ਅੱਜ ਨੇੜਲੇ ਨਗਰ ਗੁਰੂ ਕੀ ਵਡਾਲੀ ਵਿਖੇ ਗੁਰਦਵਾਰਾ ਸੰਗਤਸਰ ਸਾਹਿਬ (ਬਾਬਾ ਸੰਗਤ ਸਿੰਘ) ਵਿਖੇ ਸ਼ਾਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪਾਂ ਦੀਆਂ ਜਿਲਦਾ ਨੁਕਸਾਨੀਆਂ ਗਈਆਂ। ਘਟਨਾ ਦਾ ਪਤਾ ਲਗਦੇ ਸਾਰ ਹੀ ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ ਗੁਰਿੰਦਰ ਸਿੰਘ ਮਥਰੇਵਾਲ ਨੇ ਮੀਤ ਸਕੱਤਰ ਸ੍ਰ ਗੁਰਮੀਤ ਸਿੰਘ ਮੁਕਤਸਰੀ ਦੀ ਅਗਵਾਈ ਹੇਠ ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਤੇ ਪ੍ਰਚਾਰਕ ਭਾਈ ਗੁਰਵਿੰਦਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਜ਼ਸਪਾਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਹਰਪਾਲ ਸਿੰਘ ਨੂੰ ਮੌਕੇ ਤੇ ਭੇਜਿਆ।ਸ੍ਰ ਹਰਵਿੰਦਰ ਸਿੰਘ ਮੈਨੇਜਰ ਗੁਰਦਵਾਰਾ ਸ੍ਰੀ ਛੇਹਰਟਾ ਸਾਹਿਬ ਨੂੰ ਲੈ ਕੇ ਇਹ ਸਾਰੇ ਮੌਕੇ ਤੇ ਪਹੰੁਚੇ। ਗੁਰੂ ਕੀ ਵਡਾਲੀ ਵਿਖੇ ਸਥਿਤ ਗੁਰਦਵਾਰਾ ਸੰਗਤਸਰ ਸਾਹਿਬ ਬਾਬਾ ਸੰਗਤ ਸਿੰਘ ਵਿਖੇ ਸੁਖਆਸਨ ਸਥਾਨ ਤੇ ਲਗਾ ਛੋਟਾ ਪੱਖਾ ਗਰਮ ਹੋ ਕੇ ਡਿੱਗ ਪਿਆ। ਉਸ ਵਿਚੋ ਨਿਕਲੀਆਂ ਚੰਗਆੜੀਆਂ ਦੇ ਕਾਰਨ ਅੱਗ ਲੱਗ ਗਈ ਜੋ ਫੈਲ ਕੇ ਸੁਖਆਸਨ ਸਥਾਨ ਤੇ ਸ਼ਸੋਬਿਤ ਪਾਵਨ ਸਰੂਪਾਂ ਤਕ ਜਾ ਪੁੱਜੀ। ਇਸ ਕਾਰਨ ਪਾਵਨ ਸਰੂਪਾਂ ਦੀਆਂ ਜਿਲਦਾ ਨੁਕਸਾਨੀਆਂ ਗਈਆਂ। ਇਸ ਮੌਕੇ ਤੇ ਪ੍ਰਚਾਰਕ ਭਾਈ ਗੁਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਭਾਈ ਕਰਮ ਸਿੰਘ ਅੱਜ ਸਵੇਰੇ ਸਾਢੇ ਛੇ ਵਜੇ ਜਦ ਗੁਰੂ ਘਰ ਆਇਆ ਤਾਂ ਉਸ ਨੇ ਮੁਖ ਅਸਥਾਨ ਤੇ ਧੂਆਂ ਦੇਖ ਕੇ ਵੀ ਮੌਕੇ ਦੀ ਜਾਣਕਾਰੀ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਤਕ ਨਹੀ ਪਹੁੰਚਾਈ। ਦਿਨੇ ਕਰੀਬ ਸਾਢੇ ਗਿਆਰਾ ਵਜੇ ਉਕਤ ਨੇ ਦਫਤਰ ਨੂੰ ਇਸ ਘਟਨਾਂ ਦੀ ਜਾਣਕਾਰੀ ਦਿੱਤੀ ਜਿਸ ਤੋ ਬਾਅਦ ਅਸੀ ਸਾਰੇ ਮੌਕੇ ਤੇ ਆਏ ਤੇ ਸਾਰੀ ਪੜਤਾਲ ਕੀਤੀ ਹੈ। ਉਨਾਂ ਦਸਿਆ ਕਿ ਅਸੀ ਪ੍ਰਬੰਧਕਾਂ ਦੀ ਅਣਗਹਿਲੀ ਮਹਿਸੂਸ ਕਰਦਿਆਂ ਗੁਰੂ ਘਰ ਵਿਚ ਮੌਜ਼ੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਤੇ ਗੁਟਕਾ ਸਾਹਿਬ ਗੁਰਦਵਾਰਾ ਰਾਮਸਰ ਸਾਹਿਬ ਵਿਖੇ ਲੈ ਜਾ ਰਹੇ ਹਾਂ। ਸਾਰੇ ਮਾਮਲੇ ਦੀ ਲਿਖਤੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਤੀ ਜਾਵੇਗੀ। ਇਸ ਮੌਕੇ ਤੇ ਮੀਤ ਸਕੱਤਰ ਗੁਰਮੀਤ ਸਿੰਘ ਮੁਕਤਸਰੀ ਨੇ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼ੋ੍ਰਮਣੀ ਕਮੇਟੀ ਵਲੋ ਵਾਰ ਵਾਰ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਆਸਨ ਸਥਾਨ ਤੇ ਪੱਖੇ ਜਾਂ ਏਸੀ ਚਲਦੀ ਹਾਲਤ ਵਿਚ ਨਾ ਛੱਡੇ ਜਾਣ ਕਿਉਕਿ ਇਹ ਅਚਾਨਕ ਕਿਸੇ ਦੁਖਦਾਈ ਘਟਨਾਂ ਦਾ ਕਾਰਨ ਬਣਦੇ ਹਨ।