ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਸਹਿਯੋਗ ਸਦਕਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕਾਲਜ ਕੈਂਪਸ ਗਰਾਊਂਡ ’ਚ ਢੋਲ ਦੇ ਡੱਗੇ ’ਤੇ ਵਿਦਿਆਰਥੀਆਂ ਨੇ ਧਮਾਲਾਂ ਪਾਉਂਦਿਆਂ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਰੀਤੀ–ਰਿਵਾਜ਼ਾਂ ਮੁਤਾਬਕ ਭੁੱਗਾ ਬਾਲਣ ਦੀ ਰਸਮ ਕਰਨ ਦੇ ਨਾਲ‐ਨਾਲ ਵਿਦਿਆਰਥੀਆਂ ਨੇ ਖੁਸ਼ੀ ’ਚ ‘ਸੁੰਦਰ ਮੁੰਦਰੀਏ’ ਅਤੇ ‘ਆਈ–ਬੋ ਕਾਟਾ’ ਦੇ ਗੀਤ ਗਾਏ। ਇਸ ਮੌਕੇ ਭੁੱਗੇ ਦੁਆਲੇ ਨੱਚਦੀਆਂ ਵਿਦਿਆਰਥਣਾਂ ਨੇ ਹਾਜ਼ਰ ਸਟਾਫ਼ ਨੂੰ ਨਾਲ ਨੱਚਣ ’ਤੇ ਮਜ਼ਬੂਰ ਕਰ ਦਿੱਤਾ।
ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਲੋਹੜੀ ਚਾਵਾਂ ਅਤੇ ਖੁਸ਼ੀਆਂ ਨਾਲ ਪੰਜਾਬ ਸਮੇਤ ਸਮੂਹ ਦੇਸ਼ਾਂ ’ਚ 13 ਜਨਵਰੀ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਕਾਲਜ ਵਿਖੇ ਸਮੂਹ ਸਟਾਫ਼ ਸਮੇਤ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਅੱਜ ਸਾਂਝੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਤਿਉਹਾਰਾਂ ਦੀ ਸੱਭਿਆਚਾਰਕ ਮਹੱਤਤਾ ਸਬੰਧੀ ਦੱਸਦਿਆਂ ਅਤੇ ਲੋਹੜੀ ਦੇ ਇਤਿਹਾਸ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਦਾ ਆਗਾਜ ਸ੍ਰੀਮਤੀ ਸੁਧਾ ਅਤੇ ਵੰਦਨਾ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ’ਚ ਲੜਕੀਆਂ ਪ੍ਰਤੀ ਸਮਾਜ ਨੂੰ ਆਪਣੀ ਵਿਚਾਰਧਾਰਾ ਬਦਲਣ ਦੀ ਲੋੜ ਹੈ, ਕਿਉਂਕਿ ਸਮਾਜ ’ਚ ਅਜੇ ਵੀ ਧੀਆਂ ਪ੍ਰਤੀ ਕਈ ਇਨਸਾਨਾਂ ਦੀ ਪੁਰਾਤਨ ਸੋਚ ਹੈ, ਇਸ ਲਈ ਸੋਚ ਨੂੰ ਬਦਲਦਿਆਂ ਧੀਆਂ ਨੂੰ ਬਰਾਬਰਤਾ ਦਾ ਦਰਜਾ ਦੇਣ ਲਈ ਅਜਿਹੇ ਲੋਕਾਂ ਨੂੰ ਸਮਾਜ ਦੇ ਕਦਮ ਨਾਲ ਕਦਮ ਮਿਲਾਕੇ ਚੱਲਦਿਆਂ ਪੁੱਤਾਂ ਵਾਂਗੂੰ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ। ਇਸ ਦੌਰਾਨ ਵਿਦਿਆਰਥੀਆਂ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਮੂੰਗਫਲੀ ਅਤੇ ਰਿਉੜੀਆਂ ਵੰਡੀਆਂ ਗਈਆਂ। ਇਸ ਮੌਕੇ ਉਕਤ ਕਾਲਜਾਂ ’ਚ ਸਮੂਹ ਸਟਾਫ਼ ਦੇ ਨਾਲ ਵਿਦਿਆਰਥੀ ਵੀ ਮੌਜ਼ੂਦ ਸਨ।