ਨਵੀਂ ਦਿੱਲੀ- ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਵਸ ਦੀ ਪੂਰਵ ਸੰਧਿਆ ’ਤੇ ਪਟਨਾ ਦੇ ਚਿਤਕੋਹਰਾ ਅਤੇ ਕੰਗਨਘਾਟ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਕੇ ਮਹਾਨ ਸ਼ਹਾਦਤਾਂ ਨੂੰ ਯਾਦ ਕੀਤਾ ਗਿਆ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਵੱਲੋਂ ਚਿਤਕੋਹਰਾ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਬਿਹਾਰ ਭਾਜਪਾ ਦੇ ਪ੍ਰਧਾਨ ਸੰਜੈ ਸਾਵਰਗੀ, ਵਿਧਾਇਕ ਸੰਜੀਵ ਚੌਰਸੀਆ, ਬਿਹਾਰ ਅਲਪ ਸੰਖਿਆਕ ਆਯੋਗ ਦੇ ਮੈਂਬਰ ਲਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਭਾਗ ਲੈਂਦਿਆਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ। ਮੰਚ ਸੰਚਾਲਨ ਸੀਨੀਅਰ ਪੱਤਰਕਾਰ ਸੁਦੀਪ ਸਿੰਘ ਵੱਲੋਂ ਕੀਤਾ ਗਿਆ। ਤਖ਼ਤ ਪਟਨਾ ਸਾਹਿਬ ਦੇ ਕਥਾਵਾਚਕ ਸਤਨਾਮ ਸਿੰਘ ਵੱਲੋਂ ਬੱਚਿਆਂ ਦੀ ਗਤਕਾ ਟੀਮ ਰਾਹੀਂ ਗਤਕਾ ਪ੍ਰਦਰਸ਼ਨ ਕਰਵਾਇਆ ਗਿਆ। ਇਸ ਮੌਕੇ ’ਤੇ ਚਿਤਕੋਹਰਾ ਦੇ ਬੱਚਿਆਂ ਵੱਲੋਂ ਵੀ ਪ੍ਰਸਤੁਤੀਆਂ ਦਿੱਤੀਆਂ ਗਈਆਂ। ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸੇ ਤਰ੍ਹਾਂ ਬਿਹਾਰ ਅਲਪ ਸੰਖਿਆਕ ਆਯੋਗ ਦੇ ਮੈਂਬਰ ਅਤੇ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ ਵੱਲੋਂ ਕੰਗਨਘਾਟ ਦੇ ਟੀ.ਐਫ.ਸੀ. ਵਿੱਚ ਸ਼ਹੀਦੀ ਦਿਵਸ ਮੌਕੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸਥਾਨਕ ਵਿਧਾਇਕ ਰਤਨੇਸ਼ ਕੁਸ਼ਵਾਹਾ, ਤਖ਼ਤ ਕਮੇਟੀ ਦੇ ਮਹਾਂਸਚਿਵ ਇੰਦਰਜੀਤ ਸਿੰਘ, ਮੀਡੀਆ ਪ੍ਰਭਾਰੀ ਸੁਦੀਪ ਸਿੰਘ, ਸੁਪਰਿੰਟੈਂਡੈਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ, ਪ੍ਰਿਤਪਾਲ ਸਿੰਘ ਬਨਾਰਸ, ਬਲਬੀਰ ਸਿੰਘ ਕਾਲਰਾ ਆਦਿ ਨੇ ਭਾਗ ਲਿਆ। ਤਖ਼ਤ ਪਟਨਾ ਸਾਹਿਬ ਦੇ ਈਸਤ੍ਰੀ ਸਤਸੰਗ ਜੱਥੇ ਵੱਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਯਾਦ ਵਿੱਚ ਸ਼ਬਦ ਕੀਰਤਨ ਗਾਇਨ ਕੀਤਾ ਗਿਆ। ਬੱਚਿਆਂ ਵੱਲੋਂ ਕਵਿਤਾਵਾਂ ਅਤੇ ਇਤਿਹਾਸ ’ਤੇ ਲੇਖ ਪੇਸ਼ ਕੀਤੇ ਗਏ। ਗਿਆ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਇੱਕ ਸੱਜਣ ਨੇ ਸਾਹਿਬਜ਼ਾਦਿਆਂ ਦੇ ਜੀਵਨ ਇਤਿਹਾਸ ’ਤੇ ਰਚੀ ਕਵਿਤਾ ਦਾ ਪਾਠ ਕੀਤਾ। ਕਥਾਵਾਚਕ ਚਰਨਜੀਤ ਸਿੰਘ ਵੱਲੋਂ ਸ਼ਹਾਦਤ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ। ਸ. ਲਖਵਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਦੇਸ਼ ਅਤੇ ਰਾਜਾਂ ਦੀਆਂ ਸਰਕਾਰਾਂ ਵੱਲੋਂ ਵੀ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਦਾ ਮਕਸਦ ਸਿਰਫ਼ ਇਹੀ ਹੈ ਕਿ ਜੋ ਇਤਿਹਾਸ ਅੱਜ ਤੱਕ ਲੋਕਾਂ ਤੱਕ ਨਹੀਂ ਪਹੁੰਚ ਸਕਿਆ, ਉਹ ਹਰ ਘਰ ਤੱਕ ਪਹੁੰਚਾਇਆ ਜਾ ਸਕੇ।