ਤਰਨ ਤਾਰਨ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਕਾਲੀਆਂ ਦੇ ਕਾਰਜਕਾਲ ਦੌਰਾਨ 'ਬੇਅਦਬੀ' ਦੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅਕਾਲੀ ਆਗੂਆਂ ਨੇ ਸਿੱਖ ਸੰਗਤ ਨੂੰ ਇਨਸਾਫ਼ ਤਾਂ ਕੀ ਦੇਣਾ ਸੀ ਬਲਕਿ ਉਲਟਾ ਉਨ੍ਹਾਂ ਨੇ ਦੋਸ਼ੀਆਂ ਨੂੰ ਬਚਾ ਕੇ ਰੱਖਿਆ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਮੁੱਖ ਮੰਤਰੀ ਨੇ ਪੱਟੀ ਵਿਖੇ ਇਕੱਠ ਨੂੰ ਵੀ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਲੋਕ ਕਦੇ ਦਾਅਵਾ ਕਰਦੇ ਸਨ ਕਿ ਉਹ 25 ਸਾਲ ਪੰਜਾਬ 'ਤੇ ਰਾਜ ਕਰਨਗੇ, ਅੱਜ ਉਹ ਆਪਣੀਆਂ ਮੀਟਿੰਗਾਂ ਲਈ 25 ਲੋਕਾਂ ਨੂੰ ਵੀ ਇਕੱਠਾ ਨਹੀਂ ਕਰ ਪਾ ਰਹੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਖੁਦ 'ਬੇਅਦਬੀ' ਦੀਆਂ ਘਟਨਾਵਾਂ ਵਿੱਚ ਸ਼ਾਮਲ ਰਹੇ ਹਨ, ਜਿਸ ਕਾਰਨ ਉਹ ਕਦੇ ਵੀ ਅਜਿਹਾ ਕਾਨੂੰਨ ਨਹੀਂ ਲਿਆਏ। ਲੋਕ, ਖਾਸ ਕਰਕੇ ਮਾਝਾ ਖੇਤਰ ਦੇ ਲੋਕ, ਉਨ੍ਹਾਂ ਨੂੰ ਬਾਬਾ ਨਾਨਕ ਦੇ ਪੈਰੋਕਾਰ ਸਮਝ ਕੇ ਵੋਟ ਦਿੰਦੇ ਰਹੇ, ਪਰ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 'ਬੇਅਦਬੀ' ਨਾਲ 'ਬਾਣੀ' ਦਾ ਘੋਰ ਅਪਮਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਵੇਲੇ ਅਜਿਹੇ ਹਾਲਾਤ ਸਨ ਕਿ ਇਸ ਸਬੰਧੀ ਨਾ ਤਾਂ ਕੋਈ ਢੁਕਵੀਂ ਕਾਰਵਾਈ ਕੀਤੀ ਗਈ ਅਤੇ ਨਾ ਹੀ ਕਿਸੇ ਦੋਸ਼ੀ ਦੀ ਪਛਾਣ ਕੀਤੀ ਗਈ ਅਤੇ ਪੁਲਿਸ ਸਿਰਫ਼ ਇਹ ਬਿਆਨ ਦਿੰਦੀ ਰਹੀ ਕਿ ਦੋਸ਼ੀ ਕੋਈ ਅਣਜਾਣ ਵਿਅਕਤੀ ਹਨ।
ਇਸ ਕਾਨੂੰਨ ਨੂੰ ਲੈ ਕੇ ਵਿਰੋਧੀ ਧਿਰ ਦੇ ਸਟੈਂਡ 'ਤੇ ਟਿੱਪਣੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਕਦੇ ਦਾਅਵਾ ਕਰਦੇ ਸਨ ਕਿ ਉਹ 25 ਸਾਲ ਰਾਜ ਕਰਨਗੇ, ਅੱਜ ਉਨ੍ਹਾਂ ਦੇ ਨਾਲ 25 ਲੋਕ ਵੀ ਨਹੀਂ ਹਨ। ਪੂਰੀ ਦੁਨੀਆ ਇਨ੍ਹਾਂ ਕਾਨੂੰਨਾਂ ਤੋਂ ਖੁਸ਼ ਹੈ, ਪਰ ਸ਼੍ਰੋਮਣੀ ਕਮੇਟੀ ਨੂੰ ਕੰਟਰੋਲ ਕਰਨ ਵਾਲਾ ਇਕਲੌਤਾ ਪਰਿਵਾਰ ਨਾਖੁਸ਼ ਹੈ ਅਤੇ ਕਹਿ ਰਿਹਾ ਹੈ ਕਿ ਪੰਥ ਇਸ ਕਾਨੂੰਨ ਨੂੰ ਮਨਜ਼ੂਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਸਗੋਂ ਇਸ ਕਾਨੂੰਨ ਦੇ ਲਾਗੂਕਰਨ ਦਾ ਸਵਾਗਤ ਕਰਨਾ ਅਤੇ ਇਸ ਕਦਮ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਦੁਬਾਰਾ ਅਜਿਹੇ ਘਿਨਾਉਣੇ ਅਪਰਾਧ ਕਰਨ ਦੀ ਹਿੰਮਤ ਨਾ ਕਰੇ।
ਉਨ੍ਹਾਂ ਅੱਗੇ ਕਿਹਾ ਕਿ ਇਹ ਗੁਰੂ ਸਾਹਿਬ ਦੇ ਆਸ਼ੀਰਵਾਦ ਅਤੇ ਉਨ੍ਹਾਂ ਵੱਲੋਂ ਬਖ਼ਸੀ ਸਮਰੱਥਾ ਅਤੇ ਸੋਝੀ ਦਾ ਹੀ ਨਤੀਜਾ ਹੈ ਕਿ ਅਸੀਂ ਇਹ ਕਾਨੂੰਨ ਲਾਗੂਕਰਨ ਦੇ ਯੋਗ ਹੋਏ, ਜਿਸਦੀ ਲੋਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਇੱਥੇ ਸਰਵ ਸ਼ਕਤੀਮਾਨ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ, ਜਿਨ੍ਹਾਂ ਨੇ ਸਾਡੀ ਸਰਕਾਰ ਨੂੰ 'ਬੇਅਦਬੀ' ਵਿਰੁੱਧ ਕਾਨੂੰਨ ਬਣਾਉਣ ਦੀ ਇਹ ਵੱਡੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਕਿਹਾ ਕਿ ਲੋਕਾਂ ਦੁਆਰਾ ਵਰਸਾਇਆ ਗਿਆ ਅਥਾਹ ਪਿਆਰ ਇਸ ਕਾਨੂੰਨ ਲਈ ਉਨ੍ਹਾਂ ਵੱਲੋਂ ਲਗਾਤਾਰ ਕੀਤੀ ਅਰਦਾਸ ਅਤੇ ਉਨ੍ਹਾਂ ਦੇ ਕਾਨੂੰਨ ਪ੍ਰਤੀ ਸਮਰਥਨ ਨੂੰ ਦਰਸਾਉਂਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ ਦੇ ਕਈ ਪ੍ਰਮੁੱਖ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਰਾਜ ਸਰਕਾਰ ਨੇ ਇੱਕ ਬੇਹੱਦ ਮਜ਼ਬੂਤ ਤੇ ਪ੍ਰਭਾਵਸ਼ਾਲੀ ਕਾਨੂੰਨ ਤਿਆਰ ਕੀਤਾ ਹੈ, ਜਿਸ ਨਾਲ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਦੀ ਹਿੰਮਤ ਵੀ ਨਹੀਂ ਕਰੇਗਾ। ਜੇਕਰ ਭਵਿੱਖ ਵਿੱਚ ਕੋਈ ਅਜਿਹਾ ਅਪਰਾਧ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਆਪਣੀ ਪੂਰੀ ਜ਼ਿੰਦਗੀ ਮਰਨ ਤੱਕ ਜੇਲ੍ਹ ਵਿੱਚ ਬਿਤਾਏਗਾ। ਉਨ੍ਹਾਂ ਕਿਹਾ ਕਿ ਇਹ ਕੋਈ ਮੇਰੀ ਪ੍ਰਾਪਤੀ ਨਹੀਂ, ਇਹ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ, ਜਿਨ੍ਹਾਂ ਨੇ ਇਹ ਸਭ ਸੰਭਵ ਬਣਾਇਆ ਅਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ।