ਬਠਿੰਡਾ-ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ, ਪਵਿੱਤਰ ਧਰਤੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਲਈ ਰੇਲਵੇ ਲਿੰਕ ਨੂੰ ਮਨਜ਼ੂਰੀ ਮਿਲਣ ਨਾਲ ਅੱਜ ਇੱਕ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ।
ਇਸ ਮਾਣਮੱਤੇ ਪਲ ਨੂੰ ਸਾਂਝਾ ਕਰਦਿਆਂ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ, ਸ. ਰਵਨੀਤ ਸਿੰਘ ਨੇ ਬਠਿੰਡਾ ਵਿਖੇ ਐਲਾਨ ਕੀਤਾ ਕਿ ਇਹ ਪ੍ਰੋਜੈਕਟ ਸਿਰਫ਼ ਇੱਕ ਰੇਲਵੇ ਲਾਈਨ ਬਣਾਉਣ ਬਾਰੇ ਨਹੀਂ ਹੈ—ਇਹ ਪੰਜਾਬ ਲਈ ਆਸਥਾ, ਮਾਣ ਅਤੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਇਨਸਾਫ਼ ਦਾ ਪ੍ਰਤੀਕ ਹੈ। ਇਸ ਵਿਕਾਸ ਦੇ ਨਾਲ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਬਾਕੀ ਚਾਰ ਤਖ਼ਤਾਂ ਨਾਲ ਰੇਲ ਰਾਹੀਂ ਜੁੜ ਜਾਵੇਗਾ, ਜੋ ਧਾਰਮਿਕ ਅਤੇ ਖੇਤਰੀ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ।
ਰਾਮਾਂ ਮੰਡੀ–ਸੱਦਾ ਸਿੰਘਵਾਲਾ ਨਵੀਂ ਬ੍ਰੌਡ ਗੇਜ ਰੇਲ ਲਾਈਨ ਪ੍ਰੋਜੈਕਟ ਮਾਨਸਾ-ਬਠਿੰਡਾ ਡਬਲਿੰਗ ਪ੍ਰੋਜੈਕਟ ਅਧੀਨ ਇੱਕ ਪ੍ਰਮੁੱਖ ਬੁਨਿਆਦੀ ਢਾਂਚਾ ਪਹਿਲ ਹੈ।ਲੰਬਾਈ ਅਤੇ ਲਾਗਤ: 42.9 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ 'ਤੇ ₹1118.47 ਕਰੋੜ ਦੀ ਲਾਗਤ ਆਵੇਗੀ, ਜਿਸ ਦੀ ਔਸਤ ਲਾਗਤ ₹26.07 ਕਰੋੜ ਪ੍ਰਤੀ ਕਿਲੋਮੀਟਰ ਹੋਵੇਗੀ।ਲਾਭਪਾਤਰੀ ਖੇਤਰ: ਇਹ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਦੇਵੇਗਾ।ਜ਼ਮੀਨ ਅਤੇ ਸਟੇਸ਼ਨ: ਇਸ ਲਈ 192.42 ਹੈਕਟੇਅਰ ਜ਼ਮੀਨ ਦੀ ਲੋੜ ਹੈ। ਪ੍ਰੋਜੈਕਟ ਵਿੱਚ 6 ਸਟੇਸ਼ਨ ਸ਼ਾਮਲ ਹੋਣਗੇ (2 ਮੌਜੂਦਾ ਅਤੇ 4 ਨਵੇਂ: ਲਾਲੇਆਣਾ, ਤਲਵੰਡੀ ਸਾਬੋ, ਜਗਾ ਰਾਮ ਤੀਰਥ, ਕਮਾਲੂ ਸਵੈਚ ਅਤੇ ਕਮਾਲੂ ਸਵੈਚ ਵਿਖੇ ਇੱਕ ਜੰਕਸ਼ਨ ਕੈਬਿਨ)।
ਇਹ ਰੇਲ ਲਿੰਕ ਪੂਰੀ ਤਰ੍ਹਾਂ ਲੈਵਲ ਕਰਾਸਿੰਗ ਮੁਕਤ (ਫਾਟਕ ਰਹਿਤ) ਹੋਵੇਗਾ। ਇਸ ਵਿੱਚ 2 ਵੱਡੇ ਪੁਲ, 56 ਛੋਟੇ ਪੁਲ ਅਤੇ 55 ਰੋਡ ਅੰਡਰ ਬ੍ਰਿਜ (RUBs) ਬਣਾਏ ਜਾਣਗੇ। ਇਸ ਤੋਂ ਇਲਾਵਾ, ਇਹ 2x25 KV ਇਲੈਕਟ੍ਰਿਕ ਟ੍ਰੈਕਸ਼ਨ ਅਤੇ ਉੱਨਤ MACLS-III ਸਿਗਨਲ ਸਿਸਟਮ ਨਾਲ ਲੈਸ ਹੋਵੇਗਾ।ਇਸ ਮੌਕੇ ਬੋਲਦਿਆਂ ਰਵਨੀਤ ਸਿੰਘ ਨੇ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ 'ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕਾਂਗਰਸ, ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਹਾਕਿਆਂ ਤੱਕ ਚੱਲੇ ਸ਼ਾਸਨ ਦੇ ਬਾਵਜੂਦ, ਪੰਜਾਬ ਦੇ ਬੁਨਿਆਦੀ ਢਾਂਚੇ ਅਤੇ ਸਿੱਖ ਵਿਰਾਸਤ ਦੇ ਸਨਮਾਨ ਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸਿਆਸੀ ਲਾਹੇ ਲਈ ਲੋਕਾਂ ਦੀਆਂ ਭਾਵਨਾਵਾਂ ਅਤੇ ਧਰਮ ਦੀ ਵਰਤੋਂ ਤਾਂ ਕੀਤੀ, ਪਰ ਪੰਜੇ ਤਖ਼ਤਾਂ ਨੂੰ ਰੇਲ ਰਾਹੀਂ ਜੋੜਨ ਵਰਗੇ ਠੋਸ ਨਤੀਜੇ ਦੇਣ ਵਿੱਚ ਅਸਫਲ ਰਹੀਆਂ।
ਉਨ੍ਹਾਂ ਅੰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਲੀਡਰਸ਼ਿਪ ਨੇ ਵਿਕਾਸ ਰਾਹੀਂ ਸਿੱਖ ਆਸਥਾ ਦਾ ਸਨਮਾਨ ਕਰਨ ਲਈ ਠੋਸ ਕਦਮ ਚੁੱਕੇ ਹਨ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ।