ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸੂਬੇ ਦੀਆਂ ਸੜਕਾਂ ’ਤੇ ਸੁਰੱਖਿਅਤ ਮਾਹੌਲ ਅਤੇ ਬਿਹਤਰ ਆਵਾਜਾਈ ਪ੍ਰਬੰਧਨ ਯਕੀਨੀ ਬਣਾਉਣ ਲਈ ਤਕਨਾਲੋਜੀ ਦੀ ਸੁਚੱਜੀ ਵਰਤੋਂ ਕਰਨ ਲਈ ਪੰਜਾਬ ਪੁਲਿਸ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਅੱਜ ਹਾਈਵੇਅ ਸੁਰੱਖਿਆ ਅਤੇ ਲਾਗੂਕਰਨ ਬਾਰੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉੱਚ-ਪੱਧਰੀ ਤਾਲਮੇਲ ਮੀਟਿੰਗ ਕੀਤੀ।
ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਟ੍ਰੈਫਿਕ ਅਤੇ ਰੋਡ ਸੇਫਟੀ ਪੰਜਾਬ, ਏ.ਐਸ. ਰਾਏ ਅਤੇ ਐਨ.ਐਚ.ਏ.ਆਈ. ਚੰਡੀਗੜ੍ਹ ਦੇ ਰੀਜਨਲ ਅਫਸਰ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੌਜੂਦਾ ਅਤੇ ਆਉਣ ਵਾਲੇ ਹਾਈਵੇਅ ਕੋਰੀਡੋਰਾਂ, ਜਿਸ ਵਿੱਚ ਨਵਾਂ ਚਾਲੂ ਕੀਤਾ ਗਿਆ ਕੁਰਾਲੀ-ਖਰੜ-ਮੋਹਾਲੀ ਬਾਈਪਾਸ ਵੀ ਸ਼ਾਮਲ ਹੈ, ’ਤੇ ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ (ਏ.ਟੀ.ਐਮ.ਐਸ.) ਦੀ ਪ੍ਰਭਾਵੀ ਵਰਤੋਂ ’ਤੇ ਵਿਚਾਰ ਚਰਚਾ ਕੀਤੀ ਗਈ ।
ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਸਪੈਸ਼ਲ ਡੀਜੀਪੀ ਏ.ਐਸ. ਰਾਏ ਨੇ ਦੱਸਿਆ ਕਿ ਦੋਵਾਂ ਏਜੰਸੀਆਂ ਨੇ ਅਸਲ-ਸਮੇਂ ਦੀ ਨਿਗਰਾਨੀ, ਆਟੋਮੈਟਿਕ ਵਾਇਓਲੇਸ਼ਨ ਡਿਟੈਕਸ਼ਨ ਅਤੇ ਦੁਰਘਟਨਾ ਵਾਲੀ ਥਾਂ ’ਤੇ ਫੌਰੀ ਪ੍ਰਤੀਕਿਰਿਆ ਲਈ ਏ.ਟੀ.ਐਮ.ਐਸ. ਡੇਟਾ ਨਾਲ ਇਨਫੋਰਸਮੈਂਟ ਪ੍ਰੋਟੋਕੋਲ ਨੂੰ ਏਕੀਕ੍ਰਿਤ ਕਰਨ ’ਤੇ ਚਰਚਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਏਜੰਸੀਆਂ ਨੇ ਰੋਡ ਸਾਈਡ ਵਿਜ਼ੀਬਿਲਟੀ ਅਤੇ ਜਨਤਕ ਸਹਾਇਤਾ ਨੂੰ ਵਧਾਉਣ ਲਈ ਮੁੱਖ ਟੋਲ ਪਲਾਜ਼ਾ ਅਤੇ ਬਿਨਾਂ ਟੋਲ ਵਾਲੀਆਂ ਥਾਵਾਂ ’ਤੇ ਟ੍ਰੈਫਿਕ ਸਹਾਇਤਾ ਪੋਸਟਾਂ ਨੂੰ ਅਪਗ੍ਰੇਡ ਕਰਨ ’ਤੇ ਸਹਿਮਤੀ ਪ੍ਰਗਟਾਈ । ਉਨ੍ਹਾਂ ਇਹ ਵੀ ਕਿਹਾ ਕਿ ਐਸ.ਐਸ.ਐਫ. ਯੂਨਿਟਾਂ ਅਤੇ ਐਨ.ਐਚ.ਏ.ਆਈ. ਟੀਮਾਂ ਵਿਚਕਾਰ ਨਿਰਵਿਘਨ ਸੰਚਾਲਨ ਸੰਪਰਕ, ਮੁੱਖ ਕੋਰੀਡੋਰਾਂ ਵਿੱਚ ਫੌਰੀ ਤੇ ਸਰਗਰਮ ਸਹਾਇਤਾ ਨੂੰ ਯਕੀਨੀ ਬਣਾਏਗਾ।
ਮੀਟਿੰਗ ਵਿੱਚ, ਦੁਰਘਟਨਾਵਾਂ ਸਮੇਂ ਸੁਚੱਜੇ ਢੰਗ ਨਾਲ ਨਜਿੱਠਣ ਲਈ ਐਂਬੂਲੈਂਸ ਸੇਵਾਵਾਂ, ਰਿਕਵਰੀ ਵੈਨਾਂ ਅਤੇ ਹਾਈਵੇਅ ਪੈਟਰੋÇਲੰਗ ਤੈਨਾਤੀ ਵਾਸਤੇ ਐਮਰਜੈਂਸੀ ਹੈਲਪਲਾਈਨਾਂ 1033 ਅਤੇ 112 ਦੇ ਏਕੀਕਰਨ ਬਾਰੇ ਵੀ ਸਮੀਖਿਆ ਕੀਤੀ ਗਈ ਤਾਂ ਜੋ ਸਰੋਤਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ। ਇਸ ਦੌਰਾਨ ਚੰਡੀਗੜ੍ਹ ਅਤੇ ਰਾਜਪੁਰਾ ਰੋਡ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਵਿਚਾਰਿਆ ਗਿਆ ਅਤੇ ਇਸ ਤੇ ਐਨ.ਐਚ.ਏ.ਆਈ. ਵੱਲੋਂ 2-3 ਮਹੀਨਿਆਂ ਦੇ ਅੰਦਰ ਲੋੜੀਂਦੇ ਸੁਧਾਰ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਇਹ ਸਹਿਮਤੀ ਵੀ ਬਣੀ ਕਿ ਬਲੈਕ ਸਪਾਟਾਂ ਦੀ ਨਿਯਮਿਤ ਪਛਾਣ ਅਤੇ ਮੁਲਾਂਕਣ ਸਾਂਝੇ ਤੌਰ ’ਤੇ ਕੀਤਾ ਜਾਵੇਗਾ ਅਤੇ ਜਿਸਦੇ ਡਾਟਾ ਵਿਸ਼ਲੇਸ਼ਣ ਲਈ ਪੀ.ਆਰ.ਐਸ.ਟੀ.ਆਰ.ਸੀ , ਜੋ ਪੰਜਾਬ ਪੁਲਿਸ ਦਾ ਖੋਜ ਵਿੰਗ ਹੈ , ਵੱਲੋਂ ਸਹਾਇਤਾ ਕੀਤੀ ਜਾਵੇਗੀ ।
ਵਿਸ਼ੇਸ਼ ਡੀਜੀਪੀ ਏ.ਐਸ. ਰਾਏ ਨੇ ਐਨ.ਐਚ.ਏ.ਆਈ. ਨੂੰ ਪੂਰਨ ਭਰੋਸਾ ਦਿੰਦਿਆਂ ਕਿਹਾ, ‘‘ਆਪਾਂ ਇਕੱਠੇ ਕੰਮ ਕਰਾਂਗੇ ਤਾਂ ਜੋ ਰਾਜ ਵਿੱਚ ਸੜਕੀ ਆਵਾਜਾਈ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਸੁਰੱਖਿਆ ਅਤੇ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।’’
ਰੀਜਨਲ ਅਫ਼ਸਰ ਚੰਡੀਗੜ੍ਹ , ਰਾਕੇਸ਼ ਕੁਮਾਰ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਦੇ ਸੁਚੱਜੇ ਲਾਗੂਕਰਨ ਨਾਲ ਇੰਜੀਨੀਅਰਿੰਗ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ। ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਅਸੀਂ ਹਰ ਕੀਮਤੀ ਜਾਨ ਨੂੰ ਬਚਾਉਣ ਲਈ ਆਵਾਜਾਈ ਨੂੰ ਹੋਰ ਬਿਹਤਰ ਤੇ ਸੁਚਾਰੂ ਬਣਾਉਣ ਲਈ ਸਾਂਝੇ ਤੌਰ ’ਤੇ ਕੰਮ ਕਰ ਰਹੇ ਹਾਂ।’’
ਇਸ ਦੌਰਾਨ ਮੌਜੂਦ ਪਤਵੰਤਿਆਂ ਵਿੱਚ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ , ਪ੍ਰੋਜੈਕਟ ਡਾਇਰੈਕਟਰ ਪੀਆਈਯੂ-ਚੰਡੀਗੜ੍ਹ ਆਸ਼ਿਮ ਬਾਂਸਲ ਅਤੇ ਡੀਐਸਪੀ ਟ੍ਰੈਫਿਕ ਅਤੇ ਸੜਕ ਸੁਰੱਖਿਆ ਗਣੇਸ਼ ਕੁਮਾਰ ਸ਼ਾਮਲ ਸਨ।