ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਕ ਧਾਰਮਿਕ ਸਟੋਰ ਦਾ ਅਰਦਾਸ ਉਪਰੰਤ ਸ਼ੁਭ ਆਰੰਭ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਗੁਰੂ ਘਰ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਲਈ ਇਕ ਅਹਿਮ ਸੇਵਾਮਈ ਉਪਰਾਲਾ ਹੈ, ਜਿਸ ਰਾਹੀਂ ਸੰਗਤਾਂ ਨੂੰ ਇਕੋ ਥਾਂ ‘ਤੇ ਲੋੜੀਂਦੀਆਂ ਧਾਰਮਿਕ ਵਸਤੂਆਂ ਆਸਾਨੀ ਨਾਲ ਅਤੇ ਵਾਜਿਬ ਮੁੱਲ ‘ਤੇ ਮਿਲਣ ਗਈਆ । ਉਨ੍ਹਾਂ ਦੱਸਿਆ ਕਿ ਇਸ ਸਟੋਰ ਵਿੱਚ ਸੰਗਤਾਂ ਲਈ ਕੰਘੇ, ਕੜੇ, ਸੋਹਣੀਆਂ ਕਿਰਪਾਨਾਂ, ਕਛਿਹਿਰੇ, ਧਾਰਮਿਕ ਪੋਥੀਆਂ, ਗੁਟਕਾ ਸਾਹਿਬ ਅਤੇ ਹੋਰ ਅਹਿਮ ਧਾਰਮਿਕ ਸਮੱਗਰੀ ਉਪਲਬਧ ਕਰਵਾਈ ਜਾ ਰਹੀ ਹੈ, ਤਾਂ ਜੋ ਗੁਰੂ ਕੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਸਰਦਾਰ ਕਾਲਕਾ ਜੀ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਹੀ ਸੰਗਤਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਅਤੇ ਗੁਰੂ ਘਰ ਨਾਲ ਜੁੜੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਰਹੀ ਹੈ। ਇਹ ਧਾਰਮਿਕ ਸਟੋਰ ਵੀ ਉਸੇ ਸੇਵਾਮਈ ਸੋਚ ਦਾ ਹਿੱਸਾ ਹੈ, ਜਿਸ ਰਾਹੀਂ ਸੰਗਤਾਂ ਨੂੰ ਸਹਿਜਤਾ ਅਤੇ ਆਦਰ ਨਾਲ ਧਾਰਮਿਕ ਵਸਤੂਆਂ ਉਪਲਬਧ ਕਰਵਾਈਆਂ ਜਾ ਸਕਣ।
ਉਨ੍ਹਾਂ ਆਸ ਪ੍ਰਗਟਾਈ ਕਿ ਸੰਗਤਾਂ ਇਸ ਨਵੀਂ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਗਈਆਂ ਅਤੇ ਗੁਰੂ ਘਰ ਨਾਲ ਆਪਣੀ ਆਤਮਿਕ ਡੋਰ ਨੂੰ ਹੋਰ ਮਜ਼ਬੂਤ ਬਣਾਉਣਗੀਆਂ।