ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਡੀਏ ਦੇਣ ਖਿਲਾਫ ਸਟੇਅ ਨਾ ਮਿਲਣ ਤੋਂ ਬਾਅਦ ਸਰਕਾਰ ਨੂੰ ਕਿਹਾ ਹੈ ਕਿ ਹੁਣ ਬਿਨ੍ਹਾਂ ਦੇਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਡੀਏ ਦੀ ਕਿਸਤਾਂ ਤੇ ਬਕਾਏ ਦਿੱਤੇ ਜਾਣ।
ਇਸ ਸਬੰਧੀ ਸੋ਼ਸਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਭਾਜਪਾ ਪ੍ਰਧਾਨ ਨੇ ਲਿਖਿਆ ਹੈ, “30 ਜੂਨ ਤੱਕ ਕਰਮਚਾਰੀਆਂ ਦੇ ਬਕਾਏ ਤੇ ਡੀਏ ਦੀਆਂ ਕਿਸ਼ਤਾਂ ਦੇਣ ਦੇ ਕੋਰਟ ਦੇ ਹੁਕਮਾਂ ਖਿਲਾਫ ਤੁਹਾਡੀ ਸਟੇਅ ਦੀ ਅਪੀਲ ਵੀ ਖਾਰਜ ਹੋ ਗਈ ਹੈ ਤਾਂ ਹੁਣ ਦੇਰੀ ਕਿਉਂ ਭਗਵੰਤ ਮਾਨ ਜੀ। ਹੁਣ ਤਾਂ ਤੁਸੀਂ ਨਵਾਂ ਕਰਜ਼ਾ ਵੀ ਲਿਆ ਹੈ।
ਬੰਗਾਲ ਚੋਣਾਂ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਐਲਾਨ ਕੀਤਾ ਸੀ ਕਿ ਬੀਜੇਪੀ ਦੀ ਸਰਕਾਰ ਬਣਨ ਦੇ 45 ਦਿਨ ਦੇ ਅੰਦਰ ਅੰਦਰ ਮੁਲਾਜਮਾਂ ਨੂੰ ਡੀਏ ਦਿੱਤਾ ਜਾਵੇਗਾ ਪਰ ਭਾਜਪਾ ਨੇ 45 ਦਿਨ ਦੀ ਉਡੀਕ ਨਹੀਂ ਕੀਤੀ ਤੇ ਬੰਗਾਲ ਚ ਆਪਣੀ ਸਰਕਾਰ ਦੇ ਗਠਨ ਤੋਂ 10 ਦਿਨ ਦੇ ਅੰਦਰ ਹੀ ਕਰਮਚਾਰੀਆਂ ਲਈ ਡੀਏ ਦੇਣ ਦਾ ਫੈਸਲਾ ਲਾਗੂ ਕਰ ਦਿੱਤਾ। ਤੁਸੀਂ ਕਿਸ ਚੀਜ਼ ਦੀ ਉਡੀਕ ਕਰ ਰਹੇ ਹੋ।
ਡੀਏ ਕਰਮਚਾਰੀਆਂ ਲਈ ਕੋਈ ਭੀਖ ਨਹੀਂ ਸਗੋਂ ਉਹਨਾਂ ਦਾ ਹੱਕ ਹੈ।”
ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਇਕ ਪਾਸੇ ਧਰਾਤਲੀ ਪੱਧਰ ਤੇ ਬਿਨ੍ਹਾਂ ਕੋਈ ਕੰਮ ਕੀਤੇ ਇਸਤਿਹਾਰਬਾਜੀ ਤੇ ਕਰੋੜਾ ਰੁਪਏ ਖਰਚ ਕਰ ਰਹੀ ਹੈ ਦੂਜੇ ਪਾਸੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਉਹ ਤਾਂ ਹਰ ਸਟੇਜ ਤੋਂ ਆਖਦੇ ਹਨ ਕਿ ਸਰਕਾਰ ਦੇ ਖਜਾਨੇ ਭਰੇ ਹੋਏ ਹਨ ਫਿਰ ਸਰਕਾਰੀ ਕਰਮਚਾਰੀਆਂ ਜਿੰਨ੍ਹਾਂ ਨੇ ਸਰਕਾਰ ਦੇ ਅੰਗ ਬਣ ਕੇ ਕੰਮ ਕਰਨਾ ਹੁੰਦਾ ਹੈ ਨੂੰ ਉਨ੍ਹਾਂ ਦੇ ਹੱਕ ਕਿਉਂ ਨਹੀਂ ਦੇ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਬਿਨ੍ਹਾਂ ਦੇਰੀ ਡੀਏ ਜਾਰੀ ਕੀਤਾ ਜਾਵੇ।
ਉਨ੍ਹਾਂ ਨੇ ਮੁੜ ਕਿਹਾ ਕਿ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਨ ਤੇ ਬੰਗਾਲ ਵਾਂਗ ਬਿਨ੍ਹਾਂ ਦੇਰੀ ਡੀਏ ਦਿੱਤਾ ਜਾਵੇਗਾ।