ਨਵੀਂ ਦਿੱਲੀ- ਕਾਂਗਰਸ ਹਾਈਕਮਾਂਡ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਅਗਵਾਈ ਬਦਲਣ ਦਾ ਕੋਈ ਸਵਾਲ ਨਹੀਂ ਹੈ। ਇਸਦੇ ਨਾਲ ਹੀ ਹਾਈ ਕਮਾਂਡ ਨੇ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਪਾਰਟੀ ਨਾਲ ਸੰਬੰਧਤ ਮਸਲਿਆਂ ਦੀ ਜਨਤਕ ਤੌਰ ‘ਤੇ ਜ਼ਾਹਿਰ ਕਰਨ ਦੀ ਬਜਾਏ ਸਿਰਫ਼ ਹਾਈਕਮਾਂਡ ਦੇ ਮੰਚ ‘ਤੇ ਹੀ ਚਰਚਾ ਕੀਤੀ ਜਾਵੇ।
ਅੱਜ ਏਆਈਸੀਸੀ ਮੁੱਖ ਦਫ਼ਤਰ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇੱਕ ਮੀਟਿੰਗ ਹੋਈ, ਜਿਸਦੀ ਅਗਵਾਈ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕੀਤੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ, ਜਨਰਲ ਸਕੱਤਰ ਸੰਗਠਨ ਕੇ.ਸੀ. ਵੇਣੁਗੋਪਾਲ, ਪੰਜਾਬ ਇੰਚਾਰਜ ਜਨਰਲ ਸਕੱਤਰ ਭੂਪੇਸ਼ ਬਘੇਲ, ਸੀਨੀਅਰ ਆਗੂ ਅੰਬਿਕਾ ਸੋਨੀ ਸਮੇਤ ਹੋਰ ਆਗੂ ਵੀ ਮੌਜੂਦ ਰਹੇ।
ਮੀਟਿੰਗ ਦੌਰਾਨ ਪੰਜਾਬ ਤੋਂ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਜਨਰਲ ਸਕੱਤਰ ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਕੇ.ਪੀ. ਸਿੰਘ, ਵਿਜੇ ਇੰਦਰ ਸਿੰਗਲਾ ਅਤੇ ਡਾ. ਅਮਰ ਸਿੰਘ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਵੇਣੁਗੋਪਾਲ ਨੇ ਕਿਹਾ ਕਿ ਮੀਟਿੰਗ ਕਰੀਬ ਤਿੰਨ ਘੰਟੇ ਚੱਲੀ ਅਤੇ ਪੰਜਾਬ ਤੋਂ ਹਾਜ਼ਰ ਹਰ ਆਗੂ ਨੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਇਹ ਇਕ ਵਧੀਆ ਮੀਟਿੰਗ ਰਹੀ, ਜਿਸ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ ਗਏ।
ਇਸ ਦੌਰਾਨ ਅਗਵਾਈ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਵਿੱਚ ਅਗਵਾਈ ਬਦਲਣ ਦਾ ਕੋਈ ਸਵਾਲ ਹੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਆਗੂਆਂ ਨੂੰ ਪੂਰੀ ਤਰ੍ਹਾਂ ਅਨੁਸ਼ਾਸਨ ਵਿੱਚ ਰਹਿਣ ਅਤੇ ਪਾਰਟੀ ਨਾਲ ਸਬੰਧਤ ਮਸਲਿਆਂ ‘ਤੇ ਮੀਡੀਆ ਜਾਂ ਸੋਸ਼ਲ ਮੀਡੀਆ ‘ਤੇ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ, ਜਿਹੜੇ ਮਸਲਿਆਂ ਬਾਰੇ ਸਿਰਫ਼ ਪਾਰਟੀ ਦੇ ਅੰਦਰੂਨੀ ਮੰਚਾਂ ‘ਤੇ ਹੀ ਚਰਚਾ ਹੋਣੀ ਚਾਹੀਦੀ ਹੈ।
ਜਦਕਿ ਪੰਜਾਬ ਤੋਂ ਕਰੀਬ 30 ਆਗੂਆਂ ਵੱਲੋਂ ਹਾਈ ਕਮਾਂਡ ਨਾਲ ਮਿਲਣ ਲਈ ਸਮਾਂ ਮੰਗਣ ਬਾਰੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਵੇਣੂਗੋਪਾਲ ਨੇ ਕਿਹਾ ਕਿ ਹਰ ਆਗੂ ਆਪਣੀ ਵਿਅਕਤੀਗਤ ਕਾਬਲੀਅਤ ਦੇ ਅਧਾਰ ਤੇ ਹਾਈ ਕਮਾਂਡ ਦੇ ਕਿਸੇ ਵੀ ਆਗੂ ਨਾਲ ਮਿਲ ਸਕਦਾ ਹੈ। ਲੇਕਿਨ, ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸੇ ਤਰ੍ਹਾਂ, ਵੇਣੂਗੋਪਾਲ ਨੇ ਦਲਿਤਾਂ ਨੂੰ ਪ੍ਰਤੀਨਿਧਿਤਾ ਦੇ ਮਸਲੇ ‘ਤੇ ਕਿਹਾ ਕਿ ਪਾਰਟੀ ਐੱਸਸੀ, ਐੱਸਟੀ ਅਤੇ ਜਨਰਲ ਜਾਤੀਆਂ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਸਣੇ ਸਮਾਜ ਦੇ ਹਾਸ਼ੀਏ ‘ਤੇ ਖੜ੍ਹੇ ਵਰਗਾਂ ਨੂੰ ਦੇਸ਼ ਭਰ ਵਿੱਚ ਯੋਗ ਨੁਮਾਇੰਦਗੀ ਦੇਣ ਪ੍ਰਤੀ ਵਚਨਬੱਧ ਹੈ।
ਇਸ ਮੌਕੇ ਭੂਪੇਸ਼ ਬਘੇਲ ਨੇ ਕਿਹਾ ਕਿ ਚਰਚਾਵਾਂ ਲਗਭਗ ਤਿੰਨ ਘੰਟੇ ਚੱਲੀਆਂ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਜਨਤਕ ਭਾਵਨਾ ਹੈ ਕਿ ਲੋਕ ਕਾਂਗਰਸ ਨੂੰ ਸਰਕਾਰ ਬਣਾਉਂਦੇ ਹੋਏ ਦੇਖਣਾ ਚਾਹੁੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮੀਟਿੰਗ ਦੌਰਾਨ ਸਪੱਸ਼ਟ ਤੌਰ ‘ਤੇ ਦੱਸ ਦਿੱਤਾ ਗਿਆ ਹੈ ਕਿ ਕਿਸੇ ਵੀ ਕਿਸਮ ਦੀ ਧੜੇਬੰਦੀ ਜਾਂ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।