ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਅਧੀਨ ਡਾਇਰੈਕਟਰੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਯੋਗ ਅਗਵਾਈ ਵਿਚ ਸਿੱਖਿਆ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਹੇਠ ‘ਸਰਕਾਰ ਏਖ਼ਾਲਸਾ: ਇੱਕ ਪੁਨਰ ਚਿੰਤਨ’ ਵਿਸ਼ੇ ਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਬਹਾਦਰਗੜ੍ਹ, ਪਟਿਆਲਾ ਵਿਖੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਵੱਖ—ਵੱਖ ਯੂਨੀਵਰਸਿਟੀਆਂ ਤੋਂ ਵਿਦਵਾਨਾਂ, ਖੋਜ ਕਰਤਿਆਂ, ਪ੍ਰੋਫੈਸਰ ਸਾਹਿਬਾਨ ਅਤੇ ਵੱਖ—ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਲਗਭਗ 90 ਪਰਚੇ ਪੜ੍ਹੇ ਗਏ। ਸੈਮੀਨਾਰ ਦੀ ਸ਼ੁਰੂਆਤ ਖਾਲਸਾ ਕਾਲਜ, ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਉਦਘਾਟਨੀ ਸ਼ਬਦ ਰਾਹੀਂ ਕੀਤੀ ਗਈ। ਡਾ. ਰਜਿੰਦਰ ਕੌਰ, ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ, ਲੁਧਿਆਣਾ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਮੰਚ ਸੰਚਾਲਨ ਵੀ ਕੀਤਾ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਸਟਰੀ ਵਿਭਾਗ ਦੇ ਰਿਟਾ. ਪ੍ਰੋ. ਸੁਲੱਖਣ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਇਸ ਸੈਮੀਨਾਰ ਦਾ ਵਿਸ਼ਾ ਸਿਰਫ ਇਤਿਹਾਸਕ ਅਧਿਐਨ ਤੱਕ ਸੀਮਿਤ ਨਹੀਂ, ਸਗੋਂ ਸਾਡੇ ਸਮਾਜਿਕ, ਰਾਜਨੀਤਿਕ ਅਤੇ ਨੈਤਿਕ ਮੁੱਲ੍ਹਾਂ ਨਾਲ ਜੁੜਿਆ ਹੋਇਆ ਹੈ। ਸਰਕਾਰ ਏ ਖ਼ਾਲਸਾ ਦੀ ਸੰਕਲਪਨਾ ਸਾਨੂੰ ਸਿੱਖ ਇਤਿਹਾਸ ਦੇ ਸੁਨਹਿਰੀ ਯੁੱਗ ਵੱਲ ਲੈ ਜਾਂਦੀ ਹੈ, ਜਿੱਥੇ ਨਿਆਂ, ਸਮਾਨਤਾ ਅਤੇ ਸੇਵਾ ਦੇ ਮੂਲ ਸਿਧਾਂਤਾਂ ’ਤੇ ਅਧਾਰਿਤ ਪ੍ਰਬੰਧ ਸਥਾਪਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਮੁੱਚੀ ਸਖ਼ਸ਼ੀਅਤ ਨੂੰ ਸਮਝਣ ਲਈ ਪਾਠਕਾਂ, ਸਰੋਤਿਆਂ ਅਤੇ ਆਪ ਵਿਅਕਤੀ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ, ਜਿਸ ਵਿੱਚ ਇਹ ਸੈਮੀਨਾਰ ਆਪਣਾ ਵਿਸ਼ੇਸ਼ ਯੋਗਦਾਨ ਪਾਵੇਗਾ। ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲ ਵਿੱਚ ਰਾਜ—ਪ੍ਰਬੰਧ, ਸਿਧਾਂਤ ਅਤੇ ਧਰਮ ਆਦਿ ਪੱਖਾਂ ਨੂੰ ਵੀ ਇਸ ਸੈਮੀਨਾਰ ਵਿੱਚ ਵਿਚਾਰਿਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਏ ਖ਼ਾਲਸਾ ਸਿਰਫ਼ ਇੱਕ ਰਾਜਨੀਤਿਕ ਪ੍ਰਣਾਲੀ ਨਹੀਂ ਸੀ, ਸਗੋਂ ਨਿਆਂ, ਸਮਾਨਤਾ ਅਤੇ ਧਾਰਮਿਕ ਆਜਾਦੀ ਦੇ ਅਧਾਰ 'ਤੇ ਖੜੀ ਇੱਕ ਵਿਲੱਖਣ ਪ੍ਰਣਾਲੀ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸੈਮੀਨਾਰ ਦਾ ਉਦੇਸ਼ ਸਿਰਫ਼ ਇਤਿਹਾਸ ਨੂੰ ਯਾਦ ਕਰਨਾ ਹੀ ਨਹੀਂ, ਸਗੋਂ ਉਸ ਤੋਂ ਸੇਧ ਲੈਣਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਮਿਲੇ ਹੋਏ ਗੁਰੂ ਸਿਧਾਂਤਾਂ ਦੀ ਬਖ਼ਸ਼ਿਸ ਅਤੇ ਵਡਿਆਈਆਂ ਨੂੰ ਬਰਕਰਾਰ ਰੱਖਣਾ ਮਨੁੱਖ ਦੀ ਧਾਰਮਿਕ ਅਤੇ ਨੈਤਿਕ ਜਿੰਮੇਵਾਰੀ ਹੈ। ਉਦਘਾਟਨੀ ਸਮਾਰੋਹ ਦੀ ਸਮਾਪਤੀ ਮੌਕੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਵੱਲੋਂ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਡਾ. ਪਰਮਜੀਤ ਕੌਰ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਅਤੇ ਡਾ. ਦਵਿੰਦਰ ਸਿੰਘ, ਖਾਲਸਾ ਕਾਲਜ, ਪਟਿਆਲਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਸੈਮੀਨਾਰ ਦੇ ਵਿਸ਼ੇਸ਼ ਭਾਸ਼ਣ ਵਿੱਚ ਪ੍ਰੋ. ਮੁਹੰਮਦ ਇਦਰੀਸ, ਪ੍ਰੋ. ਹਿਸਟਰੀ ਵਿਭਾਗ ਅਤੇ ਇੰਚਾਰਜ ਸ਼ਹੀਦ ਊਧਮ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਸਰਕਾਰ ਏ ਖ਼ਾਲਸਾ ਦੀ ਨੀਂਹ ਸਚਾਈ, ਨਿਆਂ, ਨਿਰਭਉਤਾ ਅਤੇ ਸੇਵਾ ਦੇ ਅਸੂਲਾਂ ’ਤੇ ਟਿੱਕੀ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਹ ਪ੍ਰਣਾਲੀ ਕਿਸੇ ਇੱਕ ਵਰਗ ਜਾਂ ਧਰਮ ਲਈ ਨਹੀਂ ਸੀ, ਬਲਕਿ ਸਮੁੱਚੀ ਲੋਕਾਈ ਲਈ ਸੀ, ਜਿਸ ਵਿੱਚ ਸ਼ਾਸਨ ਦਾ ਮਤਲਬ ਹਕੂਮਤ ਨਹੀਂ, ਬਲਕਿ ਸੇਵਾ ਸੀ। ਸੱਤਾ ਦਾ ਮਤਲਬ ਦਬਦਬਾ ਨਹੀਂ, ਸਗੋਂ ਜਿੰਮੇਵਾਰੀ ਸੀ। ਮਹਾਰਾਜਾ ਦਾ ਆਮ ਰਾਜ ਨਾ ਹੋ ਕੇ ਧਰਮਨਿਰਪੇਖਤਾ ਅਤੇ ਸਮਾਨਤਾ ਦਾ ਰਾਜ ਸੀ। ਇਸ ਮੌਕੇ ਚਾਰ ਟੈਕਨੀਕਲ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਚੇਅਰਪਰਸਨ ਵੱਜੋਂ ਡਾ. ਜਸਬੀਰ ਸਿੰਘ, ਡਾ. ਸੰਦੀਪ ਕੌਰ, ਡਾ. ਜਗਜੀਵਨ ਸਿੰਘ ਨੇ ਸ਼ਮੂਲੀਅਤ ਕੀਤੀ। ਡਾ. ਬਲਜੀਤ ਸਿੰਘ ਵਿਰਕ, ਡਾ. ਪਰਨੀਤ ਕੌਰ ਢਿੱਲੋਂ ਅਤੇ ਡਾ. ਰਾਕੇਸ਼ ਬਾਵਾ ਨੇ ਵਿਸ਼ੇਸ਼ ਬੁਲਾਰਿਆਂ ਵੱਜੋਂ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਗੁਰਮੀਤ ਸਿੰਘ ਬੂਹ, ਮੈਂਬਰ, ਇੰਚਾਰਜ ਵਿੱਦਿਆ (ਸਕੂਲ), ਸ. ਰਘਬੀਰ ਸਿੰਘ ਸਹਾਰਨਮਾਜਰਾ, ਮੈਂਬਰ, ਜਥੇਦਾਰ ਜਸਮੇਰ ਸਿੰਘ ਲਾਛੜ ਆਦਿ ਵੀ ਮੌਜੂਦ ਸਨ।