ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਅਤੇ ਚੰਡੀਗੜ੍ਹ ਦੇ ਪਾਰਟੀ ਆਬਜ਼ਰਵਰ ਗੁਰਜੀਤ ਸਿੰਘ ਤਲਵੰਡੀ, ਗੁਰਪ੍ਰਤਾਪ ਸਿੰਘ ਰਿਆੜ, ਮਹਿੰਦਰ ਸਿੰਘ ਡਿਪੁਟੀ ਮੇਅਰ ਅਤੇ ਅਮਰਿੰਦਰ ਸਿੰਘ ਮੈਂਬਰ ਐੱਸਜੀਪੀਸੀ ਨੇ ਕਿਹਾ ਕਿ ਜਤਿੰਦਰ ਮਲਹੋਤਰਾ ਦੇ ਬਿਆਨ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਨਤਕ ਅਹੁਦੇ ’ਤੇ ਬੈਠੇ ਵਿਅਕਤੀ ਵੱਲੋਂ ਅਜਿਹੀ ਭਾਸ਼ਾ ਵਰਤਣਾ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਸਮਾਜ ਵਿੱਚ ਵੰਡ ਪਾਉਣ ਵਾਲੀ ਸੋਚ ਦਾ ਪ੍ਰਤੀਕ ਵੀ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਪਹਿਲਾਂ ਹੀ ਚੰਡੀਗੜ੍ਹ ਦੀਆਂ ਸਮੂਹ ਗੁਰਦੁਆਰਾ ਸਿੰਘ ਸਭਾ ਸੁਸਾਇਟੀਆਂ, ਪੰਜਾਬੀ ਹੱਕਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਅਤੇ ਸਿੱਖ ਸਮਾਜਿਕ, ਧਾਰਮਿਕ ਅਤੇ ਪੰਥਕ ਸੰਸਥਾਵਾਂ ਨੂੰ ਅਪੀਲ ਕਰ ਚੁੱਕੀ ਹੈ ਕਿ ਜਦੋਂ ਤੱਕ ਜਤਿੰਦਰ ਮਲਹੋਤਰਾ ਆਪਣੇ ਬਿਆਨ ਨੂੰ ਬਿਨਾਂ ਸ਼ਰਤ ਵਾਪਸ ਲੈ ਕੇ ਪੰਜਾਬੀ ਭਾਈਚਾਰੇ ਤੋਂ ਜਨਤਕ ਮੁਆਫ਼ੀ ਨਹੀਂ ਮੰਗਦਾ ਅਤੇ ਭਾਜਪਾ ਉਸ ਵਿਰੁੱਧ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਉਸ ਨਾਲ ਅਤੇ ਭਾਜਪਾ ਨਾਲ ਕਿਸੇ ਵੀ ਤਰ੍ਹਾਂ ਦਾ ਮੰਚ ਸਾਂਝਾ ਨਾ ਕੀਤਾ ਜਾਵੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਸਮਾਗਮ ਵਿੱਚ ਸੱਦਾ ਦਿੱਤਾ ਜਾਵੇ।
ਉਨ੍ਹਾਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਤੋਂ ਮੰਗ ਕੀਤੀ ਕਿ ਜਤਿੰਦਰ ਮਲਹੋਤਰਾ ਨੂੰ ਤੁਰੰਤ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਇਸ ਮਾਮਲੇ ਵਿੱਚ ਤੁਰੰਤ ਅਤੇ ਸਖ਼ਤ ਕਾਰਵਾਈ ਨਹੀਂ ਕਰਦੀ ਤਾਂ ਇਹ ਮੰਨਿਆ ਜਾਵੇਗਾ ਕਿ ਪਾਰਟੀ ਜਤਿੰਦਰ ਮਲਹੋਤਰਾ ਦੇ ਪੰਜਾਬ ਵਿਰੋਧੀ ਅਤੇ ਪੰਜਾਬੀ ਵਿਰੋਧੀ ਵਿਚਾਰਾਂ ਨਾਲ ਸਹਿਮਤ ਹੈ।
ਗੁਰਜੀਤ ਸਿੰਘ ਤਲਵੰਡੀ ਨੇ ਪੰਜਾਬ ਦੌਰੇ ’ਤੇ ਆ ਰਹੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਵੀ ਸਵਾਲ ਕਰਦਿਆਂ ਕਿਹਾ, “ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰਨ ਕਿ ਕੀ ਉਹ ਜਤਿੰਦਰ ਮਲਹੋਤਰਾ ਦੇ ਬਿਆਨ ਦਾ ਸਮਰਥਨ ਕਰਦੇ ਹਨ ਜਾਂ ਪੰਜਾਬੀਆਂ ਦੇ ਸਨਮਾਨ ਦੀ ਰੱਖਿਆ ਲਈ ਉਸ ਨੂੰ ਤੁਰੰਤ ਅਹੁਦੇ ਤੋਂ ਹਟਾਉਣਗੇ। ਜੇਕਰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਚੁੱਪ ਰਹਿੰਦੀ ਹੈ ਤਾਂ ਇਸ ਨੂੰ ਜਤਿੰਦਰ ਮਲਹੋਤਰਾ ਦੇ ਬਿਆਨ ’ਤੇ ਉਸ ਦੀ ਮੋਹਰ ਸਮਝਿਆ ਜਾਵੇਗਾ।”
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਦੁਹਰਾਇਆ ਕਿ ਪਾਰਟੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਨਮਾਨ ਦੀ ਰੱਖਿਆ ਲਈ ਹਰ ਲੋਕਤੰਤਰੀ ਅਤੇ ਸੰਵਿਧਾਨਕ ਲੜਾਈ ਲੜਦੀ ਰਹੇਗੀ ਅਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਮੁੱਦੇ ’ਤੇ ਇਕਜੁੱਟ ਹੋਣ ਦੀ ਅਪੀਲ ਕੀਤੀ।