ਟਾਂਡਾ - ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਪਾਰਟੀ ਵਰਕਰਾਂ ਨਾਲ ਮਿਲ ਕੇ ਝਾੜੂ ਖੋਲ੍ਹ ਕੇ ਰੋਸ ਪ੍ਰਗਟ ਕੀਤਾ। ਇਹ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਥਿਤ ਤੌਰ 'ਤੇ ਝਾੜੂ ਦੀ ਬੇਅਦਬੀ ਦੇ ਦੋਸ਼ ਹੇਠ ਇਕ ਕਾਂਗਰਸੀ ਵਰਕਰ ਨੂੰ ਜੇਲ੍ਹ ਭੇਜਣ ਦੇ ਵਿਰੋਧ ਵਜੋਂ ਕੀਤਾ ਗਿਆ ਸੀ।
ਇਸ ਤੋਂ ਇਲਾਵਾ, ਵੜਿੰਗ ਨੇ ਇੱਥੇ ਪਾਰਟੀ ਵਰਕਰ ਅਰਸ਼ਦੀਪ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ। ਅਰਸ਼ਦੀਪ ਨੂੰ ਪੰਜਾਬ ਪੁਲਿਸ ਵੱਲੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਕਥਿਤ “ਬੇਅਦਬੀ” ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਵੜਿੰਗ ਨੇ ਅਰਸ਼ਦੀਪ ਅਤੇ ਉਸਦੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ, ਕਿਹਾ ਕਿ ਪਾਰਟੀ ਦਾ ਹਰ ਆਗੂ ਤੇ ਵਰਕਰ ਉਸਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਕਾਂਗਰਸ ਵਰਕਰਾਂ ਨੇ ਉਸਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਹਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਝਾੜੂ ਨੂੰ ਖੋਲ੍ਹਣਾ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਅਗਲੀਆਂ ਚੋਣਾਂ ਤੱਕ ਪੂਰੀ ਆਪ ਦੇ ਖੁੱਲ੍ਹ ਕੇ ਬਿਖਰਨ ਨਾਲ ਇਸਦਾ ਅੰਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਆਪ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਉਨ੍ਹਾਂ ਨੇ ਆਪ ਆਗੂਆਂ ਉੱਪਰ ਤੰਜ਼ ਕਸਦਿਆਂ, ਕਿਹਾ ਕਿ ਉਹ ਝਾੜੂ ਨੂੰ ਲੈ ਕੇ ਇੰਨੇ “ਸੰਵੇਦਨਸ਼ੀਲ” ਨਾ ਹੋਣ ਅਤੇ ਹਰ ਗੱਲ ਨੂੰ ਬੇਅਦਬੀ ਨਾ ਸਮਝਣ।
ਵੜਿੰਗ ਨੇ ਕਿਹਾ ਕਿ ਇੱਕ ਛੋਟੇ ਜਿਹੇ ਵਿਰੋਧ ਪ੍ਰਦਰਸ਼ਨ ਲਈ ਅਰਸ਼ਦੀਪ ਦੀ ਗ੍ਰਿਫ਼ਤਾਰੀ ਦੇ ਹੁਕਮ ਦੇਣਾ ਦਰਸਾਉਂਦਾ ਹੈ ਕਿ ਆਪ ਆਪਣੀ ਸੰਭਾਵਿਤ ਹਾਰ ਨੂੰ ਦੇਖਦਿਆਂ ਕਿੰਨੀ ਅਸੁਰੱਖਿਆ ਮਹਿਸੂਸ ਕਰ ਰਹੀ ਹੈ।
ਉਨ੍ਹਾਂ ਨੇ ਅਰਸ਼ਦੀਪ ਨੂੰ ਸਿਰਫ਼ ਇੱਕ ਪ੍ਰਤੀਕਾਤਮਕ ਵਿਰੋਧ ਦੇ ਤੌਰ 'ਤੇ ਝਾੜੂ ਖੋਲ੍ਹਣ ਲਈ ਗ੍ਰਿਫ਼ਤਾਰ ਕਰਨ ਨੂੰ ਪੰਜਾਬ ਪੁਲਿਸ ਦੀ “ਤਾਨਾਸ਼ਾਹੀ” ਵਾਲੀ ਕਾਰਵਾਈ ਕਰਾਰ ਦਿੰਦਿਆਂ, ਇਸਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇੱਕ ਕਾਂਗਰਸੀ ਵਰਕਰ ਖ਼ਿਲਾਫ਼ ਸਿਰਫ਼ ਇਸ ਲਈ ਕਾਰਵਾਈ ਕਰਨਾ ਕਿ ਉਸਨੇ ਝਾੜੂ ਨੂੰ ਖੋਲ੍ਹਿਆ ਸੀ, ਇਹ ਦਰਸਾਉਂਦਾ ਹੈ ਕਿ ਪੰਜਾਬ ਵਿੱਚ ਆਪ ਸਰਕਾਰ ਕਿੰਨੀ ਨਿਰਾਸ਼ ਅਤੇ ਅਸੁਰੱਖਿਅਤ ਹੋ ਚੁੱਕੀ ਹੈ।
ਵੜਿੰਗ ਨੇ ਕਿਹਾ ਕਿ ਜਿੱਥੇ ਆਪ ਨੇ ਆਪਣੇ ਪਾਰਟੀ ਚਿੰਨ੍ਹ ਦੀ ਕਥਿਤ ਬੇਅਦਬੀ ਦੇ ਮਾਮਲੇ ਵਿੱਚ ਅਰਸ਼ਦੀਪ ਨੂੰ ਗ੍ਰਿਫ਼ਤਾਰ ਕਰਨ ਵਿੱਚ ਕੋਈ ਦੇਰੀ ਨਹੀਂ ਕੀਤੀ, ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਕਾਰਵਾਈ ਕਰਨ ਵੇਲੇ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਉਨ੍ਹਾਂ ਨੇ ਆਪ ਅਤੇ ਇਸਦੇ ਆਗੂਆਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ 24 ਘੰਟਿਆਂ ਦੇ ਅੰਦਰ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ, ਲੇਕਿਨ ਚਾਰ ਸਾਲ ਤੋਂ ਵੱਧ ਸਮੇਂ ਤੋਂ ਸੱਤਾ ਵਿੱਚ ਹੋਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ।
ਵੜਿੰਗ ਨੇ ਕਿਹਾ ਕਿ ਝਾੜੂ ਨੂੰ “ਖੋਲ੍ਹਣ” ਦੀ ਕਾਰਵਾਈ ਸਿਰਫ਼ ਸ਼ੁਰੂਆਤ ਹੈ ਅਤੇ ਇਸਨੇ ਪਹਿਲਾਂ ਹੀ ਆਪ ਆਗੂਆਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਲੋਕਾਂ ਨੇ ਸਿਰਫ਼ ਝਾੜੂ ਨੂੰ ਖੋਲ੍ਹਣਾ ਸ਼ੁਰੂ ਕੀਤਾ ਹੈ, ਜਿਸਨੂੰ ਤੁਸੀਂ ਬੇਅਦਬੀ ਸਮਝਦੇ ਹੋ। ਜਦੋਂ ਚੋਣਾਂ ਵਿੱਚ ਲੋਕ ਤੁਹਾਨੂੰ ਪੂਰੀ ਤਰ੍ਹਾਂ ਪੰਜਾਬ ਵਿੱਚੋਂ ਬਾਹਰ ਕੱਢ ਦੇਣਗੇ ਤਾਂ ਤੁਸੀਂ ਕੀ ਕਰੋਗੇ?
ਉਨ੍ਹਾਂ ਨੇ ਆਪ ਆਗੂਆਂ ਨੂੰ ਕਿਹਾ ਕਿ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਵਿਰੋਧੀ ਧਿਰ ਖ਼ਿਲਾਫ਼ ਕੋਈ ਵੀ ਤਾਨਾਸ਼ਾਹੀ ਜਾਂ ਅਧਿਕਾਰਵਾਦੀ ਕਾਰਵਾਈ ਇਸਨੂੰ ਰੋਕ ਨਹੀਂ ਸਕਦੀ।
ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਨਾਲ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਸੰਗਤ ਸਿੰਘ ਗਿਲਜੀਆਂ ਅਤੇ ਹੋਰ ਨੇਤਾ ਵੀ ਮੌਜੂਦ ਸਨ।