ਕਿੱਥੇ ਨੇ ਛਾਵਾਂ ਮਾਨਣ ਵਾਲੇ।
ਧੁਰ ਅੰਦਰ ਦੀਆਂ ਜਾਨਣ ਵਾਲੇ।
ਬੱਦਲ ਰੁੱਸ ਗਏ ਇਸ ਧਰਤੀ ਤੋਂ,
ਸਿਰ 'ਤੇ ਛਤਰੀ ਤਾਨਣ ਵਾਲੇ।
ਗਲੀਆਂ ਕੂਚੇ ਤਪਦੇ ਖਪਦੇ।
ਕਿਹੜਾ ਦਰਦ ਪੜ੍ਹੇ।
ਬਿਰਖ਼ ਉਦਾਸ ਖੜ੍ਹੇ।
ਰੁੱਸਿਆ ਬੁੱਸਿਆ ਸਾਉਣ ਮਹੀਨਾ।
ਗੁੰਮ ਸੁੰਮ ਸਧਰਾਂ ਭਰਿਆ ਸੀਨਾ।
ਨਾ ਧੀਆਂ ਨਾ ਧੀਆਂ ਆਈਆਂ,
ਮੇਰਾ ਵੀ ਹੁਣ ਲੱਗਦਾ ਜੀਅ ਨਾ।
ਗਿੱਧਿਆਂ ਦੇ ਪਿੜ ਸੁੰਨੇ ਸੱਖਣੇ,
ਕਿੱਦਾਂ ਰੂਪ ਚੜ੍ਹੇ।
ਬਿਰਖ਼ ਉਦਾਸ ਖੜ੍ਹੇ।
ਆ ਗਏ ਖੁੱਲ੍ਹੀਆਂ ਸੜਕਾਂ ਵਾਲੇ।
ਮੂੜ੍ਹ ਸਿਆਸੀ ਬੜ੍ਹਕਾਂ ਵਾਲੇ।
ਆਰੀ ਫੇਰਨਗੇ ਹੁਣ ਵੇਖੀਂ,
ਮੇਰੀ ਜੜ੍ਹ ਨੂੰ ਰੜਕਾਂ ਵਾਲੇ।
ਕਾਰਾਂ ਵਾਲੇ ਪਾਉਣ ਬਾਘੀਆਂ,
ਪੈਦਲ ਸ਼ਾਂਤ ਬੜ੍ਹੇ।
ਬਿਰਖ਼ ਉਦਾਸ ਖੜ੍ਹੇ।
ਆ ਗਏ ਰਲ ਕੇ ਆਰੀਆਂ ਵਾਲੇ।
ਕਿੱਧਰ ਤੁਰ ਗਏ ਯਾਰੀਆਂ ਵਾਲੇ।
ਸੁਣਦੇ ਨਾ ਫਰਿਆਦ ਰਿਸ਼ੀ ਦੀ,
ਰੂਹ ਦੀਆਂ ਬੰਦ ਬਾਰੀਆਂ ਵਾਲੇ।
ਹਾਕਮ ਹੁਕਮ ਹਕੂਮਤ ਅੱਗੇ,
ਜੋ ਵੀ ਅੜੇ ਝੜੇ।
ਬਿਰਖ਼ ਉਦਾਸ ਖੜ੍ਹੇ।
ਵੀਰਾ ਨਾ ਆਵੀਂ ਜਗਰਾਵਾਂ।
ਹੁਣ ਨਹੀਂ ਓਥੇ ਠੰਢੀਆਂ ਛਾਵਾਂ।
ਕੰਕਰੀਟ ਦਾ ਰਾਜ ਭਾਗ ਹੈ,
ਕੌਣ ਸੁਣੇਗਾ ਹਾਉਕੇ ਹਾਵਾਂ।
ਖੰਨਾ, ਖਰੜ, ਅਤੇ ਬਰਨਾਲਾ
ਹੋ ਗਏ ਵੇਖ ਰੜ੍ਹੇ।
ਬਿਰਖ਼ ਉਦਾਸ ਖੜ੍ਹੇ।
ਪਿੰਡ ਨੇੜੇ ਸੀ ਬੋਹੜਾਂ ਵਾਲਾ।
ਅੰਬਰਸਰ ਵਿੱਚ ਪਿੱਪਲਾਂ ਵਾਲਾ।
ਬੱਸ ਰੁਕਦੀ ਸੀ ਜਦੋਂ ਮੋਰਿੰਡੇ,
ਕਹਿੰਦੇ ਆ ਗਿਆ ਬਾਗਾਂ ਵਾਲਾ।
ਅੰਬ ਨਗਰੀ ਸੀ ਜ਼ਿਲ੍ਹਾ ਅੰਬਾਲਾ,
ਲੋਭ ਦੀ ਭੇਟ ਚੜ੍ਹੇ।
ਬਿਰਖ ਉਦਾਸ ਖੜ੍ਹੇ।
ਘੁੱਗੀਆਂ ਮੋਰ ਕਬੂਤਰ ਮੋਏ।
ਹੁਣ ਛਾਵਾਂ ਨੂੰ ਕਿਹੜਾ ਰੋਏ।
ਵਣਜ ਵਪਾਰ ਨੇ ਧਰਤੀ ਮੱਲੀ,
ਜਾਪਣ ਸਭ ਵਣਜਾਰੇ ਹੋਏ।
ਗਿਆਨੀ ਧਿਆਨੀ ਬਣੇ ਕੁਰਸੀਆਂ,
ਚੁੱਪ ਨੇ ਧਰਮ ਧੜੇ।
ਬਿਰਖ਼ ਉਦਾਸ ਖੜ੍ਹੇ।
ਪਵਨ ਗੁਰੂ ਜੇ ਧਰਤੀ ਮਾਤਾ।
ਕਿਉਂ ਨਾ ਪੁੱਤਰੋ ਧਰਮ ਪਛਾਤਾ।
ਚੁੱਪ ਬੈਠੇ ਜੇ ਹਾਲੇ ਤੱਕ ਤਾਂ,
ਹੱਥ ਨਹੀਂ ਆਉਣਾ ਵਕਤ ਗਵਾਤਾ।
ਗੁਰੂ ਨਾਨਕ ਦੇ ਪੁੱਤਰਾਂ ਬਾਝੋਂ,
ਇਹ ਜੰਗ ਕੌਣ ਲੜੇ।
ਬਿਰਖ਼ ਉਦਾਸ ਖੜ੍ਹੇ।
ਅੰਬੀਆਂ ਵਾਲੇ ਦੇਸ਼ ਦੋਆਬੇ।
ਜਿੱਥੇ ਹੋਏ ਗਦਰੀ ਬਾਬੇ।
ਨਾ ਟਾਹਲੀ ਨਾ ਪਿੱਪਲ ਬਰੋਟੇ,
ਟੁੱਟ ਚੱਲੇ ਇਨਸਾਫ਼ ਦੇ ਛਾਬੇ।
ਬੱਬਰ ਸ਼ੇਰਾਂ ਦੀ ਧਰਤੀ ਤੋਂ,
ਗਏ ਗੁਆਚ ਬੜੇ।
ਬਿਰਖ਼ ਉਦਾਸ ਖੜ੍ਹੇ।
ਵੇ ਵੀਰੋ ਮਾਂ ਧਰਤੀ ਜਾਇਉ।
ਇਹਦੇ ਦੁੱਧ ਨੂੰ ਲਾਜ ਨਾ ਲਾਇਉ।
ਵਣ ਤ੍ਰਿਣ ਤੇ ਹਰਿਆਵਲ ਖ਼ਾਤਰ,
ਆਪੋ ਆਪਣਾ ਧਰਮ ਨਿਭਾਇਉ।
ਅੱਥਰਾ ਘੋੜਾ ਮਿੱਧੀ ਜਾਵੇ,
ਕੋਈ ਤਾਂ ਵਾਗ ਫੜ੍ਹੇ।
ਬਿਰਖ਼ ਉਦਾਸ ਖੜ੍ਹੇ।