ਅੰਮ੍ਰਿਤਸਰ-ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਵਾਤਾਵਰਣ ਅਨੁਕੂਲ ਖਿਡੌਣੇ ਬਣਾਉਣ: ਕੁਦਰਤ ਅਤੇ ਗਣਿਤ ’ਤੇ ਵਰਕਸ਼ਾਪ’ ਵਿਸ਼ੇ ’ਤੇ 3 ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਈ ਗਈ ਉਕਤ ਵਰਕਸ਼ਾਪ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਸਿੱਧ ਬੁਲਾਰੇ ਸ੍ਰੀ ਵੀ. ਸਿਵਾ ਸ਼ੰਕਰਾ ਸਾਸਤਰੀ ਅਤੇ ਸ੍ਰੀ ਏ. ਰਾਮਾਸਵਾਮੀ ਨੇ ਸੈਸ਼ਨ ਕਰਵਾਏ। ਜਦਕਿ ਉਦਘਾਟਨ ਅਤੇ ਸਮਾਪਨ ਸਮਾਰੋਹ ’ਚ ਡੀ. ਈ. ਓ. ਸ੍ਰੀ ਰਾਜੇਸ਼ ਕੁਮਾਰ ਸ਼ਰਮਾ, ਡਿਪਟੀ ਡੀ. ਈ. ਓ. ਸ੍ਰੀ ਰਾਜੇਸ਼ ਖੰਨਾ ਅਤੇ ਨੋਡਲ ਅਫਸਰ, ਪੰਜਾਬ ਸ: ਨਰਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਸਬੰਧੀ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਰਕਸ਼ਾਪ ਈ. ਈ. ਪੀ.-2025-26, ਮਿਸ਼ਨ ਐੱਲ. ਆਈ. ਐੱਫ਼. ਈ., ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਉਨ੍ਹਾਂ ਉਕਤ ਪ੍ਰੋਗਰਾਮ ਸਬੰਧੀ ਵਿਭਾਗ ਮੁੱਖੀ ਡਾ. ਰਾਜਿੰਦਰ ਪਾਲ ਕੌਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ’ਚ 10 ਸਕੂਲਾਂ ਵੱਲੋਂ ਭਾਗ ਲਿਆ ਗਿਆ, ਜਿੱਥੇ ਹਰੇਕ ਸਕੂਲ ਤੋਂ 4 ਵਿਦਿਆਰਥੀ ਅਤੇ ਕੁਲ 10 ਅਧਿਆਪਕ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਉਕਤ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਨਵੇਂ ਅਤੇ ਸਿੱਖਿਆਤਮਕ ਖਿਡੌਨੇ ਤਿਆਰ ਕਰਨ ਲਈ ਮਾਰਗਦਰਸ਼ਨ ਕਰਦਿਆਂ ਕੁਦਰਤ ਤੋਂ ਪ੍ਰੇਰਿਤ ਹੱਥੋਂ-ਹੱਥ ਗਤੀਵਿਧੀਆਂ ਰਾਹੀਂ ਗਣਿਤ ਨੂੰ ਸਮਝਾਉਣ ਦੇ ਤਰੀਕੇ ਦਰਸਾਏ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਰੰਧਾਵਾ ਨੇ ਡਾ. ਰਾਜਿੰਦਰ ਪਾਲ ਕੌਰ ਨਾਲ ਮਿਲ ਕੇ ਆਏ ਉਕਤ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਸ੍ਰੀ ਸ਼ੰਕਰਾ ਸਾਸਤਰੀ ਅਤੇ ਸ੍ਰੀ ਰਾਮਾਸਵਾਮੀ ਨੇ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਜਿਹੇ ਅਰਥਪੂਰਨ ਅਤੇ ਨਵੀਂ ਸੋਚ ਵਾਲੇ ਪ੍ਰੋਗਰਾਮ ਦੇ ਆਯੋਜਨਾਂ ਸਬੰਧੀ ਵਿਭਾਗ ਦੇ ਯਤਨਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਕੋ-ਫਰੈਂਡਲੀ ਅਭਿਆਸ ਅਪਨਾਉਣ ਅਤੇ ਅਜਿਹੀਆਂ ਵਰਕਸ਼ਾਪਾਂ ਰਾਹੀਂ ਵਿਗਿਆਨਕ ਸੋਚ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਮੌਕੇ ਡਾ. ਰਾਜਿੰਦਰ ਪਾਲ ਕੌਰ ਨੇ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ, ਪ੍ਰਿੰ: ਡਾ. ਰੰਧਾਵਾ ਅਤੇ ਵਿਦਿਆਰਥੀਆਂ ਦਾ ਵਰਕਸ਼ਾਪ ਦੀ ਸਫਲਤਾ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੇ ਅੰਤ ’ਚ ਆਏ ਮਹਿਮਾਨਾਂ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਡਾ. ਤਮਿੰਦਰ ਸਿੰਘ, ਡਾ. ਦਲਜੀਤ ਸਿੰਘ, ਡਾ. ਸਵਰਾਜ ਕੌਰ, ਪ੍ਰੋ. ਆਂਚਲ ਸ਼ਰਮਾ, ਡਾ. ਨਵਜੀਤ ਸਿੰਘ ਅਤੇ ਗਣਿਤ ਵਿਭਾਗ ਦੇ ਸਮੂਹ ਸਟਾਫ ਮੈਂਬਰ ਵੀ ਮੌਜੂਦ ਸਨ।