ਅੰਮ੍ਰਿਤਸਰ -ਅੰਮ੍ਰਿਤਸਰ ਪੁਲੀਸ ਵਲੋ ਬੀਤੀ 3 ਜਨਵਰੀ ਨੂੰ ਹਿਰਾਸਤ ਵਿਚ ਲਏ ਸ਼ੋ੍ਰਮਣੀ ਕਮੇਟੀ ਦੇ ਸਹਾਇਕ ਸੁਪਰਵਾਇਜਰ ਕੰਵਲਜੀਤ ਸਿੰਘ ਨੂੰ ਅੱਜ ਸਥਾਨਕ ਜਿਲ੍ਹਾ ਕਚਿਹਰੀਆਂ ਵਿਚ ਮੈਜਿਸਟੇ੍ਰਟ ਮੈਡਮ ਜੈਸਮੀਨ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਨਯੋਗ ਜਜ ਨੇ ਪੁਲੀਸ ਦੀ ਮੰਗ ਤੇ ਸਹਾਇਕ ਸੁਪਰਵਾਇਜਰ ਕੰਵਲਜੀਤ ਸਿੰਘ ਪਾਂਸੋ ਹੋਰ ਵਧੇਰੇ ਪੁੱਛਗਿਛ ਲਈ 3 ਦਿਨ ਦਾ ਰਿਮਾਂਡ ਦਿੱਤਾ ਹੈ।ਹੁਣ ਇਸ ਮਾਮਲੇ ਵਿਚ ਸਾਬਕਾ ਚਾਰਟਿਡ ਅਕਾਉਟੈਂਟ ਸ੍ਰੀ ਸਤਿੰਦਰ ਸਿੰਘ ਕੋਹਲੀ ਤੇ ਸਹਾਇਕ ਸੁਪਰਵਾਇਜਰ ਕੰਵਲਜੀਤ ਸਿੰਘ 12 ਜਨਵਰੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤੇ ਜਾਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪ ਮਾਮਲੇ ਵਿਚ ਅੱਜ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਾਇਕ ਸੁਪਰਵਾਇਜਰ ਕੰਵਲਜੀਤ ਸਿੰਘ ਨੂੰ ਅੱਜ ਇਕ ਵਾਰ ਮੁੜ ਅਦਾਲਤ ਵਿਚ ਪੇਸ਼ ਕੀਤਾ, ਇਸ ਤੋ ਪਹਿਲਾਂ ਬੀਤੀ 4 ਜਨਵਰੀ ਨੂੰ ਸਹਾਇਕ ਸੁਪਰਵਾਇਜਰ ਕੰਵਲਜੀਤ ਸਿੰਘ ਨੂੰ ਪੁਲੀਸ ਵਲੋ ਅਦਾਲਤ ਵਿਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਲਿਆ ਸੀ । ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਤੋ ਬਾਅਦ ਬੀਤੀ 7 ਦਸੰਬਰ 2025 ਨੂੰ ਅੰਮ੍ਰਿਤਸਰ ਪੁਲੀਸ ਵਲੋ ਥਾਨਾ ਸੀ ਡਵੀਜਨ ਵਿਚ ਸਿੱਖ ਸਦਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਸ਼ਿਕਾਇਤ ਤੇ ਐਫ ਆਈ ਆਰ ਨੰਬਰ 168 ਦਾਇਰ ਕੀਤੀ ਗਈ ਜਿਸ ਦੇ ਤਹਿਤ ਸਹਾਇਕ ਸੁਪਰਵਾਇਜਰ ਕੰਵਲਜੀਤ ਸਿੰਘ ਸਮੇਤ ਕੁਲ 16 ਵਿਅਕਤੀਆਂ ਤੇ ਧਾਰਾ 295, 295 ਏ, 409, 465 ਅਤੇ 120 ਬੀ ਮਾਮਲਾ ਦਰਜ ਕੀਤਾ ਗਿਆ ਸੀ।ਇਸ ਮਾਮਲੇ ਤੇ ਅਗਲੇਰੀ ਕਾਰਵਾਈ ਕਰਨ ਲਈ ਬੀਤੀ 22 ਦਸੰਬਰ 2025 ਨੂੰ ਇਕ ਵਿਸੇ਼ਸ਼ ਪੜਤਾਲੀਆ ਟੀਮ ਦਾ ਗਠਨ ਵੀ ਕੀਤਾ ਗਿਆ ਸੀ।ਬੀਤੀ 10 ਦਸੰਬਰ 2025 ਨੂੰ ਲਾਪਤਾ ਸਰੂਪ ਮਾਮਲੇ ਵਿਚ ਜਿੰਮੇਵਾਰ ਦਸੇ ਜਾਂਦੇ ਵਿਅਕਤੀਆਂ ਵਲੋ ਅੰਮ੍ਰਿਤਸਰ ਦੇ ਵਧੀਕ ਸ਼ੈਸ਼ਨ ਜੱਜ ਸ੍ਰ ਗੁਰਬੀਰ ਸਿੰਘ ਦੀ ਅਦਾਲਤ ਵਿਚ ਜਮਾਨਤ ਦੀ ਅਰਜੀ ਲਗਾਈ ਸੀ, ਜਿਸ ਤੇ ਮਾਨਯੋਗ ਅਦਾਲਤ ਨੇ 18 ਦਸੰਬਰ ਤਕ ਸਟੇਅ ਦਿੱਤਾ ਸੀ ਤੇ 20 ਦਸੰਬਰ ਨੂੰ ਇਨਾਂ 16 ਵਿਅਕਤੀਆਂ ਦੀ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਸੀ। ਦਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪ ਮਾਮਲੇ ਵਿਚ ਪੜਤਾਲ ਕਰਨ ਲਈ ਬਣਾਏ ਡਾ ਈਸ਼ਰ ਸਿੰਘ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਤੋ ਬਾਅਦ ਸਹਾਇਕ ਸੁਪਰਵਾਇਜਰ ਕੰਵਲਜੀਤ ਸਿੰਘ ਨੂੰ ਵੀ ਜਿੰਮੇਵਾਰਾਂ ਵਿਚੋ ਇਕ ਮੰਨਿਆ ਜਾ ਰਿਹਾ ਹੈ। ਸਹਾਇਕ ਸੁਪਰਵਾਇਜਰ ਕੰਵਲਜੀਤ ਸਿੰਘ ਨੇ ਡਾ ਈਸ਼ਰ ਸਿੰਘ ਕੋਲ ਸ਼ਪ਼ਸਟ ਕੀਤਾ ਸੀ ਕਿ ਉਸ ਕੋਲ ਵਖ ਵਖ ਅਧਿਕਾਰੀਆਂ ਦੀਆਂ ਪਰਚੀਆਂ ਆਉਦੀਆਂ ਸਨ ਤੇ ਉਨਾਂ ਪਰਚੀਆਂ ਦੇ ਅਧਾਰ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਿੰਦਾ ਸੀ, ਜਿਉ ਹੀ ਇਹ ਬਿਆਨ ਚਰਚਾ ਵਿਚ ਆਇਆ ਤਾਂ ਸਹਾਇਕ ਸੁਪਰਵਾਇਜਰ ਕੰਵਲਜੀਤ ਸਿੰਘ ਨੇ ਕਮਿਸ਼ਨ ਨੂੰ ਉਸ ਸਮੇ ਦਸਿਆ ਕਿ ਮੇਰੇ ਕੋਲੋ ਤਤਕਾਲੀ ਸਕੱਤਰ ਸ੍ਰ ਮਹਿੰਦਰ ਸਿੰਘ ਆਹਲੀ ਨੇ ਪਰਚੀਆਂ ਖੋਹ ਲਈਆਂ ਸਨ ।