ਨਵੀਂ ਦਿੱਲੀ - ਚੰਡੀਗੜ੍ਹ ਦੀ ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਖਾਲਸਾ ਪੰਥ ਨੂੰ ਖਾਲਸਾ ਸਿਰਜਣਾ ਦਿਵਸ ਦੀ ਮੁਬਾਰਕਬਾਦ ਦੇਂਦਿਆ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਦੇ ਦਿਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਕ੍ਰਾਂਤੀਕਾਰੀ ਅਧਿਆਇ ਸਿਰਜ ਦਿੱਤਾ ਸੀ । ਇਹ ਦਿਹਾੜਾ ਅਨੋਖਾ ਨਜ਼ਾਰਾ ਪੇਸ਼ ਕਰਨ ਵਾਲਾ ਵੀ ਹੈ ਕਿਉਂਕਿ ਇਸ ਦਿਨ ਜਿਥੇ ਇੱਕ ਪਾਸੇ ਗੁਰੂ ਜੀ ਵੱਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਨਿਹਾਲ ਹੋਏ, ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਵੀ ਖ਼ਾਲਸੇ ਪਾਸੋਂ ਆਪ ਅੰਮ੍ਰਿਤਪਾਨ ਕਰ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਨਿਵੇਕਲੀ ਮਿਸਾਲ ਕਾਇਮ ਕੀਤੀ। ਇਸ ਨਾਲ ਗੁਰੂ ਤੇ ਚੇਲੇ ਦਾ ਅਜਿਹਾ ਨਵਾਂ ਰੂਪ ਸਾਹਮਣੇ ਆਇਆ ਜਿਸ ਵਿਚ ਗੁਰੂ-ਚੇਲੇ ਵਿਚ ਕੋਈ ਭਿੰਨ-ਭੇਦ ਨਹੀਂ ਹੈ। ਖ਼ਾਲਸਾ ਸਾਜਨਾ ਦਾ ਇਤਿਹਾਸ ਸਿੱਖ ਕੌਮ ਲਈ ਗੌਰਵਮਈ ਗਾਥਾ ਹੈ ਜਿਸ ਨਾਲ ਹਰ ਸਿੱਖ ਅੰਦਰ ਵਿਲੱਖਣ ਅਤੇ ਨਿਰਾਲੀ ਹੋਂਦ ਹਸਤੀ ਦਾ ਅਹਿਸਾਸ ਪੈਦਾ ਹੁੰਦਾ ਹੈ। ਖ਼ਾਲਸਾ ਆਦਰਸ਼ਕ ਮਨੁੱਖ ਹੈ ਜਿਸ ਦਾ ਜੀਵਨ ਸਮਾਜ ਲਈ ਪ੍ਰੇਰਨਾਮਈ ਹੋਣ ਦੇ ਨਾਲ-ਨਾਲ ਹੱਕ ਸੱਚ ਦੀ ਰਾਖੀ ਲਈ ਵੀ ਮਿਸਾਲੀ ਹੈ। ਖ਼ਾਲਸੇ ਦੀ ਘਾੜਤ ਵਿਚ ਦਸ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਸ਼ਾਮਲ ਹੈ। ਧਰਮ ਅਤੇ ਸਦਾਚਾਰ ਦੇ ਸੁਮੇਲ ਖ਼ਾਲਸੇ ਦੀ ਅਵਾਜ਼ ਹਮੇਸ਼ਾ ਹੀ ਹੱਕ ਤੇ ਸੱਚ ਲਈ ਉਠਦੀ ਹੈ। ਜਬਰ ਤੇ ਜ਼ੁਲਮ ਵਿਰੁੱਧ ਡਟਣਾ ਖ਼ਾਲਸੇ ਦਾ ਪਰਮ ਧਰਮ ਕਰਤੱਵ ਹੈ। ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਸਿੱਖ ਰਹਿਤ ਦੀ ਪਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਪਹਿਰੇਦਾਰੀ ਖ਼ਾਲਸਈ ਜੀਵਨ ਦਾ ਅਹਿਮ ਵਿਧਾਨ ਹੈ। ਇਸੇ ਰੌਸ਼ਨੀ ਵਿਚ ਜੀਵਨ ਜਿਊਣਾ ਹਰ ਸਿੱਖ ਦਾ ਫ਼ਰਜ਼ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਖ਼ਾਲਸਈ ਰਹਿਣੀ ਦੇ ਧਾਰਨੀ ਬਣੀਏ ਕਿਉਂਕਿ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਟੁੱਟ ਕੇ ਕੋਈ ਵੀ ਆਪਣੀ ਪਛਾਣ ਨਾਲ ਅੱਗੇ ਨਹੀਂ ਵਧ ਸਕਦਾ। ਦਸਮੇਸ਼ ਪਿਤਾ ਜੀ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ ਜਿਹੜਾ ਹੁਣ ਤਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ-ਨਵੀਆਂ ਸਿਖਰਾਂ ਛੋਹ ਰਿਹਾ ਹੈ। ਅੰਤ ਵਿਚ ਉਨ੍ਹਾਂ 13 ਅਪ੍ਰੈਲ 1978 ਨੂੰ ਅਖੰਡ ਕੀਰਤਨੀ ਜਥੇ ਅਤੇ ਦਮਦਮੀ ਟਕਸਾਲ ਦੇ ਸਿੰਘਾਂ ਨੇ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਨਿਰੰਕਾਰੀ ਮੁੱਖੀ ਵਲੋਂ ਕੀਤੀ ਜਾ ਰਹੀ ਬੇਅਦਬੀ ਨੂੰ ਰੋਕਣ ਲਈ ਖ਼ੂਨੀ ਸਾਕੇ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆਂ ਉਨ੍ਹਾਂ ਦੀਆਂ ਸ਼ਹਾਦਤਾਂ ਪ੍ਰੇਰਨਾ ਲੈਂਦਿਆਂ ਚਲ ਰਹੇ ਮੌਜੂਦਾ ਸੰਘਰਸ਼ ਦੇ ਰਾਹਗੀਰ ਬਣਨ ਦੀ ਅਪੀਲ ਕੀਤੀ ।