ਸਰੀ-ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨ ਲਵਲੀ ਰੈਸਟੋਰੈਂਟ, ਸਰੀ ਵਿਖੇ ਨਾਟਕ ਜਗਤ ਦੇ ਚਮਕਦੇ ਸਿਤਾਰੇ, ਨੌਜਵਾਨ ਨਿਰਦੇਸ਼ਕ ਅਤੇ ਬੇਹੱਦ ਹੋਣਹਾਰ ਰੰਗਕਰਮੀ ਅਜ਼ਲ ਦੁਸਾਂਝ ਦੇ ਰੰਗਮੰਚੀ ਸਫ਼ਰ, ਉਸ ਦੀਆਂ ਬੇਮਿਸਾਲ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਨੂੰ ਸਮਰਪਿਤ ਇੱਕ ਵਿਸ਼ੇਸ਼ 'ਰੂਬਰੂ' ਸਮਾਗਮ ਕਰਵਾਇਆ ਗਿਆ। ਇਸ ਸਾਹਿਤਕ ਅਤੇ ਕਲਾਤਮਿਕ ਮਿਲਣੀ ਵਿੱਚ ਸਰੀ ਸ਼ਹਿਰ ਦੇ ਨਾਮਵਰ ਸਾਹਿਤਕਾਰ, ਸੂਝਵਾਨ ਰੰਗਕਰਮੀ, ਪ੍ਰਸਿੱਧ ਕਲਾਕਾਰ ਅਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਉਚੇਚੇ ਤੌਰ 'ਤੇ ਹਾਜ਼ਰ ਹੋਈਆਂ, ਜਿਸ ਨਾਲ ਹਾਲ ਦੀ ਫ਼ਿਜ਼ਾ ਕਲਾਤਮਿਕ ਰੰਗ ਵਿੱਚ ਰੰਗੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਅਜ਼ਲ, ਸੁਸ਼ੀਲ ਦੁਸਾਂਝ, ਪ੍ਰਸਿੱਧ ਵਿਦਵਾਨ ਡਾ. ਸਾਧੂ ਸਿੰਘ, ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ ਅਤੇ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਾਂਝੇ ਤੌਰ 'ਤੇ ਕੀਤੀ।
ਸਮਾਗਮ ਦੀ ਸ਼ੁਰੂਆਤ ਅਜ਼ਲ ਦੇ ਪਿਤਾ ਅਤੇ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ, ਪੱਤਰਕਾਰ ਅਤੇ ਸਮਾਜਿਕ ਕਾਰਕੁਨ ਸੁਸ਼ੀਲ ਦੁਸਾਂਝ ਦੇ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਅਜ਼ਲ ਦੇ ਬਚਪਨ, ਉਸ ਦੇ ਅੰਦਰ ਕਲਾ ਪ੍ਰਤੀ ਜਨਮੇ ਸੁਭਾਵਿਕ ਰੁਝਾਨ ਅਤੇ ਰੰਗਮੰਚ ਦੇ ਖੇਤਰ ਵਿੱਚ ਉਸ ਦੀ ਸ਼ੁਰੂਆਤੀ ਯਾਤਰਾ ਬਾਰੇ ਬਹੁਤ ਹੀ ਭਾਵਪੂਰਤ ਅਤੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ।
ਮੁੱਖ ਮਹਿਮਾਨ ਅਜ਼ਲ ਦੁਸਾਂਝ ਨੇ ਆਪਣੇ ਵਿਚਾਰ, ਕਲਾ ਪ੍ਰਤੀ ਆਪਣੀ ਨਿਵੇਕਲੀ ਪਹੁੰਚ ਅਤੇ ਰੰਗਮੰਚ ਦੇ ਹੁਨਰ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਸਭ ਦੇ ਸਾਹਮਣੇ ਰੱਖਿਆ। ਉਸ ਦੱਸਿਆ ਕਿ ਪੰਜਾਬੀ ਦੇ ਮਹਾਨ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ (ਭਾਅ ਜੀ) ਅਤੇ ਉਨ੍ਹਾਂ ਦੀ ਨਾਟਕੀ ਟੀਮ ਤੋਂ ਉਸ ਨੇ ਬਹੁਤ ਕੁਝ ਸਿੱਖਿਆ ਹੈ। ਉਸ ਨੇ ਭਾਅ ਜੀ ਦੀ ਇਸ ਅਮੀਰ ਵਿਰਾਸਤ ਨੂੰ ਵਿਸ਼ਵ ਪੱਧਰ ਤੱਕ ਦਰਸਾਉਣ ਦਾ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸ ਤਹਿਤ ਹੁਣ ਤੱਕ ਉਨ੍ਹਾਂ ਦੇ ਛੇ-ਸੱਤ ਨਾਟਕਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ ਅਤੇ ਇਹ ਕਾਰਜ ਨਿਰੰਤਰ ਜਾਰੀ ਹੈ। ਚਾਰ ਸਾਲਾਂ ਦੀ ਅਣਥੱਕ ਮਿਹਨਤ ਤੋਂ ਬਾਅਦ, ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਸ਼ਰਨ ਸਿੰਘ ਦੇ ਨਾਟਕ 'ਤੇ ਆਧਾਰਿਤ ’ਤਮਾਸ਼ਾ ਓ ਤਮਾਸ਼ਾ’ ਤਿਆਰ ਕੀਤਾ ਅਤੇ ਨਿਊ ਫਾਉਂਡਲੈਂਡ ਵਿੱਚ ਇਸ ਦੇ 12 ਸਫ਼ਲ ਪ੍ਰਦਰਸ਼ਨ ਕੀਤੇ, ਜੋ ਲੋਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ। ਅਗਲੇ ਪੜਾਅ ਵਿੱਚ ਇਸ ਨਾਟਕ ਨੂੰ ਮੌਂਟਰੀਅਲ ਅਤੇ ਵੈਨਕੂਵਰ ਵਿੱਚ ਖੇਡਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਆਪਣੇ ਤਜਰਬੇ ਸਾਂਝੇ ਕਰਦਿਆਂ ਅਜ਼ਲ ਨੇ ਦੱਸਿਆ ਕਿ ਥੀਏਟਰ ਦੇ ਖੇਤਰ ਵਿੱਚ ਉਸ ਨੇ ਹਰ ਛੋਟਾ ਵੱਡਾ ਕੰਮ ਕੀਤਾ ਹੈ ਅਤੇ ਬਤੌਰ ਪ੍ਰੋਫੈਸ਼ਨਲ ਡਾਇਰੈਕਟਰ ਇਹ ਸਾਰੇ ਕਾਰਜ ਕਰਨੇ ਬਹੁਤ ਜ਼ਰੂਰੀ ਵੀ ਹੁੰਦੇ ਹਨ। ਉਸ ਦੇ ਸਮਾਜਿਕ ਸਰੋਕਾਰਾਂ ਦੀ ਝਲਕ ਉਦੋਂ ਦੇਖਣ ਨੂੰ ਮਿਲੀ ਜਦੋਂ ਉਸ ਨੇ ਦੱਸਿਆ ਕਿ ਉਸ ਨੇ ਇੱਕ ਕੰਪਨੀ ਨਾਲ ਮਿਲ ਕੇ ਲਗਭਗ ਡੇਢ ਸਾਲ ਵੱਖ ਵੱਖ ਸਰੀਰਕ ਪੱਖਾਂ ਤੋਂ ਅਪਾਹਜ ਲੋਕਾਂ ਨੂੰ ਨਾਟਕ ਦੀ ਸਿਖਲਾਈ ਦੇਣ ਦਾ ਅਹਿਮ ਕਾਰਜ ਕੀਤਾ। ਅਜ਼ਲ ਅਨੁਸਾਰ ਥੀਏਟਰ ਦਾ ਅਸਲ ਮਕਸਦ ਸਾਰੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਨਾ ਹੈ, ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਅਪਾਹਜ ਲੋਕਾਂ ਨੂੰ ਵੀ ਰੰਗਮੰਚ ਦਾ ਅਟੁੱਟ ਹਿੱਸਾ ਬਣਾਇਆ ਜਾਵੇ।
ਆਪਣੀ ਪ੍ਰਤਿਭਾ ਸਦਕਾ ਉਹ 'ਨੈਸ਼ਨਲ ਸਕੂਲ ਆਫ਼ ਥੀਏਟਰ ਕੈਨੇਡਾ' ਲਈ ਚੁਣਿਆ ਗਿਆ ਅਤੇ ਦੋ ਸਾਲ ਮੌਂਟਰੀਅਲ ਵਿਖੇ ਗੁਜ਼ਾਰ ਕੇ ਵਿਸ਼ਵ-ਪੱਧਰੀ ਰੰਗਮੰਚ ਦੀਆਂ ਡੂੰਘੀਆਂ ਬਾਰੀਕੀਆਂ ਸਿੱਖੀਆਂ। ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਉਹ ਇੱਕੋ ਸਮੇਂ ਦੋ ਪੱਧਰਾਂ ’ਤੇ ਕੰਮ ਕਰਨਾ ਚਾਹੁੰਦਾ ਹੈ। ਇੱਕ ਪਾਸੇ ਕੌਮਾਂਤਰੀ ਪੱਧਰ ਦੇ ਵੱਡੇ ਰੰਗਮੰਚੀ ਪ੍ਰੋਜੈਕਟ ਹਨ, ਜਦਕਿ ਦੂਜੇ ਪਾਸੇ ਸਥਾਨਕ ਭਾਈਚਾਰੇ, ਲੋਕ-ਸੱਭਿਆਚਾਰ ਅਤੇ ਆਮ ਲੋਕਾਂ ਨੂੰ ਰੰਗਮੰਚ ਨਾਲ ਜੋੜਨ ਦਾ ਉਦੇਸ਼ ਹੈ। ਇਸ ਸੰਦਰਭ ਵਿੱਚ ਉਸ ਨੇ ਦੱਸਿਆ ਕਿ ਉਹ ਉੱਤਰੀ ਅਮਰੀਕਾ ਵਿੱਚ ਸਟਰੀਟ ਪਲੇਅ ਦੀ ਭਾਸ਼ਾ, ਸ਼ੈਲੀ ਅਤੇ ਪੇਸ਼ਕਾਰੀ ਨੂੰ ਨਵੇਂ ਸੰਦਰਭਾਂ ਅਨੁਸਾਰ ਮੁੜ ਪਰਿਭਾਸ਼ਿਤ ਕਰਨ ਦੇ ਤਜਰਬੇ ਉੱਤੇ ਵੀ ਕੰਮ ਕਰ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਬਦਲਦੇ ਸਮਾਜਿਕ ਅਤੇ ਸੱਭਿਆਚਾਰਕ ਪਰਿਪੇਖ ਵਿੱਚ ਸਟਰੀਟ ਥੀਏਟਰ ਨੂੰ ਨਵੇਂ ਰੂਪ, ਨਵੀਂ ਭਾਸ਼ਾ ਅਤੇ ਨਵੀਂ ਸੰਵੇਦਨਾ ਨਾਲ ਪੇਸ਼ ਕਰਨਾ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ ਉਹ ਮਰਹੂਮ ਰੰਗਕਰਮੀ ਸਫ਼ਦਰ ਹਾਸ਼ਮੀ ਦੇ ਜੀਵਨ ਅਤੇ ਸੰਘਰਸ਼ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਜੈਕਟ ’ਤੇ ਵੀ ਕੰਮ ਸ਼ੁਰੂ ਕਰਨ ਜਾ ਰਿਹਾ ਹੈ।
ਰੂਬਰੂ ਦੇ ਦੂਜੇ ਪੜਾਅ ਵਿੱਚ ਹਾਜ਼ਰੀਨ ਨੇ ਅਜ਼ਲ ਦੀ ਕਲਾ, ਨਿਰਦੇਸ਼ਨ ਅਤੇ ਰੰਗਮੰਚੀ ਤਕਨੀਕ ਨਾਲ ਸਬੰਧਿਤ ਕਈ ਦਿਲਚਸਪ ਸਵਾਲ ਪੁੱਛੇ। ਅਜ਼ਲ ਨੇ ਹਰ ਸਵਾਲ ਦਾ ਜਵਾਬ ਬਹੁਤ ਹੀ ਸੂਝ-ਬੂਝ, ਧੀਰਜ ਅਤੇ ਬੌਧਿਕ ਗਹਿਰਾਈ ਨਾਲ ਦਿੱਤਾ, ਜਿਸ ਨੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਉਸ ਦੇ ਵਿਚਾਰਾਂ ਦੀ ਡੂੰਘਾਈ ਅਤੇ ਕਲਾ ਪ੍ਰਤੀ ਸਮਰਪਣ ਨੇ ਹਾਜ਼ਰੀਨ ਉੱਤੇ ਡੂੰਘਾ ਪ੍ਰਭਾਵ ਛੱਡਿਆ।
ਮੌਕੇ 'ਤੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਡਾ. ਸਾਧੂ ਸਿੰਘ, ਜਰਨੈਲ ਸਿੰਘ ਸੇਖਾ, ਸੁਖਜੀਤ ਹੁੰਦਲ, ਭੁਪਿੰਦਰ ਮੱਲ੍ਹੀ, ਮੋਹਨ ਗਿੱਲ, ਕਵਿੰਦਰ ਚਾਂਦ, ਕਾਮਰੇਡ ਹਰਦੇਵ, ਪ੍ਰੀਤ ਮਨਪ੍ਰੀਤ, ਸ਼ਬਨਮ ਮੱਲ੍ਹੀ, ਅਜਮੇਰ ਰੋਡੇ ਅਤੇ ਅਸ਼ੋਕ ਭਾਰਗਵ ਨੇ ਅਜ਼ਲ ਦੇ ਹੁਨਰ, ਸਿਰਜਣਾਤਮਕ ਦ੍ਰਿਸ਼ਟੀ ਅਤੇ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਸ ਨੂੰ ਰੱਬੀ ਦਾਤ ਨਾਲ ਨਿਵਾਜਿਆ ਹੋਇਆ ਕਲਾਕਾਰ ਕਰਾਰ ਦਿੱਤਾ ਅਤੇ ਉਸ ਦੇ ਉੱਜਲ ਭਵਿੱਖ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਗ਼ਜ਼ਲ ਮੰਚ ਵੱਲੋਂ ਅਜ਼ਲ ਦੁਸਾਂਝ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦਾ ਸਫ਼ਲ ਮੰਚ ਸੰਚਾਲਨ ਜਾਣੇ ਪਛਾਣੇ ਲੇਖਕ ਹਰਦਮ ਮਾਨ ਨੇ ਬਾਖੂਬੀ ਨਿਭਾਇਆ।
ਸਮਾਗਮ ਦੇ ਅੰਤ ਵਿੱਚ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ ਨੇ ਅਜ਼ਲ ਦੁਸਾਂਝ ਦੀ ਕਲਾਤਮਿਕ ਪ੍ਰਤਿਭਾ, ਸੰਵੇਦਨਸ਼ੀਲ ਸੋਚ ਅਤੇ ਰੰਗਮੰਚ ਪ੍ਰਤੀ ਉਸ ਦੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਅਜ਼ਲ ਭਵਿੱਖ ਵਿੱਚ ਦੇਸ਼-ਵਿਦੇਸ਼ ਵਿੱਚ ਪੰਜਾਬੀਅਤ ਅਤੇ ਰੰਗਮੰਚ ਦਾ ਨਾਂ ਹੋਰ ਵੀ ਰੌਸ਼ਨ ਕਰੇਗਾ ਅਤੇ ਕੌਮਾਂਤਰੀ ਪੱਧਰ ’ਤੇ ਨਵੀਆਂ ਉਚਾਈਆਂ ਨੂੰ ਛੂਹੇਗਾ। ਇਸ ਮੌਕੇ ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਸਾਹਿਤਕਾਰਾਂ, ਰੰਗਕਰਮੀਆਂ, ਪੱਤਰਕਾਰਾਂ ਅਤੇ ਕਲਾ-ਪ੍ਰੇਮੀਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਹਾਜ਼ਰੀ ਨੇ ਇਸ ਸਾਹਿਤਕ ਅਤੇ ਕਲਾਤਮਿਕ ਮਿਲਣੀ ਨੂੰ ਯਾਦਗਾਰੀ ਬਣਾ ਦਿੱਤਾ।