ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਗਵੰਤ ਮਾਨ ਤੋਂ ਮੁੱਖ ਮੰਤਰੀ ਵਜੋਂ ਤੁਰੰਤ ਅਸਤੀਫਾ ਦੀ ਮੰਗ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਸ਼ਰਾਬ ਪੀ ਕੇ ਸ਼ਮੂਲੀਅਤ ਕਰ ਕੇ ਸੱਤਾ ਵਿਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਇਹ ਵੇਖ ਕੇ ਹੈਰਾਨ ਹਨ ਕਿ ਮੁੱਖ ਮੰਤਰੀ ਨੇ ਪਵਿੱਤਰ ਸਦਨ ਤੇ ਉਹਨਾਂ ਨੂੰ ਮਿਲੇ ਫਤਵੇ ਦਾ ਇਸ ਤਰੀਕੇ ਅਪਮਾਨ ਕੀਤਾ ਹੈ।
ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੱਕੇ ’ਤੇ ਢੁਕਵੀਂ ਕਾਰਵਾਈ ਕਰ ਕੇ ਸਦਨ ਦਾ ਮਾਣ ਸਤਿਕਾਰ ਬਚਾਉਣ ਵਾਸਤੇ ਕੱਖ ਨਹੀਂ ਕੀਤਾ ਹਾਲਾਂਕਿ ਉਹ ਮੁੱਖ ਮੰਤਰੀ ਦਾ ਮੈਡੀਕਲ ਟੈਸਟ ਵੀ ਕਰਵਾ ਸਕਦੇ ਸਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਜਦੋਂ ਦੋਸ਼ ਲੱਗੇ ਕਿ ਉਹ ਰੱਜ ਕੇ ਸ਼ਰਾਬ ਵਿਚ ਟੱਲੀ ਹਨ ਤਾਂ ਉਹਨਾਂ ਦੋਸ਼ਾਂ ਦਾ ਜਵਾਬ ਦੇਣ ਦੀ ਥਾਂ ਮੌਕੇ ਤੋਂ ਨਿਕਲ ਜਾਣ ਨੂੰ ਤਰਜੀਹ ਦਿੱਤੀ।
ਸਰਦਾਰ ਬਾਦਲ ਨੇ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਮੁੱਖ ਮੰਤਰੀ ਨੇ ਬਹੁਤ ਮਾੜੀ ਭਾਸ਼ਾ ਵਰਤੀ ਜਿਸ ਨਾਲ ਉਹਨਾਂ ਦੇ ਅਹੁਦੇ ਦਾ ਮਾਣ ਸਤਿਕਾਰ ਘਟਿਆ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਇਸ ਤਰੀਕੇ ਪੇਸ਼ ਆਏ ਹੋਣ। ਪਹਿਲਾਂ ਉਹਨਾਂ ਨੂੰ ਫਰੈਂਕਫਰਟ ਵਿਚ ਜਹਾਜ਼ ਤੋਂ ਇਸ ਕਰ ਕੇ ਥੱਲੇ ਲਾਹ ਦਿੱਤਾ ਗਿਆ ਸੀ ਕਿ ਉਹ ਰੱਜ ਕੇ ਟੱਲੀ ਹਨ ਤਾਂ ਉਸ ਵੇਲੇ ਉਹਨਾਂ ਵਿਸ਼ਵ ਪੱਧਰ ’ਤੇ ਮੁੱਖ ਮੰਤਰੀ ਦੇ ਅਹੁਦੇ ਦਾ ਸਤਿਕਾਰ ਘਟਾਇਆ ਸੀ।
ਭਗਵੰਤ ਮਾਨ ਨੂੰ ਸਿਰੇ ਦਾ ਸ਼ਰਾਬੀ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਸ਼ਰਾਬੀ ਹਾਲਤ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਕਿਹਾ ਕਿ ਪਹਿਲਾਂ ਮਾਨ ਸ਼ਰਾਬੀ ਹਾਲਤ ਵਿਚ ਬਰਗਾੜੀ ਮੋਰਚੇ ਵਿਚ ਸ਼ਾਮਲ ਹੋਏ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ।
ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਭਗਵੰਤ ਮਾਨ ਲੋਕ ਦੇ ਮੈਂਬਰ ਸਨ ਤਾਂ ਉਸ ਵੇਲੇ ਉਹਨਾਂ ਦੇ ਸਾਥੀ ਲੋਕ ਸਭਾ ਮੈਂਬਰਾਂ ਨੇ ਸਪੀਕਰ ਨੂੰ ਲਿਖਤੀ ਬੇਨਤੀ ਕੀਤੀ ਸੀ ਕਿ ਉਹਨਾਂ ਦੀ ਭਗਵੰਤ ਮਾਨ ਕੋਲੋਂ ਸੀਟ ਤਬਦੀਲ ਕੀਤੀ ਜਾਵੇ ਕਿਉਂਕਿ ਉਹਨਾਂ ਕੋਲੋਂ ਹਰ ਵੇਲੇ ਸ਼ਰਾਬ ਦੀ ਬਦਬੂ ਆਉਂਦੀ ਹੈ।
ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਇਹ ਵੀ ਚੇਤੇ ਕਰਵਾਇਆ ਕਿ ਭਗਵੰਤ ਮਾਨ ਨੇ ਜਨਤਕ ਤੌਰ ’ਤੇ ਆਪਣੀ ਮਾਂ ਦੀ ਸਹੁੰ ਖਾਧੀ ਸੀ ਕਿ ਉਹ ਅੱਗੇ ਤੋਂ ਕਦੇ ਵੀ ਸ਼ਰਾਬ ਨਹੀਂ ਪੀਣਗੇ।ਪਰ ਉਹਨਾਂ ਨਾ ਸਿਰਫ ਆਪਣੀ ਮਾਂ ਨੂੰ ਧੋਖਾ ਦਿੱਤਾ ਬਲਕਿ ਉਹਨਾਂ ਸਮੂਹ ਪੰਜਾਬੀਆਂ ਨੂੰ ਵੀ ਧੋਖਾ ਦਿੱਤਾ ਜਿਹਨਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਸੀ।