ਅੰਮ੍ਰਿਤਸਰ-ਖਾਲਸਾ ਕਾਲਜ ਵਿਖੇ ਸੱਭਿਆਚਾਰਕ ਗਤੀਵਿਧੀਆਂ ਸਬੰਧੀ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਉਕਤ ਸਮਾਗਮ ਮੌਕੇ ਯੁਵਕ ਸੇਵਾਵਾਂ ਪੰਜਾਬ ਦੇ ਡਿਪਟੀ ਡਾਇਰੈਕਟਰ ਸ: ਕੁਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਲਾਕਾਰ ਵਿਦਿਆਰਥੀਆਂ, ਉਨ੍ਹਾਂ ਦੇ ਸਲਾਹਕਾਰਾਂ ਅਤੇ ਕੋਚਾਂ ਨੂੰ ਇਨਾਮ ਤਕਸੀਮ ਕੀਤੇ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਸ: ਕੁਲਵਿੰਦਰ ਸਿੰਘ ਦਾ ਸਵਾਗਤ ਕਰਨ ਉਪਰੰਤ ਕਿਹਾ ਕਿ ਸਾਲਾਨਾ ‘ਖਾਲਸਾ ਕਾਲਜ ਥੀਏਟਰ ਐਵਾਰਡ-2026’ ਪ੍ਰਸਿੱਧ ਰੰਗਮੰਚ ਸਖ਼ਸ਼ੀਅਤ ਸ੍ਰੀ ਕੇਵਲ ਧਾਲੀਵਾਲ ਨੂੰ ਪ੍ਰਦਾਨ ਕੀਤਾ ਗਿਆ ਹੈ। ਜਦਕਿ ‘ਖਾਲਸਾ ਕਾਲਜ ਲੋਕ ਕਲਾ ਪੁਰਸਕਾਰ-2026’ ਕੈਨੇਡਾ ’ਚ ਪੰਜਾਬੀ ਲੋਕ ਵਿਰਾਸਤ ਦੀ ਸੇਵਾ ਕਰ ਰਹੇ ਸ: ਹਰਨਾਮ ਸਿੰਘ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਕਾਲਜ ਦੇ ਉੱਘੇ ਸਾਬਕਾ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ।
ਇਸ ਮੌਕੇ ਸ: ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਯੂਥ ਵੈਲਫੇਅਰ ਵਿਭਾਗ ਦੀ ਅਨੁਸ਼ਾਸਿਤ ਅਤੇ ਸਮਰਪਿਤ ਕਾਰਜ-ਸੱਭਿਆਚਾਰ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਯੁਵਕ ਭਲਾਈ ਡਾਇਰੈਕਟਰ ਡਾ. ਦੇਵਿੰਦਰ ਸਿੰਘ ਨੇ ਆਪਣੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਪ੍ਰਿੰ: ਡਾ. ਰੰਧਾਵਾ ਦੀ ਯੋਗ ਅਗਵਾਈ ਸਦਕਾ ਇਸ ਸਾਲ ਕਾਲਜ ਦੇ ਵਿਦਿਆਰਥੀਆਂ ਨੇ ਇਤਿਹਾਸਕ ਪ੍ਰਾਪਤੀ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਵੱਖ-ਵੱਖ ਯੂਨੀਵਰਸਿਟੀ ਅਤੇ ਅੰਤਰ ਕਾਲਜ ਯੁਵਕ ਮੇਲਿਆਂ ’ਚ ਓਵਰਆਲ ਚੈਂਪੀਅਨਸ਼ਿਪ ਅਤੇ ਈਵੈਂਟ ਟਰਾਫੀਆਂ ਜਿੱਤਣ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਕਾਲਜ ਨੇ ਏ. ਆਈ. ਯੂ. ਨੌਰਥ ਜ਼ੋਨ ਇੰਟਰ ਵਰਸਿਟੀ ਯੂਥ ਫੈਸਟੀਵਲ ’ਚ ਥੀਏਟਰ ਟਰਾਫੀ ਵੀ ਜਿੱਤੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਸ਼ਟਰੀ ਯੁਵਕ ਮੇਲੇ ’ਚ ਮਾਈਮ, ਲੋਕ ਨਾਚ ਅਤੇ ਮਿਮਿਕਰੀ ’ਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਡਾ. ਸੁਰਜੀਤ ਕੌਰ ਨੇ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ ’ਚ 171 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਕਾਲਜ ਨੇ 17 ਵਿਦਿਆਰਥੀਆਂ ਨੂੰ ਵਿਸ਼ੇਸ਼ ਯੋਗਦਾਨ ਸਬੰਧੀ ‘ਕਾਲਜ ਕਲਰ’ ਨਾਲ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਦੇ ਭਾਗੀਦਾਰਾਂ ਨੂੰ ਪ੍ਰਿੰ: ਡਾ. ਰੰਧਾਵਾ ਵੱਲੋਂ ਪ੍ਰਸ਼ੰਸਾ ਪੁਰਸਕਾਰ ਤਕਸੀਮ ਕੀਤੇ ਗਏ ਹਨ। ਇਸ ਮੌਕੇ ਕਾਲਜ ਡਿਪਟੀ ਰਜਿਸਟਰਾਰ ਡਾ. ਦੀਪਕ ਦੇਵਗਨ ਨੇ ਧੰਨਵਾਦ ਮਤਾ ਪੇਸ਼ ਕੀਤਾ। ਇਸ ਮੌਕੇ ਸਮੂਹ ਸਟਾਫ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।