ਅਸਟਰੀਆ - ਸਿੱਖ ਏਡ ਅਸਟਰੀਆ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਆਸਾਂ ਦਾ ਕੇਂਦਰ ਬਣ ਚੁੱਕੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਪੰਜਾਬ ਵਿੱਚ ਇੱਕ ਨਵਾਂ ਸਿਆਸੀ ਬਦਲਾਅ ਆਉਣ ਵਾਲਾ ਹੈ। ਭਾਈ ਪੰਮਾ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਪੰਜਾਬ ਦੀ ਨੌਜਵਾਨੀ, ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਪੰਜਾਬ ਦੀ ਸਭ ਤੋਂ ਵੱਡੀ ਉਮੀਦ ਬਣ ਕੇ ਉਭਰ ਰਿਹਾ ਹੈ ਅਤੇ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀ ਇਸ ਮਿਸ਼ਨ ਨਾਲ ਲਗਾਤਾਰ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਨਗੀਆਂ। ਇਸ ਲਈ ਸਿੱਖ ਏਡ ਅਸਟਰੀਆ ਦੀ ਪੂਰੀ ਟੀਮ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪੰਜਾਬ ਆਵੇਗੀ ਅਤੇ ਮਿਸ਼ਨ 2027 ਨੂੰ ਕਾਮਯਾਬ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰੇਗੀ। ਭਾਈ ਹਰਪ੍ਰੀਤ ਸਿੰਘ ਪੰਮਾ ਨੇ ਕਿਹਾ, "ਅਸੀਂ ਪੰਜਾਬ ਦੇ ਲੋਕਾਂ ਵਿਚ ਜਾ ਕੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸੋਚ ਅਤੇ ਪੰਜਾਬ ਪੱਖੀ ਵਿਜ਼ਨ ਨੂੰ ਘਰ-ਘਰ ਤੱਕ ਪਹੁੰਚਾਵਾਂਗੇ। ਸਾਡਾ ਨਿਸ਼ਾਨਾ ਸਪੱਸ਼ਟ ਹੈ। ਅਸੀਂ ਮਿਸ਼ਨ 2027 ਦੀ ਜਿੱਤ ਲਈ ਪੂਰੀ ਮਿਹਨਤ ਕਰਾਂਗੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਕੇ ਹੀ ਵਾਪਸ ਜਾਵਾਂਗੇ।" ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਭਵਿੱਖ, ਨੌਜਵਾਨੀ ਦੀ ਤਰੱਕੀ ਅਤੇ ਸੂਬੇ ਦੇ ਸਵੈਮਾਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮਿਸ਼ਨ ਨਾਲ ਜੁੜਨ ਅਤੇ ਇੱਕ ਮਜ਼ਬੂਤ ਲੋਕ ਲਹਿਰ ਦਾ ਹਿੱਸਾ ਬਣਨ। ਭਾਈ ਪੰਮਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਦੇ ਲੋਕ 2027 ਵਿੱਚ ਰਵਾਇਤੀ ਸਿਆਸਤ ਨੂੰ ਨਕਾਰ ਕੇ ਇੱਕ ਨਵੇਂ ਵਿਕਲਪ ਨੂੰ ਚੁਣਨਗੇ ਅਤੇ ਪੰਜਾਬ ਵਿੱਚ ਲੋਕਾਂ ਦੀ ਸਰਕਾਰ ਸਥਾਪਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ।