ਅੰਮ੍ਰਿਤਸਰ - ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਹੋਈ ਅੱਜ ਦੀ ਇਕੱਤਰਤਾ ਵਿੱਚ ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਮੈਰਿਜ ਪੈਲੇਸਾਂ ਰਿਜ਼ੋਰਟ ਸਮੁੰਦਰਾਂ ਦੇ ਕੰਢੇ ਬੀਚਾਂ ਵਪਾਰਕ ਫਾਰਮ ਹਾਊਸਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ (ਵਿਆਹ) ਕਰਨ ਸਬੰਧੀ ਮਾਮਲਾ ਵਿਚਾਰਿਆ ਗਿਆ। ਜਿਸ ਤੇ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਅਜਿਹੇ ਮਾਮਲਿਆਂ ਸਬੰਧੀ ਪਹਿਲਾਂ ਹੋਏ ਆਦੇਸ਼ ਮਿਤੀ 16, ਮਾਰਚ 1998 ਅਤੇ ਅ:ਤੇ 179 ਮਿਤੀ 16 ਅਕਤੂਬਰ 2023 ਦੀ ਰੋਸ਼ਨੀ ਵਿਚ ਫੈਸਲਾ ਕਰਦਿਆਂ ਇਹ ਮੁੜ ਆਦੇਸ਼ ਕੀਤਾ ਹੈ ਕਿ ਮੈਰਿਜ ਪੈਲੇਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਬੀਚ ਵਪਾਰਕ ਫਾਰਮ ਹਾਊਸਾਂ ਆਦਿ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ (ਡੈਸਟੀਨੇਸ਼ਨ ਵੈਡਿੰਗ) ਕਰਨ ਤੇ ਪੂਰਨ ਰੂਪ ਵਿਚ ਪਾਬੰਦੀ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਨ੍ਹਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਏ ਜਾ ਸਕਦੇ। ਉਨਾਂ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ, ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਇਹ ਸਖ਼ਤ ਹਦਾਇਤ ਕੀਤੀ ਕਿ ਉਹ ਇਨ੍ਹਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ। ਉਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਵਿਅਕਤੀਆਂ ਅਤੇ ਅਜਿਹੇ ਸਥਾਨਾਂ ਉੱਤੇ ਅਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ, ਮੈਰਿਜ ਪੈਲੇਸ ਰਿਜ਼ੋਰਟਾਂ ਬੀਚ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।