ਪੰਜਾਬ

ਡਿਜੀਟਲ ਡੈਸ਼ਬੋਰਡਾਂ ਰਾਹੀਂ ਇਸ ਮੈਗਾ ਮੁਹਿੰਮ ਦੀ ਕੀਤੀ ਜਾਵੇਗੀ ਨਿਗਰਾਨੀ: ਬੈਂਸ

ਕੌਮੀ ਮਾਰਗ ਬਿਊਰੋ | June 03, 2026 10:29 PM

ਚੰਡੀਗੜ੍ਹ-ਮਾਨਸੂਨ ਤੋਂ ਪਹਿਲਾਂ ਸੀਵਰੇਜ ਓਵਰਫਲੋਅ ਅਤੇ ਸ਼ਹਿਰਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸੂਬੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੀਵਰੇਜ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਸੂਬੇ ਭਰ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ 2, 200 ਕਿਲੋਮੀਟਰ ਸੀਵਰੇਜ ਲਾਈਨਾਂ ਅਤੇ 1, 400 ਹੌਟਸਪੌਟਾਂ ਨੂੰ ਸਾਫ਼ ਕੀਤਾ ਜਾਵੇਗਾ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਮੁਹੱਲਿਆਂ ਵਿੱਚ 800 ਕਿਲੋਮੀਟਰ ਮੁੱਖ ਟਰੰਕ ਲਾਈਨਾਂ ਅਤੇ 1, 400 ਕਿਲੋਮੀਟਰ ਬ੍ਰਾਂਚ ਲਾਈਨਾਂ ਨੂੰ ਕਵਰ ਕੀਤਾ ਜਾਵੇਗਾ। ਵਿਭਾਗ ਵੱਲੋਂ 1, 400 ਪੁਰਾਣੇ ਹੌਟਸਪੌਟਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਹਰ ਸਾਲ ਮਾਨਸੂਨ ਦੌਰਾਨ ਸੀਵਰੇਜ ਓਵਰਫਲੋ ਹੋਣ ਦੀ ਸਮੱਸਿਆ ਆਉਂਦੀ ਸੀ।

ਸ. ਬੈਂਸ ਨੇ ਕਿਹਾ, “ਹਰ ਸਾਲ ਜਦੋਂ ਬਾਰਸ਼ ਆਉਂਦੀ ਹੈ ਤਾਂ ਹਰ ਸ਼ਹਿਰ ਅਤੇ ਮੁਹੱਲੇ ਵਿੱਚ ਕੁਝ ਅਜਿਹੇ ਸਥਾਨ ਹੁੰਦੇ ਹਨ ਜਿੱਥੇ ਸੀਵਰੇਜ ਓਵਰਫਲੋਅ ਹੁੰਦਾ ਹੈ। ਇਸ ਵਾਰ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਮੁਤਾਬਕ, ਸਾਨੂੰ ਟੀਚਾ ਦਿੱਤਾ ਗਿਆ ਹੈ ਕਿ ਪੰਜਾਬ ਦੇ ਕਿਸੇ ਵੀ ਸ਼ਹਿਰ ਅਤੇ ਕਸਬੇ ਵਿੱਚ ਕਿਤੇ ਵੀ ਸੀਵਰੇਜ ਓਵਰਫਲੋਅ ਨਹੀਂ ਹੋਣਾ ਚਾਹੀਦਾ।”

ਸ਼ਹਿਰ ਪੱਧਰ ਦੇ ਵੇਰਵੇ ਸਾਂਝੇ ਕਰਦਿਆਂ, ਸ. ਬੈਂਸ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਜਲੰਧਰ ਵਿੱਚ 108 ਕਿਲੋਮੀਟਰ ਸੀਵਰ ਲਾਈਨਾਂ ਅਤੇ 47 ਹੌਟਸਪੌਟਾਂ ਨੂੰ ਕਵਰ ਕੀਤਾ ਜਾਵੇਗਾ ਜਦਕਿ ਪਟਿਆਲਾ ਵਿੱਚ 93 ਕਿਲੋਮੀਟਰ ਸੀਵਰ ਲਾਈਨਾਂ, ਲੁਧਿਆਣਾ ਵਿੱਚ 40 ਕਿਲੋਮੀਟਰ ਸੀਵਰ ਲਾਈਨਾਂ ਅਤੇ 42 ਹੌਟਸਪੌਟ, ਬਠਿੰਡਾ ਵਿੱਚ 55 ਕਿਲੋਮੀਟਰ ਸੀਵਰ ਲਾਈਨਾਂ ਅਤੇ 39 ਹੌਟਸਪੌਟ, ਮੋਹਾਲੀ ਵਿੱਚ 36 ਕਿਲੋਮੀਟਰ ਸੀਵਰ ਲਾਈਨਾਂ, ਜ਼ੀਰਕਪੁਰ ਵਿੱਚ 14 ਕਿਲੋਮੀਟਰ ਸੀਵਰ ਲਾਈਨਾਂ ਅਤੇ 15 ਹੌਟਸਪੌਟ, ਖਰੜ ਵਿੱਚ 11 ਕਿਲੋਮੀਟਰ ਸੀਵਰ ਲਾਈਨਾਂ ਅਤੇ 11 ਹੌਟਸਪੌਟ, ਧੂਰੀ ਵਿੱਚ 7 ਕਿਲੋਮੀਟਰ ਸੀਵਰ ਲਾਈਨਾਂ ਅਤੇ 3 ਹੌਟਸਪੌਟ, ਕੋਟਕਪੂਰਾ ਵਿੱਚ 21 ਕਿਲੋਮੀਟਰ ਸੀਵਰ ਲਾਈਨਾਂ ਅਤੇ ਨੰਗਲ ਵਿੱਚ 7 ਕਿਲੋਮੀਟਰ ਸੀਵਰ ਲਾਈਨਾਂ ਨੂੰ ਕਵਰ ਕੀਤਾ ਜਾਵੇਗਾ, ਜਿੱਥੇ ਪਹਿਲੀ ਵਾਰ ਸਫ਼ਾਈ ਕੀਤੀ ਜਾ ਰਹੀ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਜੇ.ਈਜ਼. ਤੇ ਹੋਰ ਸਟਾਫ ਨੂੰ ਇਸ ਮੁਹਿੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ, "ਅਸੀਂ ਸੁਪਰ-ਸਕਸ਼ਨ ਮਸ਼ੀਨਾਂ ਅਤੇ ਉੱਚ-ਸਮਰੱਥਾ ਵਾਲੇ ਜੈਟਿੰਗ ਉਪਕਰਣ ਲਗਾਏ ਹਨ। ਅਸਲ-ਸਮੇਂ ਦੀ ਜਾਣਕਾਰੀ ਲਈ ਵੱਖਰੇ ਕੰਟਰੋਲ ਰੂਮ ਅਤੇ ਡਿਜੀਟਲ ਡੈਸ਼ਬੋਰਡ ਸਥਾਪਤ ਕੀਤੇ ਜਾ ਰਹੇ ਹਨ।"

ਉਨ੍ਹਾਂ ਅੱਗੇ ਦੱਸਿਆ ਕਿ ਡੈਸ਼ਬੋਰਡ ਰਾਹੀਂ ਰੋਜ਼ਾਨਾ ਪ੍ਰਗਤੀ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਇਸ ਕਾਰਜ ਨੂੰ ਹੋਰ ਸੁਚੱਜਾ ਬਣਾਉਣ ਲਈ ਜੇ.ਈ. ਤੋਂ ਐਸ.ਈ. ਪੱਧਰ ਤੱਕ ਜਵਾਬਦੇਹੀ ਤੈਅ ਕੀਤੀ ਗਈ ਹੈ। ਇਹ ਮੁਹਿੰਮ ਮਿਸ਼ਨ ਮੋਡ ਵਿੱਚ ਪੂਰੀ ਕੀਤੀ ਜਾਵੇਗੀ।

ਇੱਕ ਹੈਰਾਨੀਜਨਕ ਉਦਾਹਰਣ ਸਾਂਝੀ ਕਰਦਿਆਂ ਸ. ਬੈਂਸ ਨੇ ਕਿਹਾ, ‘‘ ਸਾਡੀ ਟੀਮ ਨੇ ਲੁਧਿਆਣਾ ਦੇ ਭੱਟੀਆਂ ਇਲਾਕੇ ਵਿੱਚ ਸੀਵਰੇਜ ਦੀ ਸਫਾਈ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਦੇ ਨਜ਼ਦੀਕ ਬਣੇ ਇੱਕ ਮਕਾਨ ਦੀ ਉਸਾਰੀ ਸਮੇਂ ਸੀਵਰ ਲਾਈਨ ਕੰਕਰੀਟ ਨਾਲ ਭਰ ਦਿੱਤੀ ਗਈ ਸੀ। ਇਹ ਲਾਈਨ ਛੇ ਸਾਲਾਂ ਤੋਂ ਬੰਦ ਪਈ ਸੀ, ਜਿਸ ਕਾਰਨ ਪੂਰੇ ਇਲਾਕੇ ਲਈ ਮੁਸੀਬਤ ਬਣੀ ਹੋਈ ਸੀ। ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’’

ਸਥਾਨਕ ਸਰਕਾਰਾਂ ਮੰਤਰੀ ਸ. ਬੈਂਸ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਫੀਲਡ ਵਿੱਚ ਰਹਿਣਗੇ ਅਤੇ ਸਾਰੇ ਅਧਿਕਾਰੀਆਂ ਨੂੰ ਵੀ ਫੀਲਡ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਕਿਹਾ, ‘‘ਅਸੀਂ ਆਪਣੇ ਸਾਰੇ ਵਿਧਾਇਕਾਂ ਅਤੇ ਮਿਉਂਸੀਪਲ ਕੌਂਸਲਰਾਂ ਨੂੰ ਵੀ ਇਸ ਮੁਹਿੰਮ ਨਾਲ ਜੋੜ ਰਹੇ ਹਾਂ। ਸਾਡਾ ਉਦੇਸ਼ ਹੈ ਕਿ ਇਸ ਵਾਰ ਮਾਨਸੂਨ ਸੀਜ਼ਨ ਦੌਰਾਨ ਪਾਣੀ ਭਰਨ, ਸੀਵਰੇਜ ਉਛਲਣ ਅਤੇ ਪਾਣੀ ਖੜ੍ਹਨ ਕਾਰਨ ਡੇਂਗੂ ਦਾ ਫੈਲਾਅ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ।’’

Have something to say? Post your comment

 
 
 
 

ਪੰਜਾਬ

ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ; ਨਿੱਜੀ ਹਸਪਤਾਲਾਂ ਵਿੱਚ 17 ਹੋਰ ਇਲਾਜਾਂ ਨੂੰ ਮਨਜ਼ੂਰੀ

ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ

ਛੀਨਾ ਨੇ ਖਾਲਸਾ ’ਵਰਸਿਟੀ ਦੇ ਰਿਲੀਜੀਅਸ ਸਟੱਡੀ ਵਿਭਾਗ ਦੇ ਡੀਨ ਵਜੋਂ ਡਾ. ਗੋਗੋਆਣੀ ਨੂੰ ਸੌਂਪਿਆ ਅਹੁੱਦਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜਲਦੀ ਹੀ ਦੋ ਸਥਾਈ ਜੱਜ ਮਿਲਣਗੇ, ਸੁਪਰੀਮ ਕੋਰਟ ਕੋਲੇਜੀਅਮ ਨੇ ਦਿੱਤੀ ਮਨਜ਼ੂਰੀ 

ਐਵਰੈਸਟ ਫ਼ਤਿਹ ਕਰਨ ਵਾਲੇ ਪਹਿਲੇ ਕੈਨੇਡੀਅਨ ਸਿੱਖ ਸ. ਅਜੈਪਾਲ ਸਿੰਘ ਦਾ ਬਾਬਾ ਬਲਬੀਰ ਸਿੰਘ ਵੱਲੋਂ ਸਨਮਾਨ

ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼

ਬਿਜਲੀ ਮੰਤਰੀ ਸੌਂਦ ਨੇ ਚੁਕਾਈ ਅਹੁਦੇ ਦੀ ਸਹੁੰ

ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ, ਜਾਇਜ਼ ਮੰਗਾਂ ਦਾ ਜਲਦੀ ਕੀਤਾ ਜਾਵੇਗਾ ਨਿਪਟਾਰਾ: ਹਰਪਾਲ ਸਿੰਘ ਚੀਮਾ

ਦੋਵੇਂ ਗ੍ਰਿਫ਼ਤਾਰ ਮੁਲਜ਼ਮ ਆਦਤਨ ਅਪਰਾਧੀ ਹਨ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ

ਜੂਨ 84 ਦੇ ਘੱਲੂਘਾਰੇ ਦੀ ਨਿਰਪੱਖ ਜਾਂਚ ਅਤੇ ਜਿੰਮੇਵਾਰ ਹਾਕਮਾਂ ਨੂੰ ਬਣਦੀਆਂ ਸਜਾਵਾਂ ਦਿੱਤੀਆਂ ਜਾਣ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ