ਅੰਮ੍ਰਿਤਸਰ - ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਮੀਮਪਾਲ ਸਿੰਘ ਦੇ ਸਪੁੱਤਰ ਉਅੰਕਾਰ ਸਿੰਘ ਨੇ ਲਾਹੌਰ ਦੇ ਗੌਰਮਿੰਟ ਕਾਲਜ ਯੂਨੀਵਰਸਿਟੀ ਵਿਚ ਅਵਲ ਦਰਜਾ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ ਹੈ।ਉਅੰਕਾਰ ਸਿੰਘ ਨੇ ਓਪਨ ਮੈਰਿਟ ਸੂਚੀ ਵਿਚ ਐਫ ਏ ਦੀ ਪੜਾਈ ਵਿਚ 99-1 ਨੰਬਰ ਹਾਸਲ ਕਰਕੇ ਪਾਕਿਸਤਾਨ ਵਿਚ ਵਸਦੇ ਸਿੱਖ ਭਾਈਚਾਰੇ, ਯੂਨੀਵਰਸਿਟੀ ਤੇ ਆਪਣੇ ਸ਼ਹਿਰ ਲਾਹੌਰ ਦਾ ਨਾਮ ਰੌਸ਼ਨ ਕੀਤਾ ਹੈ। ਗੌਰਮਿੰਟ ਕਾਲਜ ਯੂਨੀਵਰਸਿਟੀ 1864 ਵਿਚ ਹੌਂਦ ਵਿਚ ਆਈ ਸੀ ਤੇ ਉਅੰਕਾਰ ਸਿੰਘ ਪਹਿਲਾਂ ਘੱਟ ਗਿਣਤੀ ਨਾਲ ਸੰਬਧਤ ਨੌਜਵਾਨ ਹੈ ਜਿਸ ਦਾ ਨਾਮ ਮੈਰਿਟ ਤੇ ਆਇਆ ਹੈ।ਉਅੰਕਾਰ ਸਿੰਘ ਦੇ ਪਿਤਾ ਡਾਕਟਰ ਮੀਮਪਾਲ ਸਿੰਘ ਲਾਹੌਰ ਵਿਚ ਬੱਚਿਆਂ ਦੇ ਇਲਾਜ ਲਈ ਸ਼ਪੈਸ਼ਲਿਸਟ ਵਜੋ ਜਾਣੇ ਜਾਂਦੇ ਹਨ । ਦਸਣਯੋਗ ਹੈ ਕਿ ਪਾਕਿਸਤਾਨ ਵਿਚ ਵਸਦੇ ਸਿੱਖ ਭਾਈਚਾਰੇ ਨੇ ਆਪਣੇ ਬੱਚਿਆਂ ਦੀ ਪੜਾਈ ਤੇ ਜੋਰ ਦਿੱਤਾ ਜਿਸ ਦਾ ਸਿੱਟਾ ਹੈ ਕਿ ਉਥੇ ਦੀ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਰਮੇਸ਼ ਸਿੰਘ ਅਰੋੜਾ ਖੁਦ ਪੀ ਐਚ ਡੀ ਹਨ ਤੇ ਜਰਨਲ ਸਕੱਤਰ ਬੀਬੀ ਸਤਵੰਤ ਕੌਰ ਵੀ ਪੀ ਐਚ ਡੀ ਹਨ। ਉਅੰਕਾਰ ਸਿੰਘ ਦੀ ਇਸ ਸਫਲਤਾ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਰਮੇਸ਼ ਸਿੰਘ ਅਰੋੜਾ, ਸਾਬਕਾ ਪ੍ਰਧਾਨ ਸ੍ਰ ਬਿਸ਼ਨ ਸਿੰਘ, ਸ੍ਰ ਸਤਵੰਤ ਸਿੰਘ , ਸ੍ਰ ਅਮੀਰ ਸਿੰਘ ਜਰਨਲ ਸਕੱਤਰ ਬੀਬੀ ਸਤਵੰਤ ਕੌਰ ਅਤੇ ਪਾਕਿਸਤਾਨ ਵਿਚ ਵਸਦੀਆਂ ਘਟ ਗਿਣਤੀਆਂ ਵਿਚੋ ਪਹਿਲੀ ਵਾਰ ਪੀ ਐਚ ਡੀ ਕਰਨ ਵਾਲੇ ਡਾਕਟਰ ਕਲਿਆਣ ਸਿੰਘ ਨੇ ਵਧਾਈ ਦਿੱਤੀ ਹੈ।