ਨਵੀਂ ਦਿੱਲੀ- ਬੀਤੇ ਦਿਨੀਂ ਸ੍ਰੀ ਹੇਮਕੁੰਟ ਸਾਹਿਬ ਦੇ ਪਾਵਨ ਦਰਸ਼ਨ ਕਰਕੇ ਵਾਪਸ ਪਰਤ ਰਹੇ ਨਿਹੰਗ ਸਿੰਘ ਵੀਰਾਂ ਨਾਲ ਕਰਨਪ੍ਰਯਾਗ ਵਿਖੇ ਕੁਝ ਅਸਮਾਜਿਕ ਅਨਸਰਾਂ ਵੱਲੋਂ ਕਥਿਤ ਤੌਰ 'ਤੇ ਜਾਣਬੁੱਝ ਕੇ ਵਾਦ-ਵਿਵਾਦ ਖੜ੍ਹਾ ਕਰਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਤਾਂ ਦੀ ਗੰਭੀਰਤਾ ਅਤੇ ਸਵੈ-ਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਿਹੰਗ ਸਿੰਘ ਵੀਰਾਂ ਨੂੰ ਸ਼ਸਤਰ ਵਰਤਣ ਲਈ ਮਜਬੂਰ ਹੋਣਾ ਪਿਆ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਜ਼ਫ਼ਰਨਾਮੇ ਵਿੱਚ ਫਰਮਾਏ ਗਏ ਬਚਨ, "ਚੁ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ", ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਾਰੇ ਸ਼ਾਂਤੀਪੂਰਨ ਉਪਰਾਲੇ ਅਸਫਲ ਹੋ ਜਾਣ ਤਾਂ ਸਵੈ-ਰੱਖਿਆ ਲਈ ਸ਼ਸਤਰ ਚੁੱਕਣਾ ਧਰਮ ਅਨੁਸਾਰ ਜਾਇਜ਼ ਹੈ। ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਮਾਮਲਾ ਸੁਲਝਾਉਣ ਦਾ ਭਰੋਸਾ ਦੇਣ ਦੇ ਬਾਵਜੂਦ ਨਿਹੰਗ ਸਿੰਘ ਵੀਰਾਂ ਨਾਲ ਕਥਿਤ ਤੌਰ 'ਤੇ ਅਮਾਨਵੀ ਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਉੱਤੇ ਗੰਭੀਰ ਧਾਰਾਵਾਂ ਲਗਾ ਕੇ ਜੇਲ੍ਹ ਭੇਜ ਦਿੱਤਾ ਗਿਆ। ਸ਼੍ਰੋਮਣੀ ਰਾਗੀ ਸਭਾ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਦੀ ਅਗਵਾਈ ਹੇਠ ਭਾਈ ਸ਼ੁਭਦੀਪ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਸਤਨਾਮ ਸਿੰਘ ਕੋਹਾੜਕਾ, ਭਾਈ ਕਾਰਜ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਅਨੰਦਪੁਰੀ, ਭਾਈ ਪਲਵਿੰਦਰ ਸਿੰਘ, ਭਾਈ ਸਤਿੰਦਰਬੀਰ ਸਿੰਘ, ਭਾਈ ਨਵਨੀਤ ਸਿੰਘ, ਭਾਈ ਕੰਵਲਦੀਪ ਸਿੰਘ, ਭਾਈ ਬਿਕਰਮਜੀਤ ਸਿੰਘ ਅਤੇ ਭਾਈ ਕਰਨੈਲ ਸਿੰਘ ਸਮੇਤ ਸਮੂਹ ਰਾਗੀ ਸਾਹਿਬਾਨ ਨੇ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਉੱਤਰਾਖੰਡ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਕਸੂਰ ਨਿਹੰਗ ਸਿੰਘ ਵੀਰਾਂ ਨੂੰ ਤੁਰੰਤ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕੀਤਾ ਜਾਵੇ, ਉਨ੍ਹਾਂ ਦਾ ਯੋਗ ਇਲਾਜ ਕਰਵਾਇਆ ਜਾਵੇ ਅਤੇ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ, ਮਾਣ-ਸਨਮਾਨ ਅਤੇ ਧਾਰਮਿਕ ਆਜ਼ਾਦੀ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਵੀਡੀਓਜ਼ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਨਿਹੰਗ ਸਿੰਘ ਵੀਰਾਂ ਨੇ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੇ ਕਈ ਯਤਨ ਕੀਤੇ ਸਨ, ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਨੂੰ ਭੜਕਾਉਣ ਕਾਰਨ ਸਥਿਤੀ ਵਿਗੜੀ। ਇਸ ਲਈ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣੀ ਅਤੇ ਬੇਕਸੂਰਾਂ ਨੂੰ ਇਨਸਾਫ਼ ਦਿਵਾਉਣਾ ਸਮੇਂ ਦੀ ਮੁੱਖ ਲੋੜ ਹੈ। ਸ਼੍ਰੋਮਣੀ ਰਾਗੀ ਸਭਾ ਨੇ ਇਹ ਵੀ ਕਿਹਾ ਕਿ ਗ੍ਰਿਫ਼ਤਾਰ ਨਿਹੰਗ ਸਿੰਘ ਵੀਰਾਂ ਨੂੰ ਅਦਾਲਤ ਵਿੱਚ ਨੰਗੇ ਸਿਰ ਪੇਸ਼ ਕੀਤਾ ਜਾਣਾ ਸਿੱਖ ਧਾਰਮਿਕ ਮਰਿਆਦਾ, ਮਨੁੱਖੀ ਸਨਮਾਨ ਅਤੇ ਸੰਵਿਧਾਨਕ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸਭਾ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਬੇਹੱਦ ਗੰਭੀਰ ਮੰਨਦਿਆਂ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਕਾਨੂੰਨੀ ਘੇਰੇ ਵਿੱਚ ਲਿਆ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਅੰਤ ਵਿੱਚ ਉਨ੍ਹਾਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸਮੂਹ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਫੈਡਰੇਸ਼ਨਾਂ, ਦਲ ਪੰਥ ਅਤੇ ਪੰਥ ਦਰਦੀਆਂ ਨੂੰ ਇਸ ਮਾਮਲੇ ਵਿੱਚ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਬੇਕਸੂਰ ਨਿਹੰਗ ਸਿੰਘ ਵੀਰਾਂ ਨੂੰ ਇਨਸਾਫ਼ ਮਿਲ ਸਕੇ ਅਤੇ ਭਵਿੱਖ ਵਿੱਚ ਕਿਸੇ ਵੀ ਸਿੱਖ ਯਾਤਰੀ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਰਨ ਦੀ ਕਿਸੇ ਨੂੰ ਹਿੰਮਤ ਨਾ ਪਵੇ। ਉਨ੍ਹਾਂ ਕਿਹਾ ਕਿ ਜੇ ਅੱਜ ਇਸ ਅਨਿਆਂ ਦੇ ਵਿਰੁੱਧ ਸਾਂਝੀ ਆਵਾਜ਼ ਬੁਲੰਦ ਨਾ ਕੀਤੀ ਗਈ ਤਾਂ ਇਹ ਚੁੱਪੀ ਕੱਲ੍ਹ ਹੋਰ ਵੱਡੇ ਅਨਿਆਂ ਨੂੰ ਜਨਮ ਦੇ ਸਕਦੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।