ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਮੈਂਬਰ ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਅਮਰੀਕਾ ਤੋਂ ਪਹੁੰਚੀ ਨਵਪ੍ਰੀਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਹੋਈ। ਬੀਬੀ ਰਣਜੀਤ ਕੌਰ ਨੇ ਦੱਸਿਆ ਕਿ ਨਵਪ੍ਰੀਤ ਕੌਰ “ਗਾਵਣੀ” ਸੰਸਥਾ ਨਾਲ ਜੁੜੀਆਂ ਹੋਈਆਂ ਹਨ। ਇਹ ਸੰਸਥਾ ਬੀਬੀਆਂ ਵੱਲੋਂ ਗੁਰੂ ਸਾਹਿਬਾਨ ਦੀ ਅਨਮੋਲ ਗੁਰਬਾਣੀ ਨੂੰ 31 ਰਾਗਾਂ ਵਿੱਚ ਕੀਰਤਨ ਰੂਪ ਵਿੱਚ ਪ੍ਰਚਾਰਿਤ ਅਤੇ ਪ੍ਰਸਾਰਿਤ ਕਰਨ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਿੱਖ ਸੱਭਿਆਚਾਰ, ਗੁਰਮਤਿ ਸੰਗੀਤ ਅਤੇ ਰਾਗੀ ਪਰੰਪਰਾ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਬੀਬੀ ਰਣਜੀਤ ਕੌਰ ਵੱਲੋਂ ਨਵਪ੍ਰੀਤ ਕੌਰ ਨੂੰ “ਜੀ ਆਇਆਂ ਨੂੰ” ਆਖਦਿਆਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਦਿੱਲੀ ਆਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਗੁਰਬਾਣੀ ਕੀਰਤਨ ਦੀ ਪਰੰਪਰਾ ਨੂੰ ਅੱਗੇ ਵਧਾਉਣ ਵਾਲੇ ਸੇਵਾਦਾਰ ਸਿੱਖ ਕੌਮ ਦਾ ਮਾਣ ਹਨ ਅਤੇ ਉਨ੍ਹਾਂ ਦੀ ਸੇਵਾ ਹਮੇਸ਼ਾਂ ਪ੍ਰੇਰਣਾਦਾਇਕ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਗੁਰਮਤਿ ਸੰਗੀਤ, ਧਾਰਮਿਕ ਵਿਦਿਆ ਅਤੇ ਸਿੱਖ ਵਿਰਾਸਤ ਨੂੰ ਪ੍ਰਫੁੱਲਤ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਦਾ ਸਤਿਕਾਰ ਕਰਦੀ ਰਹੇਗੀ।