ਚੰਡੀਗੜ੍ਹ - ਸੀਪੀਆਈ, ਚੰਡੀਗੜ੍ਹ ਅਤੇ ਮੁਹਾਲੀ ਦੀਆਂ ਜ਼ਿਲ੍ਹਾ ਕੌਂਸਲਾਂ ਵਲੋਂ ਅਜੇ ਭਵਨ, ਚੰਡੀਗੜ੍ਹ ਵਿਖੇ, ਪਾਰਟੀ ਦੀ 100ਵੀਂ ਵਰ੍ਹੇ ਗੰਢ ਮੌਕੇ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੂਬਾ ਸਕੱਤਰ ਸਾਥੀ ਬੰਤ ਬਰਾੜ, ਰਾਜ ਕੁਮਾਰ ਜ਼ਿਲ੍ਹਾ ਸਕੱਤਰ, ਕਰਮ ਸਿੰਘ ਵਕੀਲ ਸਹਾਇਕ ਸਕੱਤਰ ਅਤੇ ਦੇਵੀ ਦਿਆਲ ਸ਼ਰਮਾ ਸਾਬਕਾ ਸਕੱਤਰ ਜ਼ਿਲ੍ਹਾ ਕੌਂਸਲ ਸੀਪੀਆਈ ਸ਼ਾਮਿਲ ਹੋਏ।
ਸਮਾਗਮ ਦੇ ਸ਼ੁਰੂ ਵਿਚ ਦੇਵੀ ਦਿਆਲ ਸ਼ਰਮਾ ਨੇ ਸਵਾਗਤੀ ਸ਼ਬਦ ਪੇਸ਼ ਕੀਤੇ ਅਤੇ ਪਾਰਟੀ ਦੀ 100ਵੀਂ ਵਰ੍ਹੇਗੰਢ ਦੀ ਸਾਰਥਿਕਤਾ ਅਤੇ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਸਤਿਆ ਵੀਰ ਸਿੰਘ, ਡਾ.ਅਰਵਿੰਦ ਸਾਂਬਰ, ਕਰਮ ਸਿੰਘ ਵਕੀਲ ਅਤੇ ਸੁਰਜੀਤ ਕੌਰ ਕਾਲੜਾ ਨੇ ਵੀ ਵਿਚਾਰ ਪੇਸ਼ ਕੀਤੇ।
ਸਾਥੀ ਬੰਤ ਬਰਾੜ ਸੂਬਾ ਸਕੱਤਰ ਨੇ ਵਿਚਾਰ ਪੇਸ਼ ਕਰਦੇ ਹੋਏ ਪਿਛਲੇ ਸਮੇਂ ਉਤੇ ਝਾਤ ਪਵਾਉਂਦਿਆਂ ਰੂਸ ਦੀ ਕ੍ਰਾਂਤੀ, ਚੀਨ ਦੀ ਕ੍ਰਾਂਤੀ ਅਤੇ ਭਾਰਤ ਦੇ ਅਜ਼ਾਦੀ ਸੰਗਰਾਮ ਬਾਰੇ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਫਿਰੰਗੀਆਂ ਖ਼ਿਲਾਫ਼ ਲੜੀ। ਅਜ਼ਾਦੀ ਦੀ ਲੜਾਈ ਦੇਸ਼ ਦੇ ਹਰ ਇੱਕ ਤਬਕੇ, ਹਰ ਇਕ ਧਰਮ ਦੇ ਮੰਨਣ ਵਾਲੇ ਨਾਗਰਿਕਾਂ ਲਈ ਲੜੀ ਗਈ ਨਾ ਕਿ ਕਿਸੇ ਇਕ ਫਿਰਕੇ ਲਈ ਜਿਵੇਂ ਸੰਕੇਤਕ ਤੌਰ ਤੇ 2014 ਵਿਚ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਕਿ ਅਜ਼ਾਦੀ ਹੁਣ ਆਈ ਹੈ, ਭਾਵ ਹੁਣ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ। ਉਨ੍ਹਾਂ ਨੇ 1947 ਵਿੱਚ ਆਈ ਅਜ਼ਾਦੀ ਨੂੰ ਮੁੱਢੋਂ ਹੀ ਨਕਾਰ ਦਿੱਤਾ। ਦੇਸ਼ ਸਭ ਦਾ ਸਾਂਝਾ ਹੈ। ਅਸੀਂ ਦੇਸ਼ ਦੇ ਸਾਰੇ ਤਬਕਿਆਂ ਨੂੰ ਨਾਲ ਲੈ ਕੇ ਦੇਸ਼ ਦੀ ਖੁਸ਼ਹਾਲੀ ਲਈ ਲੜਨਾ ਹੈ। ਸਰਬਸਾਂਝੀਵਾਲਤਾ, ਧਰਮਨਿਰਪੱਖਤਾ ਅਤੇ ਆਪਸੀ ਸਾਂਝ ਉਭਾਰਨੀ ਹੈ। ਭਾਜਪਾ ਦੇਸ਼ ਵਿਚ ਮਨੂਵਾਦ ਲਿਆ ਰਹੀ ਹੈ। ਪਿਛਾਹਾਂ ਖਿੱਚੂ ਵਿਚਾਰਧਾਰਾ ਉਭਾਰਦੀ ਹੈ, ਪੂੰਜੀਵਾਦੀਆਂ ਨੂੰ ਸਹਿਯੋਗ ਦੇ ਕੇ ਦੇਸ਼ ਦੀ ਸਰਬਸਾਂਝੀ ਸੰਪਤੀ ਦੀ ਲੁੱਟ ਵਿਚ ਹਿੱਸੇਦਾਰ ਬਣਾ ਰਹੀ ਹੈ। ਪਹਿਲਾਂ
ਖੇਤੀ ਕਨੂੰਨ, ਕਿਰਤ ਕੋਡ ਅਤੇ ਹੁਣ ਮਨਰੇਗਾ ਕਾਨੂੰਨ 2005 ਨੂੰ ਸਬੰਧਤ ਅਦਾਰਿਆਂ ਅਤੇ ਤਬਕਿਆਂ ਨਾਲ ਰਾਏ ਮਸ਼ਵਰਾ ਕਰਕੇ ਬੀਨਾਂ ਹੀ, ਰੱਦ ਕਰਕੇ ਭਾਜਪਾ ਸਰਕਾਰ ਦੇਸ਼ ਦੀ ਸੰਘਰਸ਼ਸ਼ੀਲ ਲੋਕਾਈ ਨੂੰ ਗ਼ੁਰਬਤ ਵਲੋਂ ਧੱਕ ਰਹੀ ਹੈ। ਦੇਸ਼ ਵਿਚ ਅਰਾਜਿਕਤਾ, ਬਦਅਮਨੀ, ਔਰਤਾਂ ਬੱਚਿਆਂ ਅਤੇ ਘੱਟਗਿਣਤੀਆਂ ਉਤੇ ਅਤਿਆਚਾਰ ਕਈ ਗੁਣਾ ਵਧ ਰਹੇ ਹਨ। ਦੇਸ਼ ਦੀ ਬਿਹਤਰੀ ਲਈ ਸਮੇਂ ਦੀ ਲੋੜ ਹੈ ਕਿ ਲੋਕ ਦੋਖੀ ਤਾਕਤਾਂ ਪਛਾਣੀਏ। ਸੰਘਰਸ਼ ਦੇ ਰਾਹ ਪੈ ਕੇ ਕੰਮ ਕਰੀਏ। ਮੌਦੀ ਸਰਕਾਰ ਅਤੇ ਉਸ ਦੇ ਭਾਈਵਾਲ ਆਰਐਸਐਸ ਦੇ ਵੰਡ ਪਾਊ ਮਨਸੂਬਿਆਂ ਅਤੇ ਲੋਕ ਮਾਰੂ ਨੀਤੀਆਂ ਨੂੰ ਮੁੱਢੋਂ ਹੀ ਨਕਾਰੀਏ। ਨਵੇਂ ਸਾਲ ਦੇ ਨਵੇਂ ਸੂਰਜ ਵਿਚ ਲਾਲੀ ਆਮ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ਾਂ ਨਾਲ ਭਰੀਏ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸੰਘਰਸ਼ਾਂ ਦਾ ਰਾਹ ਹੀ ਮਾਨਵ ਕਲਿਆਣ ਦਾ ਰਾਹ ਹੈ।
ਸਾਥੀ ਰਾਜ ਕੁਮਾਰ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੇ ਮੌਕੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਪੇਸ਼ ਕੀਤੀਆ।