੂ-ਸਿੱਖ ਏਕਤਾ ਵੱਲ ਨੂੰ ਇੱਕ ਵਧੀਆ ਪੁਲਾਂਘ ਪੁੱਟੀ ਗਈ ਹੈ। ਇਸ ਕਾਰਜ ਨਾਲ ਸਿੱਖ ਪੰਥ ਵਿੱਚ ਵਾਧਾ ਹੋਏਗਾ, ਕਿਉਂਕਿ ਸਿਰਫ ਕੇਸਾਧਾਰੀ-ਅੰਮ੍ਰਿਤਧਾਰੀ ਹੀ “ਸਿੱਖ” ਨਹੀਂ ਹਨ। ਹਰ ਗੁਰੂ ਕਾ ਸ਼ਰਧਾਲੂ “ਸਿੱਖ” ਹੈ। ਨਾਮਧਾਰੀ ਸਿੱਖਾਂ ਨੇ ਇਸ ਅਤਿਅੰਤ ਉੱਤਮ ਕਾਰਜ ਵਾਸਤੇ ਸੰਤ ਹਰਿਨਾਮ ਸਿੰਘ ਖਾਲਸਾ ਨੂੰ ਵਧਾਈ ਦਿੱਤੀ ਹੈ।