ਅਜਨਾਲਾ - ਅਜਨਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਚਰਨਜੀਤ ਸਿੰਘ ਗਾਲਿਬ ਦੀ ਅਗਵਾਈ ਹੇਠ ਵਿਸ਼ਾਲ ਸਿਆਸੀ ਪੰਥਕ ਕਾਨਫ਼ਰੰਸ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ, ਨੌਜਵਾਨਾਂ ਅਤੇ ਪੰਥਕ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਮੁੜ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਲਈ ਲੋਕਾਂ ਨੂੰ ਜਾਤ-ਪਾਤ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦਾ ਭਵਿੱਖ ਖਤਰੇ ਵਿੱਚ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਸਿਰਫ਼ ਸਰਕਾਰੀ ਦਾਅਵੇ ਨਹੀਂ, ਸਗੋਂ ਪਿੰਡ ਪੱਧਰ ਤੋਂ ਲੋਕ ਲਹਿਰ ਖੜੀ ਕਰਨ ਦੀ ਲੋੜ ਹੈ ਅਤੇ ਜੇਕਰ ਪੰਜਾਬ ਦੀ ਜਵਾਨੀ ਬਚਾਉਣੀ ਹੈ ਤਾਂ ਨੌਜਵਾਨਾਂ ਨੂੰ ਗੁਰਸਿੱਖੀ, ਖੇਡਾਂ ਅਤੇ ਸਿੱਖਿਆ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾਂ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾ ਕੇ ਸਮਾਜ ਨੂੰ ਵੰਡਣ ਦੀ ਰਾਜਨੀਤੀ ਕਰ ਰਹੀਆਂ ਹਨ, ਪਰ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਆਪਣੇ ਹੱਕਾਂ ਲਈ ਇਕਜੁੱਟ ਹੋ ਰਹੇ ਹਨ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਸੰਬੋਧਨ ਕਰਦਿਆਂ ਪੰਜਾਬ ਦੇ ਹੱਕਾਂ, ਨੌਜਵਾਨਾਂ ਦੀ ਰਿਹਾਈ ਅਤੇ ਪੰਥਕ ਏਕਤਾ ਲਈ ਡੱਟ ਕੇ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਅੰਤ ਵਿੱਚ ਚਰਨਜੀਤ ਸਿੰਘ ਗਾਲਿਬ ਵੱਲੋਂ ਕਾਨਫ਼ਰੰਸ ਵਿੱਚ ਪਹੁੰਚੀ ਸਮੂਹ ਸੰਗਤ, ਇਲਾਕਾ ਨਿਵਾਸੀਆਂ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਲੀਡਰਸ਼ਿਪ ਵਿੱਚੋਂ ਭਾਈ ਹਰਭਜਨ ਸਿੰਘ ਤੁੜ, ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਜਸਕਰਨ ਸਿੰਘ ਰਿਆੜ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਭਾਈ ਜੁਗਰਾਜ ਸਿੰਘ ਲਾਲਾਨੰਗਲ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ, ਭਾਈ ਦਲਜੀਤ ਸਿੰਘ ਮਿਆਦੀਆਂ ਹਲਕਾ ਇੰਚਾਰਜ ਰਾਜਾਸਾਂਸੀ, ਭਾਈ ਦਯਾ ਸਿੰਘ ਜੀ, ਭਾਈ ਬਲਦੇਵ ਸਿੰਘ ਜੱਲੂਪੁਰ, ਸ੍ਰ ਰਛਪਾਲ ਸਿੰਘ ਤੋਂ ਇਲਾਵਾ ਸ੍ਰ ਗੁਲਜਾਰ ਸਿੰਘ ਖਾਸਾ, ਭਾਈ ਸੁਰਜੀਤ ਸਿੰਘ ਕੋਟਲੀ, ਭਾਈ ਗੁਰਵਿੰਦਰ ਸਿੰਘ ਲਸ਼ਕਰੀ ਨੰਗਲ, ਲਾਡੀ ਨਿੱਝਰ, ਸ੍ਰ ਦਲਬੀਰ ਸਿੰਘ ਲਸ਼ਕਰੀ ਨੰਗਲ, ਸ੍ਰ ਗੁਰਵਿੰਦਰ ਸਿੰਘ ਝੰਡੇਰ, ਡਾਕਟਰ ਮੇਜਰ ਸਿੰਘ ਬੱਲੜਵਾਲ, ਸ੍ਰ ਨਿਰਭੈ ਸਿੰਘ ਢਿਲੋਂ, ਭਾਈ ਕੁਲਵਿੰਦਰ ਸਿੰਘ ਵਡਾਲੀ, ਬੀਬੀ ਸ਼ਿੰਦਰ ਕੌਰ ਜੀ, ਗੁਰਜਿੰਦਰ ਸਿੰਘ ਤੇ ਪ੍ਰਗਟ ਸਿੰਘ ਆਦਿ ਹਾਜਰ ਸਨ।