ਅੰਮ੍ਰਿਤਸਰ-¸ਤੁਹਾਡੀ ਕਾਮਯਾਬੀ ਸਿਰਫ਼ ਨੰਬਰਾਂ ਦੀ ਪ੍ਰਾਪਤੀ ਨਹੀਂ, ਸਗੋਂ ਤੁਹਾਡੇ ਅਨੁਸ਼ਾਸਨ, ਧੀਰਜ ਅਤੇ ਸਮਰਪਣ ਦੀ ਮਿਸਾਲ ਹੈ। ਇਸ ਸਫ਼ਰ ’ਚ ਤੁਹਾਡੇ ਮਾਪਿਆਂ ਅਤੇ ਅਧਿਆਪਕਾਂ ਦਾ ਯੋਗਦਾਨ ਵੀ ਕਾਬਿਲ-ਏ-ਤਾਰੀਫ਼ ਹੈ, ਜਿਨ੍ਹਾਂ ਨੇ ਤੁਹਾਨੂੰ ਹਰ ਪੜਾਅ ’ਤੇ ਮਾਰਗਦਰਸ਼ਨ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸੀ. ਬੀ. ਐਸ. ਈ. ਬੋਰਡ 10ਵੀਂ ਦੇ ਨਤੀਜੇ ’ਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ. ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕੀਤਾ।
ਇਸ ਮੌਕੇ ਸ: ਛੀਨਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਮੀਦ ਜਾਹਿਰ ਕੀਤੀ ਕਿ ਉਹ ਇਸ ਸਫਲਤਾ ਨੂੰ ਅਗਾਂਹ ਭਵਿੱਖ ਲਈ ਇਕ ਮਜ਼ਬੂਤ ਨੀਵ ਬਣਾਉਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਨ, ਆਪਣੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਨ, ਦੇਸ਼ ਅਤੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮੈਨੇਜ਼ਮੈਂਟ ਪ੍ਰੀਖਿਆ ਅਤੇ ਖੇਡਾਂ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਦਾ ਹਮੇਸ਼ਾ ਹੀ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੀ ਮਿਹਨਤ ਨੂੰ ਬੂਰ ਪਾਉਣ ਲਈ ਕਿਸੇ ਨਾ ਕਿਸੇ ਤਰ੍ਹਾਂ ਯੋਗਦਾਨ ਪਾਉਂਦਾ ਹੀ ਰਹਿੰਦਾ ਹੈ।
ਸ: ਛੀਨਾ ਨੇ ਕਿਹਾ ਕਿ ਪ੍ਰੀਖਿਆ ’ਚ 95 ਪ੍ਰਤੀਸ਼ਤ ਤੋਂ ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ ਸਾਲ ਮੁਫ਼ਤ ਪੜ੍ਹਾਈ ਕਰਨ ਅਤੇ ਹੋਰਨਾਂ ਨੂੰ ਨਿਯਮਿਤ ਨਿਯਮਾਂ ਤਹਿਤ ਮਿਲਣ ਵਾਲੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਕਤ ਸਕੂਲ ਦੇ ਮੌਜ਼ੂਦ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਨੇ ਸ: ਛੀਨਾ ਨਾਲ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਜ਼ਿਲ੍ਹੇ ’ਚ ਤੀਜਾ ਸਥਾਨ ਕਰਨ ਵਾਲੇ ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ, ਪ੍ਰਥਮ ਸ਼ਰਮਾ ਅਤੇ ਜਸਵਿੰਦਰ ਕੌਰ ਨੇ 96.8 ਨਾਲ ਦੂਜਾ ਅਤੇ ਅਜੀਤ ਸਿੰਘ ਨੇ 92.8 ਨਾਲ ਤੀਜਾ ਕੀਤਾ ਹੈ।
ਇਸ ਦੌਰਾਨ ਖ਼ਾਲਸਾ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਅੰਜਲੀ ਨੇ 479 ਅੰਕ (96%) ਨਾਲ ਪਹਿਲਾ, ਪਾਰੁਲ ਆਹੂਜਾ ਨੇ 473 ਅੰਕ (94.6%) ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਏਕਨੂਰ ਕੌਰ ਅਤੇ ਚੇਤਨ ਭੀਖਮ ਨੇ 471 ਅੰਕ (94.2%) ਪ੍ਰਾਪਤ ਕੀਤੇ, ਅਰਮਾਨਪ੍ਰੀਤ ਕੌਰ ਨੇ 93.6% ਅਤੇ ਪ੍ਰਭਨੂਰ ਸਿੰਘ ਨੇ 91.2% ਅੰਕ ਪ੍ਰਾਪਤ ਕਰਕੇ ਸਕੂਲ ਦੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਉਕਤ ਵਿਦਿਆਰਥੀਆਂ ਨੇ ਸ: ਛੀਨਾ ਅਤੇ ਪ੍ਰਿੰ: ਸ: ਗਿੱਲ ਅਤੇ ਸ੍ਰੀਮਤੀ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ’ਚ ਵਿੱਦਿਆ ਦੇ ਨਾਲ ਹੋਰਨਾਂ ਸਰਗਰਮੀਆਂ ’ਚ ਵੀ ਹੋਰ ਸਖ਼ਤ ਮਿਹਨਤ ਕਰਕੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ’ਚ ਦਿਵਾਂਸ ਅਰੋੜਾ, ਅਜੀਤ ਸਿੰਘ, ਜਪਜੀਤ ਕੌਰ ਨੇ ਇੰਜ਼ੀਨੀਅਰ, ਪ੍ਰਥਮ ਸ਼ਰਮਾ, ਜਸਵਿੰਦਰ ਕੌਰ, ਕਰਨ ਨੇ ਡਾਕਟਰ ਅਤੇ ਅਭੀਜੋਤ ਸਿੰਘ ਨੇ ਸੀ. ਏ. ਬਣਨ ਸਬੰਧੀ ਆਪਣੇ-ਆਪਣੇ ਸੁਪਨਿਆਂ ਬਾਰੇ ਸੋਚ ਨੂੰ ਉਜਾਗਰ ਕੀਤਾ। ਜਦਕਿ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ’ਚ ਅੰਜਲੀ ਨੇ ਆਈ. ਏ. ਐੱਸ., ਪਾਰੁਲ ਅਹੂਜਾ ਨੇ ਅੱਖਾਂ ਦਾ ਸਰਜਨ, ਏਕਨੂਰ ਕੌਰ ਨੇ ਅਧਿਆਪਕ, ਚੇਤਨ ਭੀਖਨ, ਪ੍ਰਭਨੂਰ ਸਿੰਘ ਨੇ ਆਰਮੀ ਅਫਸਰ ਅਤੇ ਅਰਮਾਨਪ੍ਰੀਤ ਕੌਰ ਨੇ ਵਕੀਲ ਦੇ ਮਿੱਥੇ ਟੀਚੇ ਦੀ ਉਮੀਦ ਜਾਹਿਰ ਕੀਤਾ।