ਪੰਜਾਬ

ਸੁਖਬੀਰ ਬਾਦਲ ਨੇ ਕਾਦੀਆਂ ਤੋਂ ’ਪੰਜਾਬ ਬਚਾਓ ਮੁਹਿੰਮ ਦੀ ਸ਼ੁਰੂਆਤ ਕਰ ਕੇ 2027 ਲਈ ਅਕਾਲੀ ਦਲ ਦਾ ਚੋਣ ਬਿਗਲ ਵਜਾਇਆ

ਕੌਮੀ ਮਾਰਗ ਬਿਊਰੋ | February 17, 2026 11:07 PM

ਕਾਦੀਆਂ- ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਦੇ ਪਹਿਲੇ ਪੜਾਅ ਲਈ ਬਿਗਲ ਵਜਾਉਂਦਿਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਿਹੜਾ ਤੂਫਾਨ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਨੂੰ ਪੰਜਾਬ ਵਿਚੋਂ ਬਾਹਰ ਕਰ ਦੇਵੇਗਾ, ਉਹ ਸ਼ੁਰੂ ਹੋ ਗਿਆ ਹੈ। ਉਹਨਾਂ ਨੇ ਕਿਸਾਨਾਂ ਦੀ ਭਲਾਈ, ਦਰਿਆਵਾਂ ’ਤੇ ਪੱਕੇ ਬੰਨ, ਕਮਜ਼ੋਰ ਵਰਗਾਂ ਲਈ ਅਪਗ੍ਰੇਡਡ ਭਲਾਈ ਸਕੀਮਾਂ, ਨੌਜਵਾਨਾਂ ਲਈ 10 ਲੱਖ ਰੁਪਏ ਵਿਆਜ਼ ਰਹਿਤ ਕਰਜ਼, ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਦੇਣ ਅਤੇ ਗੈਂਗਸਟਰਵਾਦ ਤੇ ਨਸ਼ਾ ਮਾਫੀਆ ਖ਼ਤਮ ਕਰਨ ਸਮੇਤ ਅਨੇਕਾਂ ਵਚਨਬੱਧਤਾਵਾਂ ਪ੍ਰਗਟਾਈਆਂ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾ ਸਿਰਫ ਭ੍ਰਿਸ਼ਟ ਹਨ ਬਲਕਿ ਉਹਨਾਂ ਨੇ ਆਸਟਰੇਲੀਆ ਵਿਚ 2500 ਏਕੜ ਜ਼ਮੀਨ ਵੀ ਬਣਾ ਲਈ ਹੈ ਤੇ ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਵਿਚ ਸਮਝੌਤੇ ਵਾਸਤੇ ਪੱਬਾਂ ਭਾਰ ਹਨ। ਉਹਨਾਂ ਕਿਹਾ ਕਿ ਜਿਹੜੀ ਫਾਈਲ ਕੇਂਦਰ ਸਰਕਾਰ ਨੇ ਭਗਵੰਤ ਮਾਨ ਦੇ ਖਿਲਾਫ ਤਿਆਰ ਕੀਤੀ ਹੈ, ਉਸ ਕਾਰਨ ਉਹ ਐਸ ਵਾਈ ਐਲ ਨਹਿਰ ਰਾਹੀਂ ਦਰਿਆਈ ਪਾਣੀ ਹਰਿਆਣਾ ਨੂੰ ਦੇਣ ਦੇ ਮਾਮਲੇ ਵਿਚ ਆਪਣਾ ਸਟੈਂਡ ਨਰਮ ਕਰਨ ਲਈ ਮਜਬੂਰ ਹੋਏ ਹਨ। ਉਹਨਾਂ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ। ਅਸੀਂ ਪਹਿਲਾਂ ਵੀ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਤੇ ਹੁਣ ਵੀ ਅਸੀਂ ਐਸ ਵਾਈ ਐਲ ਰਾਹੀਂ ਪਾਣੀ ਦੀ ਇਕ ਬੂੰਦ ਵੀ ਸੂਬੇ ਵਿਚੋਂ ਬਾਹਰ ਨਹੀਂ ਜਾਣ ਦਿਆਂਗੇ ਭਾਵੇਂ ਜਿੰਨੀਆਂ ਮਰਜ਼ੀਆਂ ਕੁਰਬਾਨੀਆਂ ਦੇਣੀਆਂ ਪੈ ਜਾਣ।

ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਇਸ ਕਰਕੇ ਸੰਤਾਪ ਹੰਢਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਵਿਚ ਬੋਲਣ ਵਾਸਤੇ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਜੋ ਵੀ ਪਾਰਟੀ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੂੰ ਰਾਜ ਸਭਾ ਸੀਟਾਂ ਵੇਚੇਗੀ, ਉਸਦਾ ਇਹੀ ਹਾਲ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਰਾਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ਵਰਗਿਆਂ ਨੂੰ ਰਾਜ ਸਭਾ ਸੀਟਾਂ ਵੇਚੀਆਂ ਗਈਆਂ ਹਨ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹੁਣ ਤੂਫਾਨ ਦੀ ਸ਼ੁਰੂਆਤ ਹੋ ਗਈ ਹੈ ਅਤੇ 40 ਦਿਨਾਂ ਵਿਚ ਇਹ ਸੁਨਾਮੀ ਵਿਚ ਬਦਲ ਜਾਵੇਗਾ। ਉਹਨਾਂ ਨੇ ਅਕਾਲੀ ਦਲ ਵੱਲੋਂ ਵਿਸਾਖੀ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ 40 ਰੈਲੀਆਂ ਦਾ ਹਵਾਲਾ ਦਿੰਦਿਆਂ ਇਸ ਬਾਰੇ ਇਸ਼ਾਰਾ ਕੀਤਾ ਅਤੇ ਕਿਹਾ ਕਿ ਉਹ ਕਾਦੀਆਂ ਦੇ ਮੌਜੂਦਾ ਹਲਕਾ ਇੰਚਾਰਜ ਸਰਦਾਰ ਗੁਰਇਕਬਾਲ ਸਿੰਘ ਮਾਹਲ ਸਮੇਤ ਪਾਰਟੀ ਦੇ ਹਰ ਵਰਕਰ ਤੇ ਆਗੂ ਅਤੇ ਪੰਜਾਬੀਆਂ ਦਾ ਧੰਨਵਾਦ ਕਰਦੇ ਹਨ ਜੋ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੀ ਰੈਲੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ 2027 ਵਿਚ ਅਕਾਲੀ ਦਲ ਦੀ ਵਾਪਸੀ ਲਈ ਪੱਬਾਂ ਭਾਰ ਹਨ ਅਤੇ ਦਿੱਲੀ ਆਧਾਰਿਤ ਪਾਰਟੀਆਂ ਨੂੰ ਕਰਾਰੀ ਹਾਰ ਦੇਣਾ ਚਾਹੁੰਦੇ ਹਨ।

ਪਾਰਟੀ ਦੇ ਏਜੰਡੇ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤੁਸੀਂ ਮੈਨੂੰ ਪੰਜ ਸਾਲ ਦਿਓ ਅਤੇ ਮੈਂ ਪੰਜਾਬ ਨੂੰ ਮੁੜ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਲੈ ਕੇ ਜਾਵਾਂਗਾ। ਉਹਨਾਂ ਨੇ ਸਮਾਜ ਦੇ ਸਾਰੇ ਵਰਗਾਂ ਵਾਸਤੇ ਪੰਜਾਬ ਦੇ ਲੋਕਾਂ ਨਾਲ ਅਨੇਕਾਂ ਵਾਅਦੇ ਵੀ ਕੀਤੇ।

ਕਿਸਾਨਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਹਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਅਗਲੀ ਅਕਾਲੀ ਦਲ ਦੀ ਸਰਕਾਰ ਬਣਨ ਦੇ ਇਕ ਹਫਤੇ ਦੇ ਅੰਦਰ-ਅੰਦਰ ਇਹ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਹੜ੍ਹਾਂ ਦੇ ਟਾਕਰੇ ਵਾਸਤੇ ਦਰਿਆਵਾਂ ’ਤੇ ’ਪੱਕੇ ਬੰਨ’ ਮਾਰੇ ਜਾਣਗੇ, ਜਿਹਨਾਂ ਨੂੰ ਹੁਣ ਤੱਕ ਜ਼ਮੀਨਾਂ ਵਾਹੁਣ ਦੇ ਪੱਕੇ ਅਧਿਕਾਰ ਨਹੀਂ ਮਿਲੇ, ਉਹ ਦਿੱਤੇ ਜਾਣਗੇ ਅਤੇ ਜ਼ਮੀਨਾਂ ਦੀ ਸਹੀ ਵੰਡ ਕੀਤੀ ਜਾਵੇਗੀ।

ਸਰਦਾਰ ਬਾਦਲ ਨੇ ਇਸ ਬਾਰੇ ਵੀ ਗੱਲ ਕੀਤੀ ਕਿ ਕਿਵੇਂ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਮਾਜਿਕ ਲਾਭ ਦੇਣ ਤੋਂ ਨਾਂਹ ਕੀਤੀ ਅਤੇ ਕਿਹਾ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਨੂੰ ਇੰਨ ਬਿੰਨ ਲਾਗੂ ਕਰਾਂਗੇ ਅਤੇ ਕਮਜ਼ੋਰ ਵਰਗਾਂ ਵਾਸਤੇ ਨਵੀਂਆਂ ਸਕੀਮਾਂ ਸ਼ੁਰੂ ਕਰਾਂਗੇ।

ਉਹਨਾਂ ਕਿਹਾ ਕਿ ਆਟਾ-ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਅਤੇ ਆਟਾ 4 ਰੁਪਏ ਕਿੱਲੋ ਤੇ ਦਾਲ 20 ਰੁਪਏ ਕਿੱਲੋ ਦੇ ਰੇਟ ’ਤੇ ਦਿੱਤੀ ਜਾਵੇਗੀ ਅਤੇ ਇਕ ਲੱਖ ਰੁਪਏ ਸ਼ਗਨ ਸਕੀਮ ਅਧੀਨ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਧੀਆਂ ਦੇ ਵਿਆਹ ’ਤੇ ਦਿੱਤੇ ਜਾਣਗੇ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਕਿਵੇਂ ਨਵੀਂਆਂ ਨੌਕਰੀਆਂ ਤੇ ਰੋਜ਼ਗਾਰ ਦੇ ਮੌਕਿਆਂ ਵਾਸਤੇ ਨੌਜਵਾਨਾਂ ਤੇ ਸਾਰੇ ਨਵੇਂ ਉਦਯੋਗਾਂ ਵਿਚ ਪੰਜਾਬੀ ਨੌਜਵਾਨਾਂ ਵਾਸਤੇ 75 ਫੀਸਦੀ ਰਾਖਵਾਂਕਰਨ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਵਾਸਤੇ 10 ਲੱਖ ਰੁਪਏ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ ਜੋ ਉਹ 10 ਸਾਲਾਂ ਵਿਚ ਮੋੜ ਸਕਣਗੇ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਰਕਾਰੀ ਦੇ ਨਾਲ-ਨਾਲ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿਚ 50 ਫੀਸਦੀ ਸੀਟਾਂ ਮੈਰੀਟੋਰੀਅਸ ਵਿਦਿਆਰਥੀਆਂ ਵਾਸਤੇ ਰਾਖਵੀਂਆਂ ਕਰੇਗੀ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਪ੍ਰਣ ਲਿਆ ਕਿ ਸੂਬੇ ਵਿਚੋਂ ਗੈਂਗਸਟਰਵਾਦ ਅਤੇ ਨਸ਼ਾ ਮਾਫੀਆ ਖ਼ਤਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਅਜਿਹੇ ਨਸ਼ਾ ਮਾਫੀਆ ਨੂੰ 10 ਸਾਲਾਂ ਤੱਕ ਜ਼ਮਾਨਤ ਨਾ ਮਿਲਣ ਅਤੇ ਉਹਨਾਂ ਦੀਆਂ ਜਾਇਦਾਦਾਂ ਨਿਲਾਮ ਕਰਨ ਵਾਸਤੇ ਕਾਨੂੰਨ ਵਿਚ ਤਬਦੀਲੀ ਕਰਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਵਿਸ਼ਵ ਕਬੱਡੀ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਨਵਾਂ ਕੁਸ਼ਤੀ ਕੱਪ ਵੀ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਸ਼ੂ ਮੇਲਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਮਾਰਵਾੜੀ ਘੋੜਿਆਂ ਵਾਸਤੇ ਰੇਸ ਕੋਰਸ ਸ਼ੁਰੂ ਕੀਤਾ ਜਾਵੇਗਾ ਤੇ ਕਬੂਤਰਬਾਜ਼ੀ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਕਾਦੀਆਂ ਦੇ ਹਲਕਾ ਇੰਚਾਰਜ ਸਰਦਾਰ ਗੁਰਇਕਬਾਲ ਸਿੰਘ ਮਾਹਿਲ ਨੇ ਹਲਕੇ ਦੇ ਮੁੱਦੇ ਚੁੱਕਦਿਆਂ ਧੁੱਸੀ ਬੰਨ ਮਜ਼ਬੂਤ ਕਰਨ ਅਤੇ ਲਾਧੁਪੁਰ ਵਿਖੇ ਸਰਕਾਰੀ ਕਾਲਜ ਮੁੜ ਖੋਲ੍ਹਣ ਅਤੇ ਉਸਨੂੰ ਡਿਗਰੀ ਕਾਲਜ ਵਿਚ ਤਬਦੀਲ ਕਰਨ ਤੋਂ ਇਲਾਵਾ ਧਨੋਆ ਵਿਖੇ ਪੁੱਲ ਤੱਕ ਸੜਕਾਂ ਦੀ ਉਸਾਰੀ ’ਤੇ ਜ਼ੋਰ ਦਿੱਤਾ। ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ।

Have something to say? Post your comment

 
 
 
 

ਪੰਜਾਬ

ਜਲੰਧਰ ਈਡੀ ਨੇ ਕਾਰਵਾਈ ਕਰਦਿਆਂ ਡਿਜੀਟਲ ਗ੍ਰਿਫ਼ਤਾਰੀ ਧੋਖਾਧੜੀ ਮਾਮਲੇ ਵਿੱਚ 1.76 ਕਰੋੜ ਰੁਪਏ ਦਾ ਬੈਂਕ ਬੈਲੇਂਸ ਜ਼ਬਤ ਕੀਤਾ

ਖੇਤੀਬਾੜੀ ਮੰਤਰੀ  ਖੁੱਡੀਆਂ ਨੇ 12 ਸਾਲਾਂ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਦੀ ਸ਼ੁਰੂਆਤ ਨਾਲ ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਕੀਤਾ ਉਦਘਾਟਨ

ਮੈਗਾ ਫੈਸਟ ਦਾ ਉਦੇਸ਼ ਪੰਜਾਬ ਦੇ ਭਵਿੱਖ ਵਿੱਚ ਨਿਵੇਸ਼ ਕਰਨ ਲਈ ਸਿੱਖਿਆ ਸ਼ਾਸਤਰ ਨੂੰ ਨਵੀਨਤਾ ਨਾਲ ਜੋੜਨਾ ਹੈ: ਸਿੱਖਿਆ ਮੰਤਰੀ ਬੈਂਸ

ਗੈਂਗਸਟਰਾਂ ’ਤੇ ਵਾਰ ਦਾ 28ਵਾਂ ਦਿਨ: ਪੰਜਾਬ ਪੁਲਿਸ ਨੇ 630 ਥਾਈਂ ਕੀਤੀ ਛਾਪੇਮਾਰੀ; 156 ਗ੍ਰਿਫ਼ਤਾਰ

ਫੋਰਟਿਸ ਹਸਪਤਾਲ ਮੁਹਾਲੀ ਨੂੰ ਬੰਬ ਰਾਹੀਂ ਨਿਸ਼ਾਨਾ ਬਣਾਉਣ ਵਾਲੀ ਈਮੇਲ ਨਿਕਲੀ ਅਫ਼ਵਾਹ

ਮਨਰੇਗਾ ਦੀ ਮੁੜ ਬਹਾਲੀ ਲਈ ਕਾਂਗਰਸ ਨੇ ਮਾਨਸਾ ਵਿੱਚ ‘ਮਨਰੇਗਾ ਬਚਾਓ ਸੰਗ੍ਰਾਮ’ ਤਹਿਤ ਵਿਸ਼ਾਲ ਰੈਲੀ ਕੀਤੀ

ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ 'ਚ  ਬਣੇਗਾ ਵਿਦਿਆਰਥਣਾਂ ਲਈ ਹੋਸਟਲ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ

ਵਿਜੀਲੈਂਸ ਬਿਊਰੋ ਵੱਲੋਂ 4000 ਰੁਪਏ ਰਿਸ਼ਵਤ ਲੈਂਦਾ ਜੂਨੀਅਰ ਇੰਜੀਨੀਅਰ ਰੰਗੇ ਹੱਥੀਂ ਗ੍ਰਿਫਤਾਰ

ਦਿੱਲੀ ਸਥਿਤ ਪੰਜਾਬ ਭਵਨ ਵਿਖੇ ਲੱਗੀਆਂ 20 ਦਾਨਸ਼ਵਰਾਂ ਦੀਆਂ ਤਸਵੀਰਾਂ

ਛੀਨਾ ਵੱਲੋਂ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਅਨੁਸਾਰ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ