ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਗਵਾਈ ਹੇਠ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਲੈਂਟਰ ਪਾਉਣ ਦੀ ਕਾਰ ਸੇਵਾ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਆਸ਼ੀਰਵਾਦ ਨਾਲ ਤੇ ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ ਤੇ ਬਾਬਾ ਰਵੀ ਸਿੰਘ ਜੀ ਦੀ ਅਗਵਾਈ ਹੇਠ ਇਹ ਕਾਰ ਸੇਵਾ ਚਲ ਰਹੀ ਹੈ ਜਿਸ ਵਿਚ ਦਿੱਲੀ ਦੀਆਂ ਸੰਗਤਾਂ ਵੱਧ ਚੜ੍ਹ ਕੇ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੇ ਹਨ। ਉਹਨਾਂ ਕਿਹਾ ਕਿ ਬਾਬਾ ਬਚਨ ਸਿੰਘ ਜੀ ਦੇ ਆਸ਼ੀਰਵਾਦ ਨਾਲ ਕਮੇਟੀ ਦੇ ਅਨੇਕਾਂ ਕਾਰਜਾਂ ਦੀ ਕਾਰ ਸੇਵਾ ਉਹਨਾਂ ਦੀ ਟੀਮ ਕਰ ਰਹੀ ਹੈ ਜਿਸ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਵੱਡਮੁੱਲਾ ਸਹਿਯੋਗ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ ਕਿ ਸਾਨੂੰ ਇਸ ਕਾਰ ਸੇਵਾ ਵਿਚ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਗੁਰੂ ਘਰ ਵਿਚ ਕਾਰ ਸੇਵਾ ਵਿਚ ਹਿੱਸਾ ਲੈਣਾ ਵਡਭਾਗੇ ਲੋਕਾਂ ਦੇ ਹਿੱਸੇ ਆਉਂਦਾ ਹੈ। ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਕਮੇਟੀ ਦੀ ਮੌਜੂਦਾ ਟੀਮ ਵੱਲੋਂ ਕੀਤੀ ਯੋਜਨਾਬੰਦੀ ਦੀ ਬਹੁਤ ਸਾਰੇ ਪ੍ਰਾਜੈਕਟ ਸਿਰੇ ਚੜ੍ਹੇ ਹਨ ਤੇ ਬਹੁਤ ਸਾਰੇ ਪ੍ਰਾਜੈਕਟਾਂ ਦੀ ਕਾਰ ਸੇਵਾ ਚਲ ਰਹੀ ਹੈ ਜੋ ਵੱਖ-ਵੱਖ ਪੜਾਅ ’ਤੇ ਹੈ। ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਕੰਮ ਜਲਦੀ ਹੀ ਨੇਪਰੇ ਚੜ੍ਹਨਗੇ।