ਮਨੋਰੰਜਨ

ਬਿਰਖ਼ ਉਦਾਸ ਖੜ੍ਹੇ

ਗੁਰਭਜਨ ਗਿੱਲ / ਕੌਮੀ ਮਾਰਗ ਬਿਊਰੋ | June 03, 2026 08:49 PM

ਕਿੱਥੇ ਨੇ ਛਾਵਾਂ ਮਾਨਣ ਵਾਲੇ।
ਧੁਰ ਅੰਦਰ ਦੀਆਂ ਜਾਨਣ ਵਾਲੇ।
ਬੱਦਲ ਰੁੱਸ ਗਏ ਇਸ ਧਰਤੀ ਤੋਂ,
ਸਿਰ 'ਤੇ ਛਤਰੀ ਤਾਨਣ ਵਾਲੇ।
ਗਲੀਆਂ ਕੂਚੇ ਤਪਦੇ ਖਪਦੇ।
ਕਿਹੜਾ ਦਰਦ ਪੜ੍ਹੇ।
ਬਿਰਖ਼ ਉਦਾਸ ਖੜ੍ਹੇ।

ਰੁੱਸਿਆ ਬੁੱਸਿਆ ਸਾਉਣ ਮਹੀਨਾ।
ਗੁੰਮ ਸੁੰਮ ਸਧਰਾਂ ਭਰਿਆ ਸੀਨਾ।
ਨਾ ਧੀਆਂ ਨਾ ਧੀਆਂ ਆਈਆਂ,
ਮੇਰਾ ਵੀ ਹੁਣ ਲੱਗਦਾ ਜੀਅ ਨਾ।
ਗਿੱਧਿਆਂ ਦੇ ਪਿੜ ਸੁੰਨੇ ਸੱਖਣੇ,
ਕਿੱਦਾਂ ਰੂਪ ਚੜ੍ਹੇ।
ਬਿਰਖ਼ ਉਦਾਸ ਖੜ੍ਹੇ।

ਆ ਗਏ ਖੁੱਲ੍ਹੀਆਂ ਸੜਕਾਂ ਵਾਲੇ।
ਮੂੜ੍ਹ ਸਿਆਸੀ ਬੜ੍ਹਕਾਂ ਵਾਲੇ।
ਆਰੀ ਫੇਰਨਗੇ ਹੁਣ ਵੇਖੀਂ,
ਮੇਰੀ ਜੜ੍ਹ ਨੂੰ ਰੜਕਾਂ ਵਾਲੇ।
ਕਾਰਾਂ ਵਾਲੇ ਪਾਉਣ ਬਾਘੀਆਂ,
ਪੈਦਲ ਸ਼ਾਂਤ ਬੜ੍ਹੇ।
ਬਿਰਖ਼ ਉਦਾਸ ਖੜ੍ਹੇ।

ਆ ਗਏ ਰਲ ਕੇ ਆਰੀਆਂ ਵਾਲੇ।
ਕਿੱਧਰ ਤੁਰ ਗਏ ਯਾਰੀਆਂ ਵਾਲੇ।
ਸੁਣਦੇ ਨਾ ਫਰਿਆਦ ਰਿਸ਼ੀ ਦੀ,
ਰੂਹ ਦੀਆਂ ਬੰਦ ਬਾਰੀਆਂ ਵਾਲੇ।
ਹਾਕਮ ਹੁਕਮ ਹਕੂਮਤ ਅੱਗੇ,
ਜੋ ਵੀ ਅੜੇ ਝੜੇ।
ਬਿਰਖ਼ ਉਦਾਸ ਖੜ੍ਹੇ।

ਵੀਰਾ ਨਾ ਆਵੀਂ ਜਗਰਾਵਾਂ।
ਹੁਣ ਨਹੀਂ ਓਥੇ ਠੰਢੀਆਂ ਛਾਵਾਂ।
ਕੰਕਰੀਟ ਦਾ ਰਾਜ ਭਾਗ ਹੈ,
ਕੌਣ ਸੁਣੇਗਾ ਹਾਉਕੇ ਹਾਵਾਂ।
ਖੰਨਾ, ਖਰੜ, ਅਤੇ ਬਰਨਾਲਾ
ਹੋ ਗਏ ਵੇਖ ਰੜ੍ਹੇ।
ਬਿਰਖ਼ ਉਦਾਸ ਖੜ੍ਹੇ।

ਪਿੰਡ ਨੇੜੇ ਸੀ ਬੋਹੜਾਂ ਵਾਲਾ।
ਅੰਬਰਸਰ ਵਿੱਚ ਪਿੱਪਲਾਂ ਵਾਲਾ।
ਬੱਸ ਰੁਕਦੀ ਸੀ ਜਦੋਂ ਮੋਰਿੰਡੇ,
ਕਹਿੰਦੇ ਆ ਗਿਆ ਬਾਗਾਂ ਵਾਲਾ।
ਅੰਬ ਨਗਰੀ ਸੀ ਜ਼ਿਲ੍ਹਾ ਅੰਬਾਲਾ,
ਲੋਭ ਦੀ ਭੇਟ ਚੜ੍ਹੇ।
ਬਿਰਖ ਉਦਾਸ ਖੜ੍ਹੇ।

ਘੁੱਗੀਆਂ ਮੋਰ ਕਬੂਤਰ ਮੋਏ।
ਹੁਣ ਛਾਵਾਂ ਨੂੰ ਕਿਹੜਾ ਰੋਏ।
ਵਣਜ ਵਪਾਰ ਨੇ ਧਰਤੀ ਮੱਲੀ,
ਜਾਪਣ ਸਭ ਵਣਜਾਰੇ ਹੋਏ।
ਗਿਆਨੀ ਧਿਆਨੀ ਬਣੇ ਕੁਰਸੀਆਂ,
ਚੁੱਪ ਨੇ ਧਰਮ ਧੜੇ।
ਬਿਰਖ਼ ਉਦਾਸ ਖੜ੍ਹੇ।

ਪਵਨ ਗੁਰੂ ਜੇ ਧਰਤੀ ਮਾਤਾ।
ਕਿਉਂ ਨਾ ਪੁੱਤਰੋ ਧਰਮ ਪਛਾਤਾ।
ਚੁੱਪ ਬੈਠੇ ਜੇ ਹਾਲੇ ਤੱਕ ਤਾਂ,
ਹੱਥ ਨਹੀਂ ਆਉਣਾ ਵਕਤ ਗਵਾਤਾ।
ਗੁਰੂ ਨਾਨਕ ਦੇ ਪੁੱਤਰਾਂ ਬਾਝੋਂ,
ਇਹ ਜੰਗ ਕੌਣ ਲੜੇ।
ਬਿਰਖ਼ ਉਦਾਸ ਖੜ੍ਹੇ।

ਅੰਬੀਆਂ ਵਾਲੇ ਦੇਸ਼ ਦੋਆਬੇ।
ਜਿੱਥੇ ਹੋਏ ਗਦਰੀ ਬਾਬੇ।
ਨਾ ਟਾਹਲੀ ਨਾ ਪਿੱਪਲ ਬਰੋਟੇ,
ਟੁੱਟ ਚੱਲੇ ਇਨਸਾਫ਼ ਦੇ ਛਾਬੇ।
ਬੱਬਰ ਸ਼ੇਰਾਂ ਦੀ ਧਰਤੀ ਤੋਂ,
ਗਏ ਗੁਆਚ ਬੜੇ।
ਬਿਰਖ਼ ਉਦਾਸ ਖੜ੍ਹੇ।

ਵੇ ਵੀਰੋ ਮਾਂ ਧਰਤੀ ਜਾਇਉ।
ਇਹਦੇ ਦੁੱਧ ਨੂੰ ਲਾਜ ਨਾ ਲਾਇਉ।
ਵਣ ਤ੍ਰਿਣ ਤੇ ਹਰਿਆਵਲ ਖ਼ਾਤਰ,
ਆਪੋ ਆਪਣਾ ਧਰਮ ਨਿਭਾਇਉ।
ਅੱਥਰਾ ਘੋੜਾ ਮਿੱਧੀ ਜਾਵੇ,
ਕੋਈ ਤਾਂ ਵਾਗ ਫੜ੍ਹੇ।
ਬਿਰਖ਼ ਉਦਾਸ ਖੜ੍ਹੇ।

Have something to say? Post your comment

 
 
 
 

ਮਨੋਰੰਜਨ

ਇਸ ਤਰ੍ਹਾਂ ਜਗਜੀਤ ਸਿੰਘ ਨੇ ਕੁਮਾਰ ਸਾਨੂ ਨੂੰ ਪਹਿਲਾ ਮੌਕਾ ਦਿੱਤਾ

ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ

'ਭਾਰਤੀ ਸਿਨੇਮਾ ਨੇ ਬੇਮਿਸਾਲ ਅਦਾਕਾਰ ਨਾਨਾ ਪਾਟੇਕਰ ਗੁਆ ਦਿੱਤਾ - ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਮੁੱਖ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ

ਮੀਕਾ ਸਿੰਘ ਸਲਮਾਨ ਖਾਨ ਦੇ ਸਮਰਥਨ ਵਿੱਚ ਆਏ ਸਾਹਮਣੇ- ਕਿਹਾ, "ਮੀਡੀਆ ਅਤੇ ਕਲਾਕਾਰਾਂ ਨੂੰ ਸੰਜਮ ਵਰਤਣ

ਮੈਂ ਸੀਕਵਲ ਨਹੀਂ ਬਣਾਉਂਦਾ, ਰਾਜਕੁਮਾਰ ਸੰਤੋਸ਼ੀ ਨੇ "ਅਦਾ ਅਪਨੀ ਅਪਨੀ" ਦੀ ਕਹਾਣੀ ਬਾਰੇ ਕਿਹਾ

ਦਾਯਰਾ" ਦੇਖਣ ਆਏ ਦਰਸ਼ਕਾਂ ਨੇ ਕਿਹਾ, "ਅਜਿਹੀ ਕਹਾਣੀ ਬਣਾਉਣ ਲਈ ਹਿੰਮਤ ਦੀ ਲੋੜ ਹੁੰਦੀ ਹੈ

‘ਚੜ੍ਹਦੀਕਲਾ’ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਵਾਲੇ ਦੋਵੇਂ ਹੁਕਮ ਵਾਪਸ

ਪਰਦੇਸ ਗਰਲ: ਪਿਤਾ ਚਾਹੁੰਦੇ ਸਨ ਕਿ ਧੀ ਆਈਏਐਸ ਅਫਸਰ ਬਣੇ, ਪਹਿਲੀ ਫਿਲਮ ਨੇ ਉਸਨੂੰ ਸੁਪਰਸਟਾਰ ਬਣਾਇਆ, ਫਿਰ ਗਾਇਬ ਹੋ ਗਈ

ਹੈਵਾਨ ਦੇਖਣ ਤੋਂ ਬਾਅਦ ਨਿਰਾਸ਼ ਹੋਏ ਦਰਸ਼ਕ ਕਹਿੰਦੇ -ਪ੍ਰਿਯਦਰਸ਼ਨ ਤੋਂ ਇਹ ਉਮੀਦ ਨਹੀਂ ਸੀ