ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਖਿਲਾਫ ਗੋਲਕ ਦੇ ਪੈਸੇ ਦੀ ਕਥਿਤ ਦੁਰਵਰਤੋਂ ਸਬੰਧੀ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਅਦਾਲਤ ਨੇ ਇਕ ਮਾਮਲੇ ਵਿੱਚ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਹੋਇਆ ਹੈ, ਜਦਕਿ ਤਾਜ਼ਾ ਮਾਮਲੇ ਵਿੱਚ ਸੰਮਨ ਜਾਰੀ ਕੀਤੇ ਗਏ ਹਨ। ਪ੍ਰੈਸ ਕਾਨਫਰੰਸ ਦੌਰਾਨ ਕਾਲਕਾ ਅਤੇ ਕਾਹਲੋਂ ਨੇ ਦੱਸਿਆ ਕਿ ਐਫਆਈਆਰ ਨੰਬਰ 3/2019 ਨਾਰਥ ਐਵੇਨਿਊ ਥਾਣੇ ਵਿੱਚ ਦਰਜ ਹੈ। ਇਸ ਵਿੱਚ ਦੋਸ਼ ਹੈ ਕਿ ਕੈਨੇਡਾ ਤੋਂ ਚੈਕ ਰਾਹੀਂ ਆਏ ਇਕ ਲੱਖ ਕੈਨੇਡੀਅਨ ਡਾਲਰ ਦੀ ਰਕਮ ਦੇ ਮਾਮਲੇ ਵਿੱਚ ਜਾਅਲੀ ਬੈਂਕ ਵਾਊਚਰ ਤਿਆਰ ਕਰਕੇ ਹੇਰਾਫੇਰੀ ਕੀਤੀ ਗਈ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ‘ਸਾਡੀ ਵਿਰਾਸਤ’ ਨਾਮ ਦੀ ਕਿਤਾਬ ਦੇ ਪ੍ਰਕਾਸ਼ਨ ਅਤੇ ਰੈਨਬੀ ਕਲੋਥਿੰਗ ਪ੍ਰਾਈਵੇਟ ਲਿਮਿਟਡ ਰਾਹੀਂ ਸਮਾਨ ਸਪਲਾਈ ਦੇ ਨਾਂ ’ਤੇ ਵੀ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ। ਇਸ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 406, 409, 471, 477A ਅਤੇ 120ਬੀ ਤਹਿਤ ਕਾਰਵਾਈ ਹੋ ਰਹੀ ਹੈ। ਇਸ ਤੋਂ ਇਲਾਵਾ ਐਫਆਈਆਰ ਨੰਬਰ 192/2020 ਵਿੱਚ ਵੀ ਗਬਨ ਅਤੇ ਰਕਮ ਐਡਜਸਟ ਕਰਨ ਸਬੰਧੀ ਦੋਸ਼ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਵੱਲੋਂ ਗੁਰੂ ਘਰਾਂ ਵਿੱਚ ਭੇਟ ਕੀਤੀ ਗਈ ਵਿਦੇਸ਼ੀ ਕਰੰਸੀ ਦੇ ਇਸਤੇਮਾਲ ਸਬੰਧੀ ਵੀ ਗੰਭੀਰ ਸਵਾਲ ਉਠੇ ਹਨ। ਇਸ ਤੋਂ ਇਲਾਵਾ ਜੀਟੀਬੀ ਆਈਟੀ ਇੰਸਟੀਚਿਊਟ ਨੂੰ ਦਿੱਤੇ ਗਏ 10 ਲੱਖ ਰੁਪਏ ਦੇ ਭੁਗਤਾਨ ਵਿੱਚ ਵੀ ਬੇਨਿਯਮੀਆਂ ਦੇ ਦੋਸ਼ ਲਗੇ ਹਨ। ਕਮੇਟੀ ਅਧਿਕਾਰੀਆਂ ਅਨੁਸਾਰ ਜਾਂਚ ਦੌਰਾਨ ਕੁਝ ਦਸਤਾਵੇਜ਼ਾਂ ਅਤੇ ਦਸਤਖ਼ਤਾਂ ਸਬੰਧੀ ਵੀ ਵਿਰੋਧਾਭਾਸ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ। ਕਾਲਕਾ ਅਤੇ ਕਾਹਲੋਂ ਨੇ ਦੱਸਿਆ ਕਿ ਜੀ.ਕੇ. ਇਸ ਵੇਲੇ ਜ਼ਮਾਨਤ ’ਤੇ ਹਨ ਅਤੇ ਮਾਮਲਿਆਂ ਦੀ ਸੁਣਵਾਈ ਅਦਾਲਤ ਵਿੱਚ ਜਾਰੀ ਹੈ।