ਖਾਲਸਾ ਯੂਨੀਵਰਸਿਟੀ ਦਾ ਮੁੱਖ ਉਦੇਸ਼ ਅਜਿਹੇ ਪੇਸ਼ੇਵਰ ਮਨੁੱਖੀ ਸਰੋਤਾਂ ਨੂੰ ਤਿਆਰ ਕਰਨਾ ਹੈ ਜੋ ਆਧੁਨਿਕ ਯੁੱਗ ਦੇ ਹਰ ਖੇਤਰ ’ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਣ।ਇਹ ਯੂਨੀਵਰਸਿਟੀ ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਹੈ, ਜੋ ਇਸ ਤੋਂ ਇਲਾਵਾ 22 ਹੋਰ ਵਿੱਦਿਅਕ ਅਦਾਰੇ ਸਫਲਤਾਪੂਰਵਕ ਚਲਾ ਰਹੀ ਹੈ, ਜਿਨ੍ਹਾਂ ’ਚ ਨਾਮਵਰ ਖਾਲਸਾ ਕਾਲਜ, ਅੰਮ੍ਰਿਤਸਰ ਵੀ ਸ਼ਾਮਿਲ ਹੈ।ਖਾਲਸਾ ਯੂਨੀਵਰਸਿਟੀ ਦਾ ਮਕਸਦ ਨੌਜਵਾਨਾਂ ਨੂੰ ਵਿੱਦਿਅਕ, ਕਿੱਤਾਮੁੱਖੀ, ਪੇਸ਼ੇਵਰ, ਸਮਾਜਿਕ, ਭਾਸ਼ਾਈ ਅਤੇ ਸੱਭਿਆਚਾਰਕ ਵਿੱਦਿਆ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੇ ਅੰਦਰ ਛੁਪੇ ਹੁਨਰ ਨੂੰ ਉਜਾਗਰ ਕਰ ਸਕਣ।
ਇਸ ਯੂਨੀਵਰਸਿਟੀ ’ਚ ਸਾਇੰਸ, ਇੰਜੀਨੀਅਰਿੰਗ, ਸੋਸ਼ਲ ਸਾਇੰਸ, ਕਾਮਰਸ ਅਤੇ ਮੈਨੇਜਮੈਂਟ, ਕੰਪਿਊਟਰ ਸਾਇੰਸ, ਫਾਰਮੇਸੀ, ਲਾਅ, ਨਰਸਿੰਗ, ਐਗਰੀਕਲਚਰ, ਭਾਸ਼ਾਵਾਂ, ਖੇਡ ਸਾਇੰਸ, ਐਜੂਕੇਸ਼ਨ, ਜਰਨਲਿਜ਼ਮ ਅਤੇ ਧਾਰਮਿਕ ਅਧਿਐਨ ਵਰਗੇ ਕਈ ਖੇਤਰਾਂ ’ਚ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।ਇੱਥੇ ਉਦਯੋਗਿਕ ਸਹਿਯੋਗ ਨਾਲ ਹੁਨਰ ਵਿਕਾਸ ਅਤੇ ਉਦਮਤਾ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਖਾਲਸਾ ਯੂਨੀਵਰਸਿਟੀ ਦੇ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ, ਪ੍ਰੋ—ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਉਪ ਕੁਲਪਤੀ ਡਾ. ਮਹਿਲ ਸਿੰਘ ਆਪਣੀ ਸੋਚ ਅਤੇ ਤਜਰਬੇ ਨਾਲ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਮਿਆਰਾਂ ਵੱਲ ਲਿਜਾਣ ਲਈ ਯਤਨਸ਼ੀਲ ਹਨ।ਉਨ੍ਹਾਂ ਦਾ ਮੰਤਵ ਯੂਨੀਵਰਸਿਟੀ ਨੂੰ ਇਕ ਅੰਤਰਰਾਸ਼ਟਰੀ ਪੱਧਰ ਦੇ ਟੀਚਿੰਗ ਅਤੇ ਰਿਸਰਚ ਆਦਰੇ ਵਜੋਂ ਸਥਾਪਿਤ ਕਰਨਾ ਹੈ।
ਖਾਲਸਾ ਯੂਨੀਵਰਸਿਟੀ ਜਿਸ ਦੀ ਮੈਨੇਜ਼ਮੈਂਟ ਨੂੰ ਆਪਣੇ 136 ਸਾਲਾਂ ਵਿੱਦਿਆ ਪ੍ਰਸਾਰ ਦੇ ਅਤੀਤ ’ਤੇ ਮਾਣ ਹੈ, ਜਿਸ ਦਾ ਮਨਰੋਥ ਇਕ ਅਜਿਹਾ ਮਨੁੱਖੀ ਸਰੋਤ ਤਿਆਰ ਕਰਨਾ ਹੈ ਜੋ ਵਿਸ਼ਵ ਪੱਧਰ ’ਤੇ ਰੋਜਗਾਰ ਹਾਸਲ ਕਰਨ ਦੇ ਸਮਰੱਥ ਹੋਵੇੇ।ਇਸ ਦੇ ਨਾਲ—ਨਾਲ ਉਕਤ ਯੂਨੀਵਰਸਿਟੀ ਵਿਦੇਸ਼ ਦੇ ਵਿੱਦਿਅਕ ਅਦਾਰਿਆਂ ਨਾਲ ਤਾਲਮੇਲ ਵਧਾਉਣ, ਟੈਕਨੋਲੋਜੀ ਅਤੇ ਸਿੱਖਿਆ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦੇ ਰਹੀ ਹੈ।ਇਸ ਨਾਲ ਸਮਾਜ ਨੂੰ ਡਿਜ਼ੀਟਲ ਤੌਰ ’ਤੇ ਹੋਰ ਮਜ਼ਬੂਤ ਕਰਨ ਅਤੇ ਗਿਆਨ—ਅਧਾਰਿਤ ਪ੍ਰਭਾਵਸ਼ਾਲੀ ਬਣਾਉਣ ’ਚ ਸਹਾਇਤਾ ਮਿਲੇਗੀ।
ਯੂਨੀਵਰਸਿਟੀ ਦੀ ਅਕਾਦਮਿਕ ਅਤੇ ਪ੍ਰਸ਼ਾਸਕੀ ਟੀਮ ’ਚ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਡਾਇਰੈਕਟਰ (ਖੋਜ਼) ਡਾ. ਆਰ. ਕੇ. ਧਵਨ ਅਤੇ ਕੰਟਰੋਲਰ (ਇਮਤਿਹਾਨ) ਡਾ. ਕੰਵਲਜੀਤ ਸਿੰਘ ਵਿਦਿਆਰਥੀਆਂ ਦਾ ਮਾਰਗਦਰਸ਼ਨ ਅਤੇ ਉੱਚ ਮਿਆਰੀ ਵਿੱਦਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ।ਖਾਲਸਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇਕ ਵਿਸ਼ਾਲ ਅਤੇ ਹਰਿਆ—ਭਰਿਆ ਕੈਂਪਸ ਪ੍ਰਦਾਨ ਕਰਦੀ ਹੈ, ਜਿਸ ’ਚ ਆਧੁਨਿਕ ਲੈਬੋਰਟਰੀਆਂ, ਲਾਇਬ੍ਰੇਰੀਆਂ ਅਤੇ ਉੱਚ ਪੱਧਰੀ ਰਿਸਰਚ ਸਹੂਲਤਾਂ ਮੌਜ਼ੂਦ ਹਨ।ਇੱਥੇ ਸੁਰੱਖਿਅਤ ਅਤੇ ਅਨੂਸ਼ਾਸ਼ਨ ਭਰਪੂਰ ਮਾਹੌਲ ਹੈ, ਜੋ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਲਾਭਦਾਇਕ ਹੈ।
ਇਸ ਤੋਂ ਇਲਾਵਾ ਯੂਨੀਵਰਸਿਟੀ ’ਚ ਕਿੱਤਾ ਅਧਾਰਿਤ ਅਤੇ ਅਨੁਸ਼ਾਸ਼ਨ ਪੱਧਰੀ ਵਿੱਦਿਆ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਆਧੁਨਿਕ ਪਾਠਕ੍ਰਮ, ਇਨੋਵੇਟਿਵ ਟੀਚਿੰਗ ਪ੍ਰਣਾਲੀਆਂ, ਸਮਾਰਟ ਕਲਾਸਰੂਮ ਅਤੇ ਪਲੇਸਮੈਂਟ ਵਰਗੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਯਤਨ ਕੀਤਾ ਜਾ ਰਿਹਾ ਹੈ।ਖਾਲਸਾ ਯੂਨੀਵਰਸਿਟੀ ਸਿਰਫ ਇੱਕ ਵਿੱਦਿਅਕ ਸੰਸਥਾ ਹੀ ਨਹੀਂ, ਸਗੋਂ ਇਕ ਅਜਿਹਾ ਮੰਚ ਹੈ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਅਤੇ ਸਮਾਜ ਦੀ ਤਰੱਕੀ ’ਚ ਯੋਗਦਾਨ ਪਾਉਣ ਲਈ ਤਿਆਰ ਕੀਤਾ ਜਾਂਦਾ ਹੈ।ਇਹ ਯੂਨੀਵਰਸਿਟੀ ਭਵਿੱਖ ’ਚ ਇਕ ਵਿਸ਼ਵ—ਪੱਧਰੀ ਵਿੱਦਿਅਕ ਕੇਂਦਰ ਬਣਨ ਵੱਲ ਮਜ਼ਬੂਤੀ ਨਾਲ ਅਗਾਂਹ ਵੱਧ ਰਹੀ ਹੈ।