ਅੰਮ੍ਰਿਤਸਰ-ਖਾਲਸਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਖਾਲਸਾ ਕਾਲਜ ਵਿਖੇ ‘ਬੇਸਿਸ ਆਫ ਸਟੋਰੀਟੇਲਿੰਗ ਥਰੂਅ ਸਿਨੇਮੈਟੋਗ੍ਰਾਫੀ’ ਵਿਸ਼ੇ ’ਤੇ ਫੂਜੀਫ਼ਿਲਮ ਵੱਲੋਂ ਸੰਸਥਾਗਤ ਫੋਟੋਗ੍ਰਾਫੀ ਵਰਕਸ਼ਾਪ ਕਰਵਾਈ ਗਈ।ਜਿਸ ’ਚ ਨਾਰਥ ਇੰਡੀਆ, ਫੁਜੀਫ਼ਿਲਮ ਟੈਕਨੀਕਲ ਇਵੈਂਜਲਿਸਟ ਸ੍ਰੀ ਅਭਿਮਨਯੂ ਪਾਂਡੇ, ਅੱਪਰ ਨਾਰਥ ਸੇਲਜ਼ ਮੈਨੇਜਰ ਸ੍ਰੀ ਅਮਿਤ ਅਤੇ ਰੀਜਨਲ ਸੇਲਜ਼ ਅਫ਼ਸਰ ਸ੍ਰੀ ਹਰਕੀਰਤ ਨੇ ਸ਼ਿਰਕਤ ਕੀਤੀ।ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਦੀ ਕਲਾ ਅਤੇ ਤਕਨੀਕ ਸਬੰਧੀ ਵਿਹਾਰਕ ਜਾਣਕਾਰੀ ਦੇਣਾ ਅਤੇ ਵਿਜ਼ੂਅਲ ਸਟੋਰੀਟੈਲਿੰਗ ਦੀ ਸਮਝ ਨੂੰ ਮਜ਼ਬੂਤ ਕਰਨਾ ਸੀ।
ਇਸ ਮੌਕੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਫੂਜੀਫ਼ਿਲਮ ਟੀਮ ਦਾ ਸਵਾਗਤ ਕਰਨ ਉਪਰੰਤ ਆਧੁਨਿਕ ਮੀਡੀਆ ’ਚ ਫੋਟੋਗ੍ਰਾਫੀ ਅਤੇ ਸਿਨੇਮਾਟੋਗ੍ਰਾਫੀ ਦੀ ਅਹਿਮੀਅਤ ਉਜਾਗਰ ਕਰਦੇ ਹੋਏ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਦੇ ਸਹਿਯੋਗ ਨੂੰ ਵਿਦਿਆਰਥੀਆਂ ਦੇ ਪੇਸ਼ਾਵਰ ਹੁਨਰ ਵਿਕਾਸ ਲਈ ਮਹੱਤਵਪੂਰਨ ਦੱਸਿਆ।ਇਸ ਮੌਕੇ ਸ੍ਰੀ ਪਾਂਡੇ ਨੇ ਬਹੁਤ ਹੀ Wਚਿਕਰ ਅਤੇ ਜਾਣਕਾਰੀ ਭਰਪੂਰ ਸੈਸ਼ਨ ਦੌਰਾਨ ਫੋਟੋਗ੍ਰਾਫੀ ਦੇ ਮੂਲ ਸਿਧਾਂਤ, ਕੈਮਰਾ ਤਕਨੀਕਾਂ, ਕੰਪੋਜ਼ੀਸ਼ਨ ਅਤੇ ਸਿਨੇਮਾਟੋਗ੍ਰਾਫੀ ਰਾਹੀਂ ਵਿਜ਼ੂਅਲ ਸਟੋਰੀਟੈਲਿੰਗ ਦੇ ਸੰਕਲਪ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਅਨੁਭਵ ਦੇਣ ਲਈ ਉਨ੍ਹਾਂ ਨੂੰ ਸਮੂਹਾਂ ’ਚ ਵੰਡ ਕੇ ਚਰਚਿਤ ਸੰਕਲਪਾਂ ਅਧਾਰਿਤ ਫੋਟੋਗ੍ਰਾਫੀ ਅਸਾਈਨਮੈਂਟ ਦਿੱਤਾ ਗਿਆ।
ਇਸ ਸੈਸ਼ਨ ਦੇ ਦੂਜੇ ਪੜ੍ਹਾਅ ਦੌਰਾਨ ’ਵਰਸਿਟੀ ਦੇ ਕਾਮਰਸ ਵਿਭਾਗ ਦੀ ਮੁਖੀ ਅਤੇ ਡੀਨ ਡਾ. ਰਿਤੂ ਧਵਨ ਨੇ ਵਰਕਸ਼ਾਪ ’ਚ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਦੋਹਾਂ ਸੰਸਥਾਵਾਂ ਅਤੇ ਉਦਯੋਗ ਮਾਹਿਰਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਫੁਜੀਫ਼ਿਲਮ ਟੀਮ ਵੱਲੋਂ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਦੀ ਮੁਖੀ ਡਾ. ਸਾਨੀਆ ਮਰਵਾਹਾ ਦੀ ਹਾਜ਼ਰੀ ’ਚ ਡਾ. ਧਵਨ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਫੋਟੋਗ੍ਰਾਫੀ ਅਸਾਈਨਮੈਂਟਾਂ ਦੀ ਮੁਲਾਂਕਣ ਤੋਂ ਬਾਅਦ ਸਰਵੋਤਮ ਤਸਵੀਰਾਂ ਦੀ ਚੋਣ ਕੀਤੀ ਗਈ, ਜਿਸ ’ਚ ਪਹਿਲਾ ਸਥਾਨ ਮਨਪ੍ਰੀਤ (ਬੀ.ਏ. ਐਨੀਮੇਸ਼ਨ, ਚੌਥਾ ਸਮੈਸਟਰ, ਖਾਲਸਾ ਕਾਲਜ), ਦੂਜਾ ਸਥਾਨ ਸਾਹਿਲ (ਬੀ.ਏ. ਜੇ.ਐਮ.ਸੀ., ਦੂਜਾ ਸਮੈਸਟਰ, ਖਾਲਸਾ ਯੂਨੀਵਰਸਿਟੀ) ਅਤੇ ਤੀਜਾ ਸਥਾਨ ਜਸ਼ਨ (ਬੀ.ਏ. ਜੇ.ਐਮ.ਸੀ., ਦੂਜਾ ਸਮੈਸਟਰ, ਖਾਲਸਾ ਕਾਲਜ) ਨੇ ਪ੍ਰਾਪਤ ਕੀਤਾ।
ਇਸ ਤੋਂ ਪਹਿਲਾਂ ਡਾ. ਮਰਵਾਹਾ ਦੇ ਸਵਾਗਤੀ ਸੰਬੋਧਨ ’ਚ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਨੂੰ ਰਚਨਾਤਮਕ ਅਭਿਵਿਅਕਤੀ ਅਤੇ ਸੰਚਾਰ ਦਾ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਅਪਨਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਅੱਜ ਦੇ ਡਿਜ਼ੀਟਲ ਅਤੇ ਮੀਡੀਆ ਕੇਂਦਰਿਤ ਯੁੱਗ ’ਚ ਵਿਜ਼ੂਅਲ ਸਟੋਰੀਟੈਲਿੰਗ ਦੀ ਵੱਧ ਰਹੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਵੱਲੋਂ ਸ੍ਰੀ ਪਾਂਡੇ, ਸ੍ਰੀ ਅਮਿਤ ਅਤੇ ਸ੍ਰੀ ਹਰਕੀਰਤ ਫੁਜੀਫ਼ਿਲਮ ਦੇ ਪ੍ਰਤੀਨਿਧੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਵਰਕਸ਼ਾਪ ’ਚ ਡਾ. ਰਿਤੂ ਧਵਨ, ਡਾ. ਮਰਵਾਹਾ ਨੇ ਫੂਜੀਫ਼ਿਲਮ ਟੀਮ ਨਾਲ ਮਿਲ ਕੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਨਾਲ ਹੀ ਸਮੂਹ ਵਿਦਿਆਰਥੀਆਂ ਨੂੰ ਭਾਗੀਦਾਰੀ ਪ੍ਰਮਾਣ–ਪੱਤਰ ਵੀ ਪ੍ਰਦਾਨ ਕੀਤੇ ਗਏ।ਡਾ. ਧਵਨ ਨੇ ਕਿਹਾ ਕਿ ਉਕਤ ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਅਤੇ ਉਦਯੋਗਿਕ ਸਮਝ ਪ੍ਰਦਾਨ ਕੀਤੀ, ਜੋ ਉਨ੍ਹਾਂ ਦੀ ਅਕਾਦਮਿਕ ਉੱਨਤੀ ਅਤੇ ਮੀਡੀਆ ਤੇ ਵਿਜ਼ੂਅਲ ਕਮਿਊਨੀਕੇਸ਼ਨ ਖੇਤਰ ’ਚ ਭਵਿੱਖੀ ਕਰੀਅਰ ਲਈ ਲਾਭਦਾਇਕ ਸਾਬਤ ਹੋਵੇਗੀ।.