ਨਵੀਂ ਦਿੱਲੀ -ਬੀਤੇ ਦੋ ਦਿਨ ਪਹਿਲਾਂ ਯੂਕੇ ਵਿਖ਼ੇ ਇਕ ਸਿੱਖ ਬੱਚੀ ਨਾਲ ਗਰੂਮਿੰਗ ਗੈਂਗ ਵਲੋਂ ਪੰਜ ਛੇ ਜਣਿਆ ਨਾਲ ਮਿਲਕੇ ਜਬਰਜਿੰਨ੍ਹਾਹ ਕੀਤਾ ਗਿਆ ਜੋ ਕਿ ਬਹੁਤ ਹੀ ਚਿੰਤਾਜਨਕ ਅਤਿ ਦੁਖਦਾਇਕ ਘਟਨਾ ਹੈ । ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਆਪਣੀ ਪਰਿਵਾਰਿਕ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਯੂਕੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਗਰੂਮਿੰਗ ਗੈਂਗ ਸਰਗਰਮ ਹਨ ਤੇ ਵਾਰ ਵਾਰ ਉਨ੍ਹਾਂ ਵਲੋਂ ਕੀਤੀ ਜਾਂਦੀ ਕੌਈ ਨਾ ਕੌਈ ਅਣਸੁਖਾਵੀ ਘਟਨਾ ਅਖ਼ਬਾਰ ਦੀਆਂ ਸੁਰਖੀਆਂ ਬਣਦੀ ਰਹਿੰਦੀਆਂ ਹਨ। ਇਸ ਮਸਲੇ ਤੇ ਖਾਸ ਕਰਕੇ ਯੂਕੇ ਪਾਰਲੀਮੈਂਟ ਅੰਦਰ ਸਿੱਖ ਅਤੇ ਪੰਜਾਬੀ ਪਾਰਲੀਮੈਂਟ ਮੈਂਬਰ ਹੋਣ ਦੇ ਬਾਵਜੂਦ ਯੂਕੇ ਸਰਕਾਰ ਵਲੋਂ ਕੌਈ ਵੀ ਕਦਮ ਨਾ ਚੁੱਕੇ ਜਾਣੇ, ਵੀ ਵਡੀ ਚਿੰਤਾ ਦਾ ਵਿਸ਼ਾ ਹੈ, ਜਦਕਿ ਬੀਤੇ ਸਮੇਂ ਅੰਦਰ ਹੋਈਆਂ ਕੁਝ ਘਟਨਾਵਾਂ ਦਾ ਯੂਕੇ ਅੰਦਰ ਸਿੱਖ ਜੱਥੇਬੰਦੀਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਵਿਰੋਧ ਅਤੇ ਵਿਰੋਧ ਮਾਰਚ ਵੀ ਕੀਤੇ ਗਏ ਸਨ । ਉਨ੍ਹਾਂ ਕਿਹਾ ਕਿ ਅਸੀਂ ਯੂਕੇ ਦੀਆਂ ਸਮੂਹ ਸਿੱਖ ਫੈਡਰੇਸ਼ਨ, ਸਿੱਖ ਜਥੇਬੰਦੀਆਂ ਅਤੇ ਸਮੂਹ ਬ੍ਰਿਟਿਸ਼ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਤੇ ਇਸ ਮਸਲੇ 'ਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਬ੍ਰਿਟੇਨ ਦੇ ਸਮੂਹ ਗੁਰਦੁਆਰਾ ਸਾਹਿਬਾਨ ਵਿਖ਼ੇ ਅਤੇ ਹੋਰ ਜੋ ਵੀ ਉਚਿਤ ਜਗਾਵਾਂ ਹਨ, ਯੂਕੇ ਰਹਿੰਦੇ ਸਿੱਖ ਪੰਜਾਬੀ ਪਰਿਵਾਰਾਂ ਨੂੰ ਇੰਨ੍ਹਾ ਗਰੂਮਿੰਗ ਗੈਂਗ ਵਿਰੁੱਧ ਮੁਕਾਬਲਾ ਕਰਣ ਲਈ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਕੈਂਪ ਲਗਾਏ ਜਾਣ ਜਿਸ ਵਿਚ ਉਨ੍ਹਾਂ ਨੂੰ ਗਰੂਮਿੰਗ ਗੈਂਗ ਦੀਆਂ ਗਤੀਵਿਧੀਆਂ ਦੀ ਭਰਪੂਰ ਜਾਣਕਾਰੀ ਦਿੱਤੀ ਜਾਏ ਜਿਸ ਨਾਲ ਭਵਿੱਖ ਵਿਚ ਹੋਰ ਕੌਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ । ਉਨ੍ਹਾਂ ਕਿਹਾ ਇਸ ਮਸਲੇ ਤੇ ਕੰਮ ਕਰ ਰਹੀ ਨੌਜੁਆਨ ਸਿੱਖਾਂ ਦੀ ਸੰਸਥਾ ਸਿੱਖ ਯੂਥ ਯੂਕੇ (ਭਾਈ ਦੀਪਾ ਸਿੰਘ) ਦਾ ਵੀ ਸਹਿਯੋਗ ਲਿਤਾ ਜਾ ਸਕਦਾ ਹੈ । ਨਾਲ ਹੀ ਸੰਸਾਰ ਅੰਦਰ ਬਣ ਰਹੇ ਜੰਗੀ ਹਾਲਾਤਾਂ ਨੂੰ ਦੇਖਦਿਆਂ ਆਪਣੀ ਸੁਰੱਖਿਆ ਲਈ ਹਰ ਗੁਰੂਘਰ ਅੰਦਰ ਮਾਰਸ਼ਲ ਆਰਟ ਅਤੇ ਗੱਤਕਾ ਦੀਆਂ ਰੋਜਾਨਾ ਕਲਾਸਾਂ ਲਗਾਈ ਜਾਣ ਦਾ ਤੁਰੰਤ ਉਪਰਾਲਾ ਕੀਤਾ ਜਾਏ ।