ਬਠਿੰਡਾ-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਨਗਰ ਨਿਗਮ ਚੋਣਾਂ ਵਿੱਚ 'ਆਪ' ਦੀ ਸ਼ਾਨਦਾਰ ਜਿੱਤ ਦਾ ਸਿਹਰਾ ਭਗਵੰਤ ਮਾਨ ਸਰਕਾਰ ਦੇ ਚਾਰ ਸਾਲਾਂ ਦੇ ਇਮਾਨਦਾਰ ਸ਼ਾਸਨ ਅਤੇ ਲੋਕ-ਪੱਖੀ ਕੰਮਾਂ ਸਿਰ ਬੰਨ੍ਹਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੈਗਾ ਰੋਡ ਸ਼ੋਅ ਦੌਰਾਨ ਲੋਕਾਂ ਦਾ ਭਾਰੀ ਇਕੱਠ ਅਤੇ ਉਤਸ਼ਾਹਪੂਰਵਕ ਹੁੰਗਾਰਾ ਸਰਕਾਰ ਪ੍ਰਤੀ ਪੰਜਾਬ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਬਠਿੰਡਾ ਦੇ ਲੋਕਾਂ ਵੱਲੋਂ ਦਿੱਤੇ ਗਏ ਵੱਡੇ ਫਤਵੇ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ 'ਆਪ' ਸੁਪਰੀਮੋ ਨੇ ਕਿਹਾ ਕਿ ਇਸ ਫੈਸਲੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਫ਼-ਸੁਥਰੇ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਹੋਰ ਪੱਕਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਪੰਜਾਬ ਦੇ ਹਰੇਕ ਪੁਰਾਣੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ, ਉੱਥੇ ਹੀ ਭਗਵੰਤ ਸਿੰਘ ਮਾਨ ਜਾਂ ਉਨ੍ਹਾਂ ਦੀ ਸਰਕਾਰ ਦੇ ਕਿਸੇ ਵੀ ਮੈਂਬਰ ਖ਼ਿਲਾਫ਼ ਇੱਕ ਵੀ ਦੋਸ਼ ਸਾਹਮਣੇ ਨਹੀਂ ਆਇਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਰਕਾਰ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਲੋਕਾਂ ਦੀ ਲਗਾਤਾਰ ਮਿਲ ਰਹੀ ਹਮਾਇਤ ਨੇ 2027 ਵਿੱਚ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਵਜੋਂ ਵਾਪਸੀ ਲਈ ਰਾਹ ਪੂਰੀ ਤਰ੍ਹਾਂ ਪੱਧਰਾ ਕਰ ਦਿੱਤਾ ਹੈ। ਇਸ ਮੌਕੇ 'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, 'ਆਪ' ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ।
ਰੋਡ ਸ਼ੋਅ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, "ਅੱਜ ਪੰਜਾਬ ਵਿੱਚ ਚਾਰ ਪਾਰਟੀਆਂ ਹਨ। ਇੱਕ ਪਾਰਟੀ ਨੂੰ ਲੋਕ ਗੁੱਸੇ ਵਿੱਚ 'ਚਿੱਟਾ ਪਾਰਟੀ' ਵਜੋਂ ਜਾਣਦੇ ਹਨ। ਇਸ ਦੇ ਸ਼ਾਸਨ ਦੌਰਾਨ ਨਸ਼ੇ ਬਹੁਤ ਜ਼ਿਆਦਾ ਵਿਕੇ ਅਤੇ ਹਰ ਘਰ ਤੱਕ ਪਹੁੰਚ ਗਏ। ਲੋਕ ਇਸ ਨੂੰ 'ਬੇਅਦਬੀ ਪਾਰਟੀ' ਵੀ ਕਹਿੰਦੇ ਹਨ ਕਿਉਂਕਿ ਇਸ ਦੇ ਕਾਰਜਕਾਲ ਦੌਰਾਨ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ।"
ਉਨ੍ਹਾਂ ਅੱਗੇ ਕਿਹਾ, "ਦੂਜੀ 'ਝਗੜਾ ਪਾਰਟੀ' ਹੈ। ਇਸ ਦੇ ਆਗੂ ਹਮੇਸ਼ਾ ਆਪਸ ਵਿੱਚ ਹੀ ਲੜਦੇ ਰਹਿੰਦੇ ਹਨ। ਤੀਜੀ 'ਈਡੀ ਪਾਰਟੀ' ਹੈ। ਇਹ ਲੋਕਾਂ ਨੂੰ ਈਡੀ ਦੀਆਂ ਧਮਕੀਆਂ ਦਿੰਦੀ ਹੈ ਅਤੇ ਉਨ੍ਹਾਂ ਦੇ ਪਿੱਛੇ ਏਜੰਸੀਆਂ ਲਗਾਉਂਦੀ ਹੈ ਅਤੇ ਚੌਥੀ ਆਮ ਆਦਮੀ ਪਾਰਟੀ ਹੈ, ਤੁਹਾਡੀ ਆਪਣੀ ਪਾਰਟੀ, 'ਜਨਤਾ ਦੀ ਪਾਰਟੀ', ਉਹ ਪਾਰਟੀ ਜੋ ਜਨਤਾ ਲਈ ਕੰਮ ਕਰਦੀ ਹੈ।"
ਵਿਧਾਨ ਸਭਾ ਚੋਣਾਂ ਦੀ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ, "ਮੈਨੂੰ ਦੱਸਿਆ ਗਿਆ ਹੈ ਕਿ ਚੋਣਾਂ ਫਰਵਰੀ ਦੀ ਬਜਾਏ ਨਵੰਬਰ ਵਿੱਚ ਹੋਣਗੀਆਂ। ਹੁਣ ਸਿਰਫ਼ ਚਾਰ ਮਹੀਨੇ ਬਾਕੀ ਹਨ। ਹੁਣ ਸਾਡਾ ਸਾਰਿਆਂ ਦਾ ਇੱਕ ਹੀ ਕੰਮ ਹੈ। ਅਸੀਂ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਹੈ। ਉਨ੍ਹਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ।"
'ਆਪ' ਮੁਖੀ ਨੇ ਨਗਰ ਨਿਗਮ ਚੋਣਾਂ ਵਿੱਚ ਇੰਨੀ ਸ਼ਾਨਦਾਰ ਜਿੱਤ ਦਿਵਾਉਣ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, "ਜਦੋਂ ਅਸੀਂ ਰੋਡ ਸ਼ੋਅ ਦੌਰਾਨ ਇੱਥੇ ਆ ਰਹੇ ਸੀ, ਮੈਂ ਲੋਕਾਂ ਦੇ ਚਿਹਰੇ ਦੇਖ ਰਿਹਾ ਸੀ। ਸਾਡੀ ਸਰਕਾਰ ਬਣੀ ਨੂੰ ਚਾਰ ਸਾਲ ਹੋ ਗਏ ਹਨ। ਜਦੋਂ ਪਿਛਲੀਆਂ ਸਰਕਾਰਾਂ ਸੱਤਾ ਵਿੱਚ ਹੁੰਦੀਆਂ ਸਨ ਤਾਂ ਲੋਕ ਉਨ੍ਹਾਂ ਨੂੰ ਭਜਾਉਣ ਲਈ ਹੱਥਾਂ ਵਿੱਚ ਜੁੱਤੀਆਂ ਲੈ ਕੇ ਖੜ੍ਹੇ ਹੁੰਦੇ ਸੀ। ਅਸੀਂ ਚਾਰ ਸਾਲ ਪੂਰੇ ਕਰ ਲਏ ਹਨ ਅਤੇ ਅੱਜ ਲੋਕਾਂ ਦੇ ਚਿਹਰਿਆਂ 'ਤੇ ਇੰਨੀ ਖੁਸ਼ੀ ਹੈ। ਇਹ ਦੇਖ ਕੇ ਮੈਨੂੰ ਸੱਚਮੁੱਚ ਬਹੁਤ ਤਸੱਲੀ ਹੋਈ।”
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਦੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਾਲ ਹੀ ਵਿੱਚ ਹੋਈਆਂ ਸਥਾਨਕ ਚੋਣਾਂ ਦੌਰਾਨ ਭਾਜਪਾ, ਅਕਾਲੀ ਅਤੇ ਕਾਂਗਰਸ ਮਿਲ ਕੇ ਲੜੇ ਸਨ। ਉਨ੍ਹਾਂ ਨੇ ਆਪਣੇ ਸਾਧਨ ਇਕੱਠੇ ਕੀਤੇ, ਆਪਣੀਆਂ ਰਣਨੀਤੀਆਂ ਤੈਅ ਕੀਤੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਅੰਦਰਖਾਤੇ ਇੱਕਜੁੱਟ ਹੋ ਕੇ ਪ੍ਰਚਾਰ ਚਲਾਇਆ। ਉਹ ਸਮੂਹਿਕ ਤੌਰ 'ਤੇ ਇੱਕ ਇਮਾਨਦਾਰ ਸਰਕਾਰ ਤੋਂ ਡਰੇ ਹੋਏ ਸਨ ਜੋ ਲੋਕਾਂ ਦੀ ਸੇਵਾ ਕਰ ਰਹੀ ਹੈ। ਇਨ੍ਹਾਂ ਪਾਰਟੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਜੇ ‘ਆਪ' ਨੇ ਲੋਕ ਸੇਵਾ ਦਾ ਆਪਣਾ ਸਫ਼ਰ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਉਨ੍ਹਾਂ ਦੀਆਂ ਭ੍ਰਿਸ਼ਟਾਚਾਰ ਦੀਆਂ ਦੁਕਾਨਾਂ ਪੱਕੇ ਤੌਰ 'ਤੇ ਬੰਦ ਹੋ ਜਾਣਗੀਆਂ।"
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਤੌਰ 'ਤੇ ਜਾਗਰੂਕ ਅਤੇ ਦੂਰਅੰਦੇਸ਼ੀ ਲੋਕਾਂ ਨੇ ਇਸ ਗਠਜੋੜ ਨੂੰ ਪਛਾਣ ਲਿਆ ਅਤੇ 'ਆਪ' ਦੇ ਹੱਕ ਵਿੱਚ ਫੈਸਲਾਕੁੰਨ ਫਤਵਾ ਦਿੱਤਾ। ਉਨ੍ਹਾਂ ਕਿਹਾ, "ਲੋਕਾਂ ਨੇ ਝਾੜੂ ਚੁੱਕਿਆ ਅਤੇ ਸਥਾਨਕ ਚੋਣਾਂ ਵਿੱਚ ਤਿੰਨਾਂ ਪਾਰਟੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ। ਇਹ ਫਤਵਾ ਇਮਾਨਦਾਰ ਰਾਜਨੀਤੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਪਾਰਟੀਆਂ ਨੂੰ ਨਕਾਰਦਾ ਹੈ, ਜੋ ਵਾਰ-ਵਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀਆਂ ਨਹੀਂ ਉਤਰ ਸਕੀਆਂ।"
ਪੰਜਾਬ ਦੇ ਲੋਕਾਂ ਦੇ ਅਟੁੱਟ ਵਿਸ਼ਵਾਸ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਖ਼ੁਸ਼ਹਾਲ, ਅਗਾਂਹਵਧੂ ਅਤੇ ਸਿਹਤਮੰਦ 'ਰੰਗਲਾ ਪੰਜਾਬ' ਸਿਰਜਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ, "ਮੈਂ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਦਾ ਰਹਾਂਗਾ। 'ਆਪ' ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਕੰਮ ਕਰ ਰਹੀ ਹੈ ਅਤੇ ਪੰਜਾਬ ਤੇ ਇਸ ਦੇ ਲੋਕਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।"