ਫਾਜਿਲਕਾ -ਆਰਮੀ ਦੀ ਅਮੋਘ ਡਿਵੀਜ਼ਨ ਵੱਲੋਂ ਪਿੰਡ ਗਿੱਦੜਾਵਾਲੀ ਵਿਖ਼ੇ ਸਥਾਨਕ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣ ਦੌਰਾਨ ਤਾਰ ਟੁੱਟਣ ਕਾਰਨ ਉੱਪਰ ਅਟਕੇ ਨੌਜਵਾਨ ਨੂੰ ਬਹੁਤ ਦਲੇਰੀ ਦੇ ਨਾਲ ਬਚਾਵ ਕਰਕੇ ਉਤਾਰਿਆ ਗਿਆ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਪਿੰਡ ਗਿੱਦੜਾਂਵਾਲੀ ਦਾ ਇੱਕ ਨੌਜਵਾਨ ਜੋ ਕਿ ਪਿੰਡ ਦੇ ਗੁਰੂ ਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣ ਲਈ ਉੱਪਰ ਚੜਿਆ ਸੀ। ਇਸ ਦੌਰਾਨ ਅਚਾਨਕ ਤਾਰ ਟੁੱਟਣ ਕਾਰਨ ਨੌਜਵਾਨ ਉੱਪਰ ਹੀ ਅਟਕ ਗਿਆ। ਇਸ ਸਬੰਧੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਜਿਸ ਤੇ ਫੋਰਨ ਕਾਰਵਾਈ ਕਰਦੇ ਹੋਏ ਜਿਲ੍ਹਾ ਪ੍ਰਸ਼ਾਸਨ ਨੇ ਆਰਮੀ ਦੀ ਅਮੋਘ ਡਿਵੀਜ਼ਨ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਕੀਤਾ। ਆਰਮੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੜੇ ਸੂਝ ਬੂਝ ਅਤੇ ਦਲੇਰੀ ਦੇ ਨਾਲ ਕਾਫੀ ਉਚਾਈ ਤੇ ਅਟਕੇ ਨੌਜਵਾਨ ਨੂੰ ਰੈਸਕਿਊ ਕਰਕੇ ਨੀਚੇ ਉਤਾਰਿਆ। ਆਰਮੀ ਦੀ ਸੂਝਬੂਝ ਕਾਰਨ ਨੌਜਵਾਨ ਨੂੰ ਸੁਰੱਖਿਤ ਨੀਚੇ ਉਤਾਰਿਆ ਗਿਆ ਅਤੇ ਉਹ ਹੁਣ ਪੂਰੀ ਤਰ੍ਹਾਂ ਦੇ ਨਾਲ ਬਿਲਕੁਲ ਠੀਕ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਣਾ ਨਹੀਂ ਵਾਪਰੀ | ਡਿਪਟੀ ਕਮਿਸ਼ਨਰ ਨੇ ਬੜੀ ਬਹਾਦਰੀ ਅਤੇ ਸੂਝ ਬੂਝ ਨਾਲ ਕੰਮ ਕਰਨ ਦੇ ਲਈ ਆਰਮੀ ਅਮੋਘ ਡਿਵੀਜ਼ਨ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਉਹਨਾਂ ਨੇ ਦੱਸਿਆ ਕਿ ਅਜਿਹੇ ਸਮੇਂ ਦੇ ਵਿੱਚ ਆਰਮੀ ਨੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਹਰ ਖੇਤਰ ਦੇ ਵਿੱਚ ਜਦੋਂ ਵੀ ਜਿਲਾ ਪ੍ਰਸ਼ਾਸਨ ਨੂੰ ਜਰੂਰਤ ਪਈ ਹੈ ਆਰਮੀ ਦੇ ਅਧਿਕਾਰੀਆਂ ਅਤੇ ਜਵਾਨਾ ਨੇ ਬੜੀ ਦਲੇਰੀ ਦੇ ਨਾਲ ਕੰਮ ਕਰਦੇ ਹੋਏ ਜਿਲਾ ਪ੍ਰਸ਼ਾਸਨ ਦੀ ਸਹਾਇਤਾ ਕੀਤੀ ਹੈ।